ਮੋਗਾ (ਗੋਪੀ ਰਾਊਕੇ) : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਗਾ-1 ਵਿਚ ਮਨਰੇਗਾ ਦੇ ਕਿਰਤੀ ਕਾਮਿਆਂ ਨਾਲ ਹੋਏ ਕਥਿਤ ਘਪਲੇ ਦੇ ਪੀੜਤਾਂ ਨੇ ਮੀਡੀਆ ਮੂਹਰੇ ਆਪਣੇ ਨਾਲ ਹੋਈ ਲੱਖਾਂ ਦੀ ਠੱਗੀ ਦੇ ਮਾਮਲੇ ’ਚ ਵੱਡੇ ਖੁਲਾਸੇ ਕਰਦੇ ਹੋਏ ਉਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੇ ਰਿਕਵਰੀ ਦੇ ਨਾਂ ’ਤੇ ਕਿਰਤੀਆਂ ਵੱਲੋਂ ਖੂਨ ਪਸੀਨੇ ਦੀ ਕੀਤੀ ਕਮਾਈ ’ਚੋਂ ਕਥਿਤ ਧੱਕੇਸ਼ਾਹੀ ਨਾਲ ਪੈਸੇ ਲਏ ਹਨ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਕਾਮਰੇਡ ਕੁਲਦੀਪ ਭੋਲਾ ਨੇ ਵੱਡੇ ਪੱਧਰ ’ਤੇ ਚੁੱਕਿਆ ਸੀ ਅਤੇ ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਲਈ ਪੜਤਾਲੀਆ ਕਮੇਟੀ ਬਣਾਈ ਗਈ ਸੀ। ਅੱਜ ‘ਜਗ ਬਾਣੀ’ ਨੇ ਜਿਉਂ ਹੀ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਤਾਂ ਇਸ ਮਗਰੋਂ ਵਿਭਾਗ ਦੇ ਅਧਿਕਾਰੀਆਂ ’ਚ ਇਕ ਤਰ੍ਹਾਂ ਨਾਲ ਹੜਕੰਪ ਮੱਚ ਗਿਆ ਹੈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਅੱਜ ਮਾਮਲਾ ਚਰਚਾ ਵਿਚ ਆਉਣ ਮਗਰੋਂ ਮਨਰੇਗਾ ਨਾਲ ਜੁੜੇ ਅਧਿਕਾਰੀ ਉਨ੍ਹਾਂ ਫਾਈਲਾਂ ਤੋਂ ਮਿੱਟੀ ਝਾੜ ਕੇ ਮੁੜ ਜਾਂਚ ਕਰਨ ਲੱਗੇ ਹਨ, ਜਿਨ੍ਹਾਂ ਵਿਚ ਪਿਛਲੇ 5 ਸਾਲਾਂ ਦੌਰਾਨ ਹੋਏ ਕੰਮਾਂ ਦਾ ‘ਲੇਖਾ-ਜੋਖਾ’ ਦਰਜ ਹੈ।
ਪਤਾ ਲੱਗਾ ਹੈ ਕਿ ਆਪਣੇ ਪੱਧਰ ’ਤੇ ਅਧਿਕਾਰੀਆਂ ਨੇ ਫਾਈਲਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਹੈ। ਮੋਗਾ ਦੇ ਪਿੰਡ ਝੰਡੇਆਣਾ, ਮਟਵਾਣੀ ਸਮੇਤ ਹੋਰਨਾਂ ਪਿੰਡਾਂ ਦੀਆਂ ਕਿਰਤੀ ਔਰਤਾਂ ਨੇ ‘ਜਗ ਬਾਣੀ’ ਦੀ ਟੀਮ ਕੋਲ ਮੰਨਿਆ ਕਿ ਇਕ ਮਹਿਲਾ ਅਧਿਕਾਰੀਆਂ ਦੇ ਕਥਿਤ ਕਹਿਣ ’ਤੇ ਹੀ ਉਨ੍ਹਾਂ ਮੇਰਟ ਨੂੰ ਪ੍ਰਤੀ ਕਾਮਾ 500-500 ਰੁਪਏ ਦਿੱਤੇ ਸਨ। ਆਡਿਟ ਰਿਕਵਰੀ ਤੋਂ ਅਣਭੋਲ ਕਾਮਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਪੈਸੇ ਕਿਉਂ ਤੇ ਕਿਸ ਲਈ ਮੰਗੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਦਿੱਤੇ ਹੁਕਮਾਂ ਤਹਿਤ ਉਨ੍ਹਾਂ ਨੇ ਪੈਸੇ ਦੇ ਦਿੱਤੇ ਗਏ। ਇਸੇ ਦੌਰਾਨ ਹੀ ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਜਦੋਂ ਜਾਂਚ ਕਰਵਾਈ ਹੈ ਤਾਂ ਮੁੜ ਜਾਂਚ ਦੀ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਜਿੰਨੀਆਂ ਮਰਜ਼ੀ ਜਾਂਚਾਂ ਹੋ ਜਾਣ ਪਰ ‘ਸੱਚ’ ਦਬਾਇਆ ਨਹੀਂ ਜਾ ਸਕੇਗਾ।
ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ : ਦੱਧਾਹੂਰ
ਇਕ ਵੱਖਰੇ ਬਿਆਨ ਰਾਹੀਂ ਕਿਸਾਨ ਆਗੂ ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਇਸ ਮਾਮਲੇ ਦੀ ਵਿਜੀਲੈਂਸ ਬਿਊਰੋ ਰਾਹੀਂ ਜਾਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਪੱਤਰ ਵਿਜੀਲੈਂਸ ਬਿਊਰੋ ਨੂੰ ਭੇਜਿਆ ਜਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਰਤੀਆਂ ਦੀ ਖੂਨ-ਪਸੀਨੇ ਦੀ ਕਮਾਈ ਵਿਚੋਂ ਅਧਿਕਾਰੀ ‘ਲੁੱਟ’ ਕਰਦੇ ਹਨ ਤਾਂ ਫਿਰ ਪਿਛਲੇ 5 ਸਾਲਾਂ ਦੌਰਾਨ ਮਨਰੇਗਾ ਤਹਿਤ ਕਰੋੜਾਂ ਰੁਪਏ ਦੇ ਹੋਏ ਕੰਮ ਕਿਸ ਤਰ੍ਹਾਂ ਪਾਰਦਰਸ਼ੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਬੂਤਾਂ ਸਮੇਤ ਮਾਮਲਾ ਲੋਕ ਕਚਹਿਰੀ ਵਿਚ ਪੇਸ਼ ਕੀਤਾ ਜਾਵੇਗਾ।
ਚਹੇਤੀਆਂ ਇੰਟਰਲਾਕ ਟਾਇਲਾਂ ਦੀਆਂ ਫੈਕਟਰੀਆਂ ਵਿਰੁੱਧ ਵੀ ਉੱਗਲ ਉੱਠੀਆਂ
ਇਸੇ ਦੌਰਾਨ ਹੀ ਮਨਰੇਗਾ ਤਹਿਤ ਹੋਏ ਕੰਮਾਂ ਦੇ ਮਾਮਲੇ ਦੇ ਨਾਲ-ਨਾਲ ਚਹੇਤੀਆਂ ਇੰਟਰਲਾਕ ਟਾਇਲਾਂ ਦੀਆਂ 2 ਫੈਕਟਰੀਆਂ ਤੋਂ ਜ਼ਿਆਦਾਤਰ ਆਈਆਂ ਟਾਇਲਾਂ ਦੇ ਮਾਮਲੇ ਦੀ ਜਾਂਚ ਲਈ ਵੀ ਉੱਗਲ ਉੱਠੀਆਂ ਹਨ। ਪਤਾ ਲੱਗਾ ਹੈ ਕਿ ਇਕ ਇੰਟਰਲਾਕ ਟਾਇਲਾਂ ਦੀ ਫੈਕਟਰੀ ਦਾ ਸਿੱਧਾ ਸਬੰਧ ਵੀ ਇਕ ਅਧਿਕਾਰੀ ਨਾਲ ਰਿਹਾ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ।
ਪਿੰਡ-ਪਿੰਡ ਮਨਰੇਗਾ ਕਾਮੇ ਮਾਮਲੇ ਦੇ ਕਰਨ ਲੱਗੇ ਖੁਲਾਸੇ
ਰਿਕਵਰੀ ਦੇ ਨਾਂ ’ਤੇ ਮਨਰੇਗਾ ਕਾਮਿਆਂ ਤੋਂ ਉਗਰਾਹੇ ਪੈਸਿਆਂ ਦੇ ਮਾਮਲੇ ’ਤੇ ਭਾਵੇਂ ਹੁਣ ਤੱਕ ਕਈ ਪਿੰਡਾਂ ਦੇ ਕਾਮੇ ਸਾਹਮਣੇ ਆਏ ਹਨ ਪਰ ਪਤਾ ਲੱਗਾ ਹੈ ਕਿ ਮਾਮਲਾ ਮੀਡੀਆ ’ਚ ਆਉਣ ਮਗਰੋਂ ਆਉਣ ਵਾਲੇ ਦਿਨਾਂ ’ਚ ਮਨਰੇਗਾ ਕਾਮਿਆਂ ਨੇ ਪਿੰਡ-ਪਿੰਡ ਇਸ ਮਾਮਲੇ ’ਤੇ ਇਕੱਠ ਕਰ ਕੇ ਨਵੇਂ ਖੁਲਾਸੇ ਕਰਨ ਦੀ ਤਿਆਰੀ ਕਰ ਲਈ ਹੈ।
ਫਰੀਦਕੋਟ ਜੇਲ੍ਹ ਦਾ ਕੈਦੀ ਇਲਾਜ ਦੌਰਾਨ ਹਸਪਤਾਲ ਤੋਂ ਹੋਇਆ ਫਰਾਰ, ਸੀ.ਸੀ.ਟੀ.ਵੀ 'ਚ ਕੈਦ ਹੋਈਆਂ ਤਸਵੀਰਾਂ
NEXT STORY