ਮਾਨਸਾ, (ਸੰਦੀਪ)-ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਵਲੋਂ ਅਣਖ ਲਈ ਕੀਤੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਇਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 6 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਹੈ। ਦੋਸ਼ੀ ਪਾਏ ਗਏ ਵਿਅਕਤੀ ਦੇ ਦੋਸ਼ ਸਾਬਿਤ ਹੋਣ ਉਪਰੰਤ ਮਾਨਸਾ ਦੀ ਜ਼ਿਲਾ ਜੇਲ ’ਚ ਭੇਜ ਦਿੱਤਾ ਗਿਆ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮਾਨਸਾ ਜ਼ਿਲੇ ਵਿਚ ਫਾਂਸੀ ਦੀ ਇਕ ਸਾਲ ’ਚ ਇਹ ਦੂਸਰੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ ਸਰਦੂਲਗਡ਼੍ਹ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪਡ਼੍ਹਾਉਂਦਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ ਪਿੰਡ ਭੰਮੇ ਕਲਾਂ ਵਾਸੀ ਸਿਮਰਜੀਤ ਕੌਰ, ਜੋ ਕਿ ਸਰਕਾਰੀ ਅਧਿਆਪਕਾ ਸੀ, ਪੁੱਤਰੀ ਗਮਦੂਰ ਸਿੰਘ ਨਾਲ 29 ਸਤੰਬਰ 2014 ਨੂੰ ਹਾਈ ਕੋਰਟ ਚੰਡੀਗਡ਼੍ਹ ਵਿਖੇ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਲਡ਼ਕੀ ਦਾ ਪਰਿਵਾਰ ਨਾ–ਖੁਸ਼ ਸੀ। 16 ਅਪ੍ਰੈਲ 2015 ਦੀ ਸਵੇਰ ਗੁਰਪਿਆਰ ਸਿੰਘ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ’ਤੇ ਸਰਦੂਲਗਡ਼੍ਹ ਵਿਖੇ ਜਾ ਰਹੇ ਸਨ, ਕਿ ਰਸਤੇ ’ਚ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਫਿਰ ਉਕਤ ਪਤੀ–ਪਤਨੀ ’ਤੇ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕਾ ਦੇ ਪਤੀ ਗੁਰਪਿਆਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਝੁਨੀਰ ਪੁਲਸ ਨੇ 16 ਅਪ੍ਰੈਲ 2015 ਨੂੰ ਮ੍ਰਿਤਕਾ ਦੇ ਪਿਤਾ ਗਮਦੂਰ ਸਿੰਘ, ਭਰਾ ਸੁਖਵਿੰਦਰ ਸਿੰਘ, ਬੂਟਾ ਸਿੰਘ, ਜੱਗੀ ਸਿੰਘ, ਬੱਬੀ ਵਾਸੀਆਨ ਭੰਮੇਕਲਾਂ, ਗਗਨਦੀਪ ਸਿੰਘ ਵਾਸੀ ਰਤੀਆ ਅਤੇ ਮਾਮੇ ਦੇ ਪੁੱਤਰ ਮੱਖਣ ਸਿੰਘ ਵਾਸੀ ਫੱਤਾ ਮਾਲੋਕਾ ਦੇ ਖਿਲਾਫ਼ ਆਰਮਜ਼ ਐਕਟ ਦੇ ਤਹਿਤ ਮਾਮਲਾ ਨੰ. 19 ਦਰਜ ਕਰ ਕੇ ਸੁਣਵਾਈ ਦੇ ਲਈ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅੱਜ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਅਦਾਲਤ ਵਲੋਂ ਮ੍ਰਿਤਕਾ ਸਿਮਰਜੀਤ ਕੌਰ ਦੇ ਮਾਮੇ ਦੇ ਲਡ਼ਕੇ ਮੱਖਣ ਸਿੰਘ ਨੂੰ ਮੁੱਖ ਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ, ਜਦਕਿ ਮਾਮਲੇ ’ਚ ਨਾਮਜ਼ਦ ਬਾਕੀ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ।
ਖਹਿਰਾ ਨੂੰ ਕਾਂਗਰਸ ਵੱਲੋਂ ਟਿਕਟ ਦੀ ਆਫਰ !
NEXT STORY