ਚੰਡੀਗੜ੍ਹ (ਬਿਊਰੋ) - ਅੱਜ ਇਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਵਿਭਾਗ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ 4.7 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀਮਤੀ ਸੁਲਤਾਨਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਗਰਭਵਤੀ ਔਰਤਾਂ ਲਈ ਖਾਸ ਤੌਰ 'ਤੇ ਉਲੀਕੀ ਗਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋੜਵੰਦਾਂ ਨੂੰ ਵਿੱਤੀ ਇਮਦਾਦ ਸਹੀ ਸਮੇਂ 'ਤੇ ਮਿਲ ਸਕੇ। ਸਮਾਜਿਕ ਸੁਰੱਖਿਆ ਮੰਤਰੀ ਨੇ ਦੱਸਿਆ, ''ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤਰਨਤਾਰਨ ਜ਼ਿਲੇ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਦੇਸ਼ ਦੇ 10 ਜ਼ਿਲਿਆਂ ਵਿਚ ਜਗ੍ਹਾ ਮਿਲੀ ਹੈ। ਜਿਵੇਂ ਤਰਨਤਾਰਨ ਜ਼ਿਲੇ ਵਿਚ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕਰਕੇ ਲੜਕਾ-ਲੜਕੀ ਦੀ ਜਨਮ ਦਰ ਵਿਚ ਸੁਧਾਰ ਕੀਤਾ ਹੈ, ਉਹ ਪੂਰੇ ਸੂਬੇ ਦੇ ਲਈ ਮਿਸਾਲ ਹੈ। ਸੁਲਤਾਨਾ ਨੇ ਨਿਰਦੇਸ਼ ਦਿੱਤੇ ਕਿ ਯੂਨੀਕ ਡਿਸਏਬਿਲਟੀ ਆਈ. ਡੀ. ਕਾਰਡ ਪ੍ਰਾਜੈਕਟ' ਤਹਿਤ ਸੂਬੇ ਦੇ ਹਰ ਪਿੰਡ ਨੂੰ ਜਲਦੀ ਕਵਰ ਕਰਕੇ ਅਪਾਹਿਜ ਲੋੜਵੰਦਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਜਾ ਸਕਣ ਤੇ ਸਰਕਾਰ ਵਲੋਂ ਮਿਲਣ ਵਾਲੀਆਂ ਵਿੱਤੀ ਤੇ ਹੋਰ ਸਹਾਇਤਾ ਦਾ ਲਾਭਪਾਤਰੀ ਲਾਭ ਉਠਾ ਸਕਣ।
ਇਸੇ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਕੇ. ਬੀ. ਐੱਸ. ਸਿੱਧੂ ਨੇ ਦੱਸਿਆ ਕਿ ਆਂਗਣਵਾੜੀ ਸੇਵਾਵਾਂ ਸਕੀਮ ਪੰਜਾਬ ਰਾਜ ਵਿਚ 27,314 ਆਂਗਣਵਾੜੀ ਕੇਂਦਰਾਂ ਰਾਹੀਂ ਚਲਾਈ ਜਾ ਰਹੀ ਹੈ, ਜਿਨ੍ਹਾਂ ਵਿਚ ਰਾਸ਼ਨ ਮੁਹੱਈਆ ਕਰਾਉਣ ਸਬੰਧੀ 33 ਕਰੋੜ ਰੁਪਏ ਦੀ ਰਾਸ਼ੀ ਕਢਵਾਈ ਜਾ ਚੁੱਕੀ ਹੈ ਅਤੇ ਜਲਦੀ ਹੀ ਆਂਗਣਵਾੜੀ ਕੇਂਦਰਾਂ ਵਿਚ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਮੀਟਿੰਗ ਵਿਚ ਆਂਗਣਵਾੜੀ ਕੇਂਦਰਾਂ ਦੇ ਰਿਕਾਰਡ ਨੂੰ ਆਨਲਾਈਨ ਕਰਨਾ, ਅਪੰਗ ਵਿਅਕਤੀਆਂ ਲਈ ਵਜ਼ੀਫਾ, ਕਰੈੱਚ ਸਕੀਮ ਤੇ ਸਪਲੀਮੈਂਟਰੀ ਪੌਸ਼ਟਿਕ ਭੋਜਨ ਪ੍ਰੋਗਰਾਮ ਆਦਿ ਸਕੀਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ।
ਪ੍ਰੀਖਿਆ ਕੇਂਦਰ 'ਚ ਮਾਪਿਆਂ ਨੇ ਸ਼ਰੇਆਮ ਕਰਵਾਈ ਬੱਚਿਆਂ ਨੂੰ ਨਕਲ
NEXT STORY