ਲੁਧਿਆਣਾ (ਰਾਜ): ਗਿਆਸਪੁਰਾ ਇਲਾਕੇ ਵਿਚ ਸਥਿਤ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐੱਮ. ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਵਿਅਕਤੀ ਨਾਲ ਧੋਖਾਧੜੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਠੱਗਾਂ ਨੇ ਮਦਦ ਦਾ ਝਾਂਸਾ ਦੇ ਕੇ ਇਕ ਬਜ਼ੁਰਗ ਦੀ ਮਿਹਨਤ ਦੀ ਕਮਾਈ 'ਤੇ ਹੱਥ ਸਾਫ਼ ਕਰ ਦਿੱਤਾ। ਹਾਲਾਂਕਿ, ਪੀੜਤ ਦੀ ਜਾਗਰੂਕਤਾ ਤੇ ਬਹਾਦਰੀ ਸਦਕਾ ਇਕ ਮੁਲਜ਼ਮ ਮੌਕੇ ਤੋਂ ਹੀ ਕਾਬੂ ਆ ਗਿਆ ਤੇ ਉਸ ਨੂੰ ਬਾਅਦ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਪੂਰੀ ਵਾਰਦਾਤ ਦੀ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਮੁਲਜ਼ਮਾਂ ਦੀ ਚਾਲਾਕੀ ਸਾਫ਼ ਦੇਖੀ ਜਾ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ, ਸਕ੍ਰੈਪ ਦਾ ਕੰਮ ਕਰਨ ਵਾਲੇ ਰਾਮ ਬਰਨ ਵਰਮਾ ਦੇ ਘਰ ਵਿਚ ਹਾਲ ਹੀ ਵਿਚ ਖੁਸ਼ੀਆਂ ਨੇ ਦਸਤਕ ਦਿੱਤੀ ਸੀ। ਉਨ੍ਹਾਂ ਦੀ ਨੂੰਹ ਨੇ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਇਸੇ ਖੁਸ਼ੀ ਵਿਚ ਉਹ ਆਪਣੀ ਭੈਣ ਨੂੰ ਸ਼ਗਨ ਦੇ ਤੌਰ 'ਤੇ ਪੈਸੇ ਭੇਜਣ ਲਈ ਬੁੱਧਵਾਰ ਸਵੇਰੇ ਕਰੀਬ ਸਾਢੇ 11 ਵਜੇ ਬੈਂਕ ਪਹੁੰਚੇ ਸਨ। ਰਾਮ ਬਰਨ ਦੇ ਹੱਥ ਵਿਚ ਸੱਟ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਮਸ਼ੀਨ ਚਲਾਉਣ ਵਿਚ ਦਿੱਕਤ ਆ ਰਹੀ ਸੀ, ਜਿਸ ਦਾ ਫ਼ਾਇਦਾ ਉੱਥੇ ਪਹਿਲਾਂ ਤੋਂ ਮੌਜੂਦ ਦੋ ਸ਼ਾਤਰ ਨੌਜਵਾਨਾਂ ਨੇ ਚੁੱਕਿਆ। ਪੀੜਤ ਨੇ ਦੱਸਿਆ ਕਿ ਉਹ ਅਕਸਰ ਸਕਿਓਰਿਟੀ ਗਾਰਡ ਦੀ ਮਦਦ ਲੈਂਦੇ ਸਨ, ਲੇਕਿਨ ਉਸ ਵਕਤ ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਲਿਆ। ਮੁਲਜ਼ਮਾਂ ਨੇ ਮਸ਼ੀਨ ਵਿਚ ਕਾਰਡ ਪਾ ਕੇ ਪੈਸੇ ਅੰਦਰ-ਬਾਹਰ ਕਰਨ ਦਾ ਨਾਟਕ ਰਚਿਆ ਅਤੇ ਝਾਂਸਾ ਦੇ ਕੇ ਰਾਮ ਬਰਨ ਤੋਂ 20 ਹਜ਼ਾਰ ਰੁਪਏ ਲੈ ਲਏ। ਠੱਗਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਜੇ ਮਸ਼ੀਨ ਵਿਚੋਂ ਰਸੀਦ ਨਿਕਲੇਗੀ, ਤੁਸੀਂ ਇੱਥੇ ਹੀ ਰੁਕੋ। ਜਿਵੇਂ ਹੀ ਰਾਮ ਬਰਨ ਰਸੀਦ ਦਾ ਇੰਤਜ਼ਾਰ ਕਰਨ ਲੱਗੇ, ਦੋਵੇਂ ਮੁਲਜ਼ਮ ਪੈਸੇ ਜੇਬ ਵਿਚ ਪਾ ਕੇ ਬਾਹਰ ਵੱਲ ਦੌੜ ਪਏ।
ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਮੁਲਜ਼ਮਾਂ ਨੇ ਬਜ਼ੁਰਗ ਨੂੰ ਮਸ਼ੀਨ ਤੋਂ ਪਿੱਛੇ ਧੱਕਿਆ ਅਤੇ ਅੱਖ ਝਪਕਦੇ ਹੀ ਨਕਦੀ ਫੜ ਲਈ। ਜਿਵੇਂ ਹੀ ਮੁਲਜ਼ਮ ਭੱਜਣ ਲੱਗੇ, ਰਾਮ ਬਰਨ ਨੇ ਹਿੰਮਤ ਦਿਖਾਉਂਦੇ ਹੋਏ ਰੌਲ਼ਾ ਪਾ ਦਿੱਤਾ। ਰੌਲ਼ਾ ਸੁਣ ਕੇ ਉੱਥੇ ਮੌਜੂਦ ਲੋਕਾਂ ਨੇ ਇਕ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਲਿਆ, ਜਦਕਿ ਉਸ ਦਾ ਦੂਜਾ ਸਾਥੀ ਭੀੜ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੇ ਅਧੀਨ ਆਉਂਦੀ ਸ਼ੇਰਪੁਰ ਚੌਂਕੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਫੜੇ ਗਏ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਅਧਿਕਾਰੀਆਂ ਦੇ ਮੁਤਾਬਕ, ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਫਿਲਹਾਲ ਪੁਲਸ ਫ਼ਰਾਰ ਮੁਲਜ਼ਮ ਦੀ ਭਾਲ ਵਿਚ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਪੀੜਤ ਬਜ਼ੁਰਗ ਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਉਨ੍ਹਾਂ ਦੇ ਪੈਸੇ ਬਰਾਮਦ ਕਰਕੇ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ।
ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
NEXT STORY