ਮਾਨਸਾ(ਸੰਦੀਪ) : ਹਾਲ ਹੀ 'ਚ ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਣ 'ਤੇ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਵਲੋਂ ਲਾਏ ਦੋਸ਼ਾਂ ਤਹਿਤ ਮਾਨਸ਼ਾਹੀਆ ਨੇ ਭਗਵੰਤ ਮਾਨ ਨੂੰ 50 ਲੱਖ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।
ਜਾਣਕਾਰੀ ਅਨੁਸਾਰ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਨਾਜ਼ਰ ਸਿੰਘ ਮਾਨਸ਼ਾਹੀਆ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ 10 ਕਰੋੜ ਰੁਪਏ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨੀ ਹਾਸਲ ਕਰਨ ਲਈ ਕਾਂਗਰਸ 'ਚ ਸ਼ਾਮਲ ਹੋਏ ਹਨ, ਜਿਸ ਨੂੰ ਲੈ ਕੇ ਸੋਮਵਾਰ ਨੂੰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਜਵਾਬ ਦਿੰਦਿਆਂ ਇਸ ਦੋਸ਼ ਨੂੰ ਆਧਾਰਹੀਣ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਭਰ 'ਚ ਪਾਰਟੀ ਨੂੰ ਖੇਰੂੰ-ਖੇਰੂੰ ਕਰਨ ਵਾਲਾ ਭਗਵੰਤ ਮਾਨ ਅੱਜ ਮੇਰੇ 'ਤੇ ਇਲਜ਼ਾਮ ਲਾ ਰਿਹਾ ਹੈ ਕਿ ਮੈਂ ਪੈਸਿਆਂ ਅਤੇ ਅਹੁਦਿਆਂ ਖ਼ਾਤਰ ਵਿਕ ਗਿਆ ਹਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ਾਂ ਲਈ ਉਨ੍ਹਾਂ ਵਲੋਂ ਭਗਵੰਤ ਮਾਨ ਨੂੰ 50 ਲੱਖ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ, ਉਹ ਇਨ੍ਹਾਂ ਦੋਸ਼ਾਂ ਲਈ ਜਨਤਕ ਤੌਰ 'ਤੇ ਮੁਆਫੀ ਮੰਗੇ।
ਉਨ੍ਹਾਂ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੀ. ਐੱਮ. ਬਣਨ ਦਾ ਸੁਪਨਾ ਦੇਖੀ ਬੈਠੇ ਭਗਵੰਤ ਮਾਨ ਅਸਲ ਵਿਚ ਇਕ ਪਾਰਟੀ ਦੀ ਪ੍ਰਧਾਨਗੀ ਦੇ ਵੀ ਕਾਬਿਲ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੀ ਪਾਰਟੀ ਪਹਿਲਾਂ ਦੋ ਹਿੱਸਿਆਂ 'ਚ ਪਾਟ ਗਈ। ਭਗਵੰਤ ਮਾਨ ਵਲੋਂ ਲਾਏ ਦੋਸ਼ਾਂ ਦੇ ਸਬੰਧ 'ਚ ਮਾਨਸ਼ਾਹੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹ ਖੁਦ ਕੁਝ ਕਹਿਣ, ਉਨ੍ਹਾਂ ਦੀ ਹੀ ਪਾਰਟੀ ਦੇ ਤਿੰਨ ਵਿਧਾਇਕ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਅਤੇ ਅਮਰਜੀਤ ਸਿੰਘ ਸੰਦੋਹਾ ਬੀਤੇ ਦਿਨੀਂ ਇਸ ਖਬਰ ਦਾ ਖੰਡਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਵੀ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹੋ ਗਏ ਹਨ ਕਿ ਉਸ ਨੇ ਆਪਣੇ ਨਿੱਜੀ ਮੁਫ਼ਾਦਾਂ ਕਾਰਨ ਇਕ ਕ੍ਰਾਂਤੀ ਦਾ ਕਤਲ ਕੀਤਾ ਹੈ।
ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਪਾਸਿਓਂ ਆਈ 'ਖਾਲੀ ਕਿਸ਼ਤੀ' ਬਰਾਮਦ
NEXT STORY