ਮਾਨਸਾ(ਅਮਰਜੀਤ) : ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਭੂਚਾਲ ਵੀ ਅਜਿਹਾ ਕਿ ਜਿਸ ਨੇ ਕਾਂਗਰਸ ਦਾ ਰਾਜਾ ਅਤੇ ਰਾਜਾ ਵੜਿੰਗ ਵੀ ਹਿਲਾ ਕੇ ਰੱਖ ਦਿੱਤਾ। ਵਾਇਰਲ ਹੋ ਰਹੀ ਇਹ ਵੀਡੀਓ ਮਾਨਸਾ ਦੇ ਹਲਕਾ ਬੁਢਲਾਡਾ 'ਚ 'ਆਪ' ਵਲੰਟੀਅਰ ਰਹੇ ਟਿੰਕੂ ਪੰਜਾਬ ਦੇ ਘਰ ਦੀ ਹੈ, ਜਿੱਥੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਨੂੰ ਕਾਂਗਰਸ 'ਚ ਸ਼ਾਮਲ ਕਰਨ ਲਈ ਪਹੁੰਚੇ ਸਨ। ਪਾਰਟੀ 'ਚ ਸ਼ਾਮਲ ਹੋਣ ਤੋਂ ਇਕਦਮ ਬਾਅਦ ਟਿੰਕੂ ਨੇ ਰਾਜਾ ਵੜਿੰਗ 'ਤੇ 50 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ। ਟਿੰਕੂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਉਸ ਨੂੰ ਜ਼ਬਰਦਸਤੀ ਪੈਸੇ ਫੜਾ ਕੇ ਗਿਆ ਹੈ।
ਦੂਜੇ ਪਾਸੇ ਰਾਜਾ ਵੜਿੰਗ ਨੇ ਉਲਟਾ ਟਿੰਕੂ ਪੰਜਾਬ ਵਲੋਂ ਪੈਸੇ ਦਿੱਤੇ ਜਾਣ ਦੀ ਗੱਲ ਕਹੀ ਹੈ। ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਟਿੰਕੂ ਪਾਰਟੀ ਫੰਡ ਲਈ ਦੇ ਰਿਹਾ ਹੈ, ਜੋ ਨਹੀਂ ਰੱਖੇ ਪਰ ਵੀਡੀਓ ਵੇਖ ਕੇ ਉਸਨੂੰ ਅਸਲ ਕਹਾਣੀ ਸਮਝ ਆਈ। ਰਾਜਾ ਵੜਿੰਗ ਨੇ ਟਿੰਕੂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਹੈ। ਇਸ ਸਭ ਦੌਰਾਨ ਮੌਕੇ 'ਤੇ ਮੌਜੂਦ ਕਾਂਗਰਸੀ ਆਗੂ ਮੈਡਮ ਮਨੋਜ ਬਾਲਾ ਬਾਂਸਲ ਨੇ ਇਸ ਨੂੰ ਵਿਰੋਧੀਆ ਦੀ ਚਾਲ ਕਰਾਰ ਦਿੱਤਾ ਹੈ।
ਇਹ ਸਾਰਾ ਮਾਜਰਾ ਅਸਲ 'ਚ ਕੀ ਹੈ? ਤਸਵੀਰਾਂ ਕੁਝ ਵੀ ਸਾਫ ਤੌਰ 'ਤੇ ਦਿਖਾ ਨਹੀਂ ਰਹੀਆਂ ਪਰ ਗਵਾਹ ਕਿੰਨੇ ਸੱਚੇ ਅਤੇ ਕਿੰਨੇ ਝੂਠੇ ਨੇ ਇਹ ਵੀ ਕਿਹਾ ਨਹੀਂ ਜਾ ਸਕਦਾ। ਪਰ ਹਾਂ ਇਸ ਵੀਡੀਓ ਨੇ ਸਿਆਸੀ ਹਲਕੇ 'ਚ ਤਰਥੱਲੀ ਜ਼ਰੂਰ ਮਚਾ ਦਿੱਤੀ ਹੈ, ਜਿਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਇਸ ਦਾ ਨੋਟਿਸ ਲੈਂਦੇ ਹੋਏ ਪੜਤਾਲ ਕੀਤੀ ਜਾ ਰਹੀ ਹੈ।
ਪਟਿਆਲਾ: ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਦਿੱਤਾ ਧਰਨਾ
NEXT STORY