ਅੰਮ੍ਰਿਤਸਰ - ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜਾਣ ਵਾਲਾ ਜਥਾ ਅੱਜ ਦੋਵਾਂ ਸਰਕਾਰਾਂ ਦਾ ਮੁਥਾਜ ਹੋ ਕੇ ਰਹਿ ਗਿਆ। ਪਾਕਿਸਤਾਨ ਅਤੇ ਭਾਰਤ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜ਼ਾ ਅੱਜ ਉਨ੍ਹਾਂ ਸ਼ਰਧਾਲੂਆਂ ਨੂੰ ਭੁਗਤਣਾ ਪਿਆ ਜੋ ਸਵੇਰ ਤੋਂ ਹੀ ਪਾਕਿਸਤਾਨ ਜਾਣ ਲਈ ਅਟਾਰੀ ਰੇਲਵੇ ਸਟੇਸ਼ਨ 'ਤੇ ਪੁੱਜ ਗਏ ਸਨ। ਉਧਰ ਪਾਕਿਸਤਾਨ ਵਾਲੇ ਪਾਸੇ ਵਾਹਗਾ ਬਾਰਡਰ 'ਤੇ ਵੀ ਔਕਾਫ ਬੋਰਡ ਵੱਲੋਂ ਸਵਾਗਤ ਲਈ ਕੀਤੇ ਗਏ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਪਾਕਿਸਤਾਨ ਨਾ ਜਾਣ ਵਾਲੇ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਵੱਲੋਂ ਦੋਵਾਂ ਸਰਕਾਰਾਂ ਨੂੰ ਲੰਬੇ ਹੱਥੀਂ ਲਿਆ ਜਾ ਰਿਹਾ ਹੈ। ਘਰਾਂ ਨੂੰ ਵਾਪਸ ਜਾ ਰਹੇ ਸ਼ਰਧਾਲੂਆਂ ਦਾ ਬਹੁਤ ਬੁਰਾ ਹਾਲ ਹੈ ਤੇ ਕਈ ਰੋਂਦੇ-ਕੁਰਲਾਉਂਦੇ ਵੀ ਵਿਖਾਈ ਦਿੱਤੇ। ਸਵੇਰੇ 7 ਵਜੇ ਦੇ ਕਰੀਬ ਹੀ ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ 'ਤੇ ਪੁੱਜ ਗਏ ਸਨ ਪਰ ਦੇਰ ਸ਼ਾਮ ਨੂੰ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਜਾਣ ਵਾਲਾ ਜਥਾ ਰੱਦ ਕਰ ਦਿੱਤਾ ਗਿਆ ਹੈ। ਇਹ ਜਥਾ ਹੁਣ 28 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਜਾਵੇਗਾ।
ਇਹ ਸੂਚਨਾ ਸੁਣਦਿਆਂ ਹੀ ਸ਼ਰਧਾਲੂਆਂ ਨੇ ਦੋਵਾਂ ਸਰਕਾਰਾਂ ਵਿਰੁੱਧ ਰੋਸ ਵੀ ਪ੍ਰਗਟਾਇਆ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ 16 ਜੂਨ ਨੂੰ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਮੈਂਬਰ ਗੋਪਾਲ ਸਿੰਘ ਚਾਵਲਾ ਨੇ ਪਹਿਲਾਂ ਹੀ ਸ਼ਰਧਾਲੂਆਂ ਨੂੰ ਪੁੱਜਣ ਦਾ ਸੱਦਾ ਦਿੱਤਾ ਹੋਇਆ ਸੀ ਅਤੇ ਇਸ ਲਈ ਪੰਜਾ ਸਾਹਿਬ ਹਸਨ ਅਬਦਾਲ, ਨਨਕਾਣਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਸੱਚਾ ਸੌਦਾ ਵਿਖੇ ਪੂਰੇ ਪ੍ਰਬੰਧ ਕੀਤੇ ਜਾਣ ਦੀ ਗੱਲ ਕਹੀ। ਪਾਕਿਸਤਾਨ ਸਰਕਾਰ ਵੱਲੋਂ ਵੀ ਸੁਰੱਖਿਆ ਪੱਖੋਂ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਪ੍ਰਬੰਧ ਕੀਤੇ ਗਏ ਸਨ।
ਔਕਾਫ ਬੋਰਡ ਦੇ ਐਡੀਸ਼ਨਲ ਸੈਕਟਰੀ ਇਮਰਾਨ ਗੌਂਦਲ ਤੇ ਸੈਕਟਰੀ ਫਿਰੋਜ਼ ਖਾਨ ਨੇ ਦੱਸਿਆ ਕਿ ਵਾਹਗਾ ਬਾਰਡਰ 'ਤੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਲਈ ਉਚੇਚੇ ਤੌਰ 'ਤੇ ਲੰਗਰ ਵੀ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਸ਼ਰਧਾਲੂਆਂ ਦੇ ਜਥੇ ਨੂੰ ਨਾ ਭੇਜ ਸਕਣ ਦਾ ਦੋਸ਼ ਭਾਰਤ ਸਰਕਾਰ ਦੇ ਸਿਰ ਮੜ੍ਹਿਆ ਹੈ, ਜਦੋਂ ਕਿ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਤੇ ਚੇਅਰਮੈਨ ਪ੍ਰੀਤਮ ਸਿੰਘ ਭਾਟੀਆ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ 7 ਜੂਨ ਨੂੰ ਰਾਤ ਦੇ 7 ਵਜੇ ਵੀਜ਼ੇ ਜਾਰੀ ਕੀਤੇ ਗਏ, ਜਿਸ ਨਾਲ ਦੂਰੋਂ-ਨੇੜਿਓਂ ਜਾਣ ਵਾਲੇ ਸ਼ਰਧਾਲੂ ਪੂਰੀ ਤਿਆਰੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਥੇ ਨੂੰ ਘੱਟੋ-ਘੱਟ 8 ਦਿਨ ਪਹਿਲਾਂ ਵੀਜ਼ੇ ਮਿਲ ਜਾਣੇ ਚਾਹੀਦੇ ਹਨ।
ਕਿਸੇ ਵੀ ਜਾਂਚ 'ਚੋਂ ਮੇਰੇ ਖਿਲਾਫ਼ ਕੁੱਝ ਨਹੀਂ ਨਿੱਕਲਣ ਵਾਲਾ : ਰਾਣਾ ਗੁਰਜੀਤ
NEXT STORY