ਮੋਗਾ (ਆਜ਼ਾਦ) : ਪਿੰਡ ਲੰਗੇਆਣਾ ਨਵਾਂ ਨਿਵਾਸੀ ਬੇਅੰਤ ਸਿੰਘ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੁੱਝ ਵਿਅਕਤੀਆਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 36 ਲੱਖ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਦੇ ਬਾਅਦ ਦੋ ਔਰਤਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬੇਅੰਤ ਸਿੰਘ ਨਿਵਾਸੀ ਪਿੰਡ ਲੰਗੇਆਣਾ ਨਵਾਂ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ 'ਤੇ ਉਨ੍ਹਾਂ ਦੀ ਗੱਲਬਾਤ ਆਪਣੇ ਪਿੰਡ ਦੇ ਹੀ ਪਤੀ-ਪਤਨੀ ਨਾਲ ਹੋਈ। ਇਸ ਦੇ ਬਾਅਦ ਉਨ੍ਹਾਂ ਪਿੰਡ ਠੱਠੀ ਭਾਈ ਨਿਵਾਸੀ ਅਜਾਇਬ ਸਿੰਘ, ਉਸ ਦੀ ਪਤਨੀ ਬਲਵੰਤ ਕੌਰ ਅਤੇ ਬੇਟੇ ਸੁਖਜਿੰਦਰ ਸਿੰਘ ਨਾਲ ਅੱਗੇ ਜਾਣ-ਪਛਾਣ ਕਰਵਾ ਦਿੱਤੀ, ਜਿਨ੍ਹਾਂ ਨੇ ਅੱਗੇ ਉਨ੍ਹਾਂ ਦੀ ਮੁਲਾਕਾਤ ਕਰਮਜੀਤ ਕੌਰ ਉਰਫ ਕੰਮਾ ਨਿਵਾਸੀ ਪਿੰਡ ਸੁਖਾਨਾ (ਲੁਧਿਆਣਾ) ਅਤੇ ਨਰਿੰਦਰ ਕੌਰ ਨਾਲ ਹੋਈ। ਨਰਿੰਦਰ ਕੌਰ ਨੇ ਸਾਨੂੰ ਦੱਸਿਆ ਕਿ ਉਸ ਦੀ ਇਕ ਭਤੀਜੀ ਮਨਵੀਰ ਕੌਰ, ਜੋ ਕੈਨੇਡਾ 'ਚ ਪੱਕੇ ਤੌਰ 'ਤੇ ਰਹਿੰਦੀ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਹੈ, ਜਿਸ 'ਤੇ ਉਨ੍ਹਾਂ ਕਿਹਾ ਕਿ ਵਿਆਹ 'ਚ 40 ਲੱਖ ਰੁਪਏ ਖਰਚ ਆਉਣਗੇ ਅਤੇ ਉਹ ਬੇਅੰਤ ਸਿੰਘ ਨੂੰ ਆਪਣੀ ਭਤੀਜੀ ਮਨਵੀਰ ਕੌਰ ਨਾਲ ਵਿਆਹ ਕਰਵਾ ਕੇ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਣਗੇ, ਜਿਸ 'ਤੇ ਸਾਡੀ 35 ਲੱਖ ਰੁਪਏ ਵਿਚ ਗੱਲਬਾਤ ਤੈਅ ਹੋ ਗਈ ਅਤੇ 18 ਮਈ 2016 ਨੂੰ ਮੈਜਿਸਟਿਕ ਪੈਲੇਸ ਮੋਗਾ 'ਚ ਮਨਵੀਰ ਕੌਰ ਨਾਲ ਵਿਆਹ ਹੋ ਗਿਆ ਅਤੇ ਅਸੀਂ 10 ਲੱਖ ਰੁਪਏ ਉਨ੍ਹਾਂ ਨੂੰ ਫਿਰ ਦੇ ਦਿੱਤੇ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਮੇਰੀ ਪਤਨੀ ਨੂੰ ਦੋ ਲੱਖ ਰੁਪਏ ਦੇ ਗਹਿਣੇ ਵੀ ਦਿੱਤੇ। 9 ਜੂਨ, 2016 ਨੂੰ ਸਾਡੀ ਮੈਰਿਜ ਰਜਿਸਟਰਾਰ ਦਫਤਰ ਤੋਂ ਰਜਿਸਟਰਡ ਹੋ ਗਈ ਅਤੇ 10 ਲੱਖ ਰੁਪਏ ਉਨ੍ਹਾਂ ਨੇ ਫਿਰ ਲੈ ਲਏ। ਬੇਅੰਤ ਸਿੰਘ ਨੇ ਕਿਹਾ ਕਿ 25 ਜੂਨ, 2016 ਨੂੰ ਮੇਰੀ ਪਤਨੀ ਵਾਪਸ ਕੈਨੇਡਾ ਚਲੀ ਗਈ, ਜਿਸ 'ਤੇ ਕਰਮਜੀਤ ਕੌਰ ਕੰਮੋ ਨਿਵਾਸੀ ਸੁਖਾਨਾ ਅਤੇ ਨਰਿੰਦਰ ਕੌਰ, ਜੋ ਮੇਰੀ ਪਤਨੀ ਦੀ ਰਿਸ਼ਤੇਦਾਰ ਸੀ, 5 ਲੱਖ ਰੁਪਏ ਉਨ੍ਹਾਂ ਨੇ ਫਿਰ ਲੈ ਲਏ। ਇਸ ਤਰ੍ਹਾਂ ਹੌਲੀ-ਹੌਲੀ ਕਰ ਕੇ ਅਸੀਂ ਲਗਭਗ 36 ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ। ਸਾਨੂੰ ਕਰਮਜੀਤ ਕੌਰ ਕੰਮੋ ਅਤੇ ਮੇਰੀ ਪਤਨੀ ਨੇ ਵਿਸ਼ਵਾਸ ਦੁਆਇਆ ਸੀ ਕਿ ਉਹ ਜਲਦ ਹੀ ਉਸ ਨੂੰ ਕੈਨੇਡਾ ਬੁਲਾ ਲਵੇਗੀ ਪਰ ਉਸ ਨੇ ਮੈਨੂੰ ਕੈਨੇਡਾ ਨਹੀਂ ਬੁਲਾਇਆ। ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੀ ਪਤਨੀ ਕੈਨੇਡਾ ਤੋਂ ਵਾਪਸ ਆਈ ਤੇ ਸਾਢੇ ਚਾਰ ਮਹੀਨੇ ਰਹਿ ਕੇ ਵਾਪਸ ਕੈਨੇਡਾ ਚਲੀ ਗਈ ਪਰ ਉਸ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਅਤੇ ਦੂਸਰੀ ਵਾਰ ਵਿਦੇਸ਼ ਜਾਣ ਦੇ ਬਾਅਦ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ 'ਤੇ ਸਾਨੂੰ ਪਤਾ ਲੱਗਾ ਕਿ ਸਾਡੇ ਨਾਲ ਧੋਖਾ ਹੋਇਆ ਹੈ, ਜਿਸ 'ਤੇ ਅਸੀਂ ਪੁਲਸ ਨੂੰ ਸ਼ਿਕਾਇਤ ਪੱਤਰ ਦਿੱਤਾ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. (ਡੀ) ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਵੱਲੋਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਮਨਵੀਰ ਕੌਰ ਜੋਤੀ ਨਿਵਾਸੀ ਪਿੰਡ ਮੂਸਾਪੁਰ (ਨਵਾਂ ਸ਼ਹਿਰ) ਤੇ ਕਰਮਜੀਤ ਕੌਰ ਨਿਵਾਸੀ ਪਿੰਡ ਸੁਖਾਨਾ (ਲੁਧਿਆਣਾ) ਖਿਲਾਫ ਥਾਣਾ ਬਾਘਾਪੁਰਾਣਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਬਾਘਾਪੁਰਾਣਾ ਦੇ ਇੰਸਪੈਕਟਰ ਮੰਗਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਜਥੇਦਾਰ ਹਿੱਤ ਨੇ ਸੇਵਾ ਮੁਕੰਮਲ ਕਰਨ ਉਪਰੰਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ
NEXT STORY