ਚੰਡੀਗੜ੍ਹ (ਰਾਏ) : ਆਮ ਆਦਮੀ ਪਾਰਟੀ ਦੇ ਨਵੇਂ ਬਣੇ ਮੇਅਰ ਕੁਲਦੀਪ ਟੀਟਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਵਾਉਣਾ, ਸਫ਼ਾਈ ਪੱਖੋਂ ਸ਼ਹਿਰ ਦਾ ਖੁੱਸਿਆ ਨੰਬਰ ਇੱਕ ਦਾ ਦਰਜਾ ਬਹਾਲ ਕਰਨਾ ਅਤੇ ਡੱਡੂਮਾਜਰਾ ਦੇ ਸੜ ਰਹੇ ਡੰਪਿੰਗ ਗਰਾਊਂਡ ਨੂੰ ਸਾਫ਼ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ, ‘ਇੰਡੀਆ’ ਗਠਜੋੜ ਅਤੇ ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਹੈ। ਦੱਸ ਦੇਈਏ ਕਿ ਸ਼ਹਿਰ ਦੇ ਨਵੇਂ ਮੇਅਰ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਪਿਛਲੇ 15 ਸਾਲਾਂ ਤੋਂ ਡੱਡੂਮਾਜਰਾ ’ਚ ਟੈਂਟ ਦੀ ਦੁਕਾਨ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ’ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਭਗਵੰਤ ਮਾਨ ਸਰਕਾਰ ਚਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ, ਉਸੇ ਤਰ੍ਹਾਂ ਉਹ ਚੰਡੀਗੜ੍ਹ ਦੇ ਲੋਕਾਂ ਦੀ ਵੀ ਸੇਵਾ ਕਰਨਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਮੇਅਰ ਬਣਨ ਦੀਆਂ ਕਿੰਨੀਆਂ ਕੁ ਉਮੀਦਾਂ ਸਨ, ਉਨ੍ਹਾਂ ਕਿਹਾ ਕਿ ਦੁਨੀਆ ਉਮੀਦ ’ਤੇ ਨਿਰਭਰ ਹੈ, ਉਨ੍ਹਾਂ ਨੂੰ ਉਮੀਦ ਸੀ ਕਿ ਉਹ ਮੇਅਰ ਬਣ ਸਕਦੇ ਹਨ ਪਰ ਜਦੋਂ ‘ਆਪ’ ਨੇ ਕਾਂਗਰਸ ਨਾਲ ਮਿਲ ਕੇ ‘ਇੰਡੀਆ’ ਗਠਜੋੜ ਬਣਾਇਆ ਤੇ ਪਤਾ ਲੱਗਾ ਕਿ ਉਨ੍ਹਾਂ ਨੇ ਇਕੱਠੇ ਮੇਅਰ ਦੀ ਚੋਣ ਲੜਨੀ ਹੈ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਕੀਨ ਸੀ ਕਿ ਉਹ ਮੇਅਰ ਬਣ ਜਾਣਗੇ ਕਿਉਂਕਿ ਗਿਣਤੀ ਗਠਜੋੜ ਕੋਲ ਜ਼ਿਆਦਾ ਸੀ। ਇਸ ਵੇਲੇ ਨਿਗਮ ’ਚ ਵਿਰੋਧੀ ਧਿਰ ਬਹੁਮਤ ’ਚ ਹੈ, ਜੇ ਵਿਰੋਧੀ ਧਿਰ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਨਾਲ ਨਜਿੱਠਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਨਿਗਮ ’ਚ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਜੇ ਵਿਰੋਧੀ ਧਿਰ ਨੇ ਸ਼ਹਿਰ ਦੇ ਵਿਕਾਸ ਦੇ ਏਜੰਡੇ ’ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਤਰੀਕੇ ਨਾਲ ਇਸ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਰੁਕਾਵਟਾਂ ਪੈਦਾ ਕਰਨ ਵਾਲਿਆਂ ਨੂੰ ਜਨਤਾ ਵੀ ਦੇਖਦੀ ਹੈ, ਇਸੇ ਲਈ ਉਹ ਇਹ ਨਹੀਂ ਸੋਚਦੇ ਕਿ ਵਿਰੋਧੀ ਧਿਰ ਅਜਿਹਾ ਕੁਝ ਵੀ ਕਰੇਗੀ ਜਿਸ ਨਾਲ ਜਨਤਾ ਵਿਚ ਉਨ੍ਹਾਂ ਦਾ ਅਕਸ ਹੋਰ ਖ਼ਰਾਬ ਹੋਵੇ ਕਿਉਂਕਿ ਮੇਅਰ ਚੋਣਾਂ ’ਚ ਜੋ ਕੁਝ ਵੀ ਹੋਇਆ ਹੈ, ਉਹ ਪੂਰੇ ਦੇਸ਼ ’ਚ ਭਾਜਪਾ ਲਈ ਪਹਿਲਾਂ ਹੀ ਮੁਸੀਬਤ ਪੈਦਾ ਕਰ ਚੁੱਕਾ ਹੈ |
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ
ਛੱਡ ਕੇ ਜਾਣ ਵਾਲੇ ਕਰਨਗੇ ਘਰ ਵਾਪਸੀ
ਤਿੰਨ ਕੌਂਸਲਰਾਂ ਵਲੋਂ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ’ਤੇ ਅਸਰ ਪੈਣ ਸਬੰਧੀ ਪੁੱਛਣ ’ਤੇ ਮੇਅਰ ਨੇ ਕਿਹਾ ਕਿ ਭਾਜਪਾ ਵਲੋ ਉਨ੍ਹਾਂ ਨੂੰ ਲੁਭਾਇਆ ਗਿਆ ਹੈ ਪਰ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਤਿੰਨੇ ਕੌਂਸਲਰ ਘਰ ਪਰਤਣਗੇ। ਉਨ੍ਹਾਂ ਕਿਹਾ ਕਿ ਕੌਂਸਲਰ ਵੀ ਜਾਣਦੇ ਹਨ ਕਿ ਹੁਣ ਉੱਥੋਂ ਕੁਝ ਹਾਸਲ ਨਹੀਂ ਹੋਣ ਵਾਲਾ, ਇਸ ਲਈ ਉਹ ਯਕੀਨੀ ਤੌਰ ’ਤੇ ਘਰ ਵਾਪਸੀ ਕਰਨਗੇ ਅਤੇ ਇੱਕ ਵਾਰ ਫਿਰ ਪਾਰਟੀ ਬਹੁਮਤ ’ਚ ਹੋਵੇਗੀ।
ਇਹ ਵੀ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ
ਦੋਪਹੀਆ ਵਾਹਨਾਂ ਲਈ ਪਾਰਕਿੰਗ ਕਰਾਂਗੇ ਮੁਫ਼ਤ
ਸ਼ਹਿਰ ’ਚ ਦੋਪਹੀਆ ਵਾਹਨਾਂ ਲਈ ਪਾਰਕਿੰਗ ਮੁਫ਼ਤ ਕੀਤੇ ਜਾਣ ਦੇ ਸਵਾਲ ’ਤੇ ਮੇਅਰ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਦੋਪਹੀਆ ਵਾਹਨਾਂ ਲਈ ਪਾਰਕਿੰਗ ਮੁਫ਼ਤ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਸਦਨ ’ਚ ਲਿਆ ਕੇ ਇਸ ’ਤੇ ਚਰਚਾ ਕਰ ਕੇ ਇਸ ਨੂੰ ਮੁਫ਼ਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਉਮੀਦ ਹੈ ਕਿ ਇਸ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇਗਾ ਕੂੜੇ ਦਾ ਪਹਾੜ
ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ’ਚੋਂ ਕੂੜੇ ਦੇ ਢੇਰ ਨੂੰ ਹਟਾਉਣ ਸਬੰਧੀ ਮੇਅਰ ਨੇ ਕਿਹਾ ਕਿ ਉਹ ਖ਼ੁਦ ਡੱਡੂਮਾਜਰਾ ’ਚ ਰਹਿੰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕੂੜੇ ਦੇ ਇਸ ਪਹਾੜ ਨੂੰ ਹਟਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਪਹਾੜ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਵੀ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਦੱਸਿਆ ਕਿ ਲਗਭਗ ਸੱਤਰ ਫ਼ੀਸਦੀ ਕੂੜਾ ਖਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਜੋ ਰਹਿੰਦਾ ਉਸ ਨੂੰ ਆਪਣੇ ਕਾਰਜਕਾਲ ਦੌਰਾਨ ਖਤਮ ਕਰਵਾ ਦੇਣਗੇ।
ਇਹ ਵੀ ਪੜ੍ਹੋ : ਜਲੰਧਰ ’ਚ 23 ਫਰਵਰੀ ਨੂੰ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਗਲਤ ਸਾਈਡ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਕਾਰ ਦੇ ਉੱਡੇ ਪਰਖੱਚੇ
NEXT STORY