ਚੰਡੀਗੜ੍ਹ (ਬਿਊਰੋ) - 'ਮਿਸ ਯੂਨੀਵਰਸ 2021' ਦੀ ਜੇਤੂ ਹਰਨਾਜ਼ ਕੌਰ ਸੰਧੂ ਨੂੰ ਹੁਣ ਇਕ ਹੋਰ ਪ੍ਰੀਖਿਆ ਦਾ ਸਾਹਮਣਾ ਕਰਨਾ ਹੋਵੇਗਾ। ਹਰਨਾਜ਼ ਸ਼ਹਿਰ ਦੇ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਸ ਸੈਕਟਰ-42 ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਤੋਂ ਐੱਮ. ਏ. ਕਰ ਰਹੀ ਹੈ। 3 ਜਨਵਰੀ 2022 'ਚ ਸ਼ੁਰੂ ਹੋਣ ਵਾਲੇ ਪੇਪਰਾਂ 'ਚ ਹਰਨਾਜ਼ ਸੰਧੂ ਤੀਜੇ ਸੈਮੇਸਟਰ ਦੀ ਪ੍ਰੀਖਿਆ ਦੇਵੇਗੀ। ਇਸ ਤੋਂ ਬਾਅਦ ਜੂਨ-ਜੁਲਾਈ 2022 'ਚ ਅੰਤਿਮ ਸੈਮੇਸਟਰ ਦੇ ਪੇਪਰ ਹੋਣਗੇ। ਹਾਲਾਂਕਿ ਇਸ ਵਾਰ ਦੀ ਪ੍ਰੀਖਿਆ ਆਨਲਾਈਨ ਹੀ ਹੋਵੇਗੀ।
ਹਰਨਾਜ਼ ਸੰਧੂ ਤੀਜੇ ਸੈਮੇਸਟਰ ਦੀ ਪ੍ਰੀਖਿਆ 22 ਦਸੰਬਰ ਤੋਂ ਸ਼ੁਰੂ ਹੋਣੀ ਸੀ, ਜਿਸ 'ਚ ਸਭ ਤੋਂ ਪਹਿਲਾਂ ਪ੍ਰੈਕਟੀਕਲ ਹੋਣੇ ਸਨ ਪਰ ਪੰਜਾਬ ਯੂਨੀਵਰਸਿਟੀ ਟੀਚਿੰਗ ਐਸੋਸੀਏਸ਼ਨ ਅਤੇ ਪ੍ਰਾਈਵੇਟ ਕਾਲਜ ਟੀਚਿੰਗ ਐਸੋਸੀਏਸ਼ਨ ਦੀ ਹੜਤਾਲ ਕਾਰਨ ਪ੍ਰੈਕਟੀਕਲ ਰੱਦ ਹੋ ਚੁੱਕੇ ਹਨ।

ਭਾਰਤ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਹਰਨਾਜ਼ ਨੇ ਕਿਹਾ 'ਚੱਕ ਤੇ ਫੱਟੇ'
ਦੱਸ ਦਈਏ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਰਾਤ ਵਿਦੇਸ਼ ਤੋਂ ਮੁੰਬਈ ਪਹੁੰਚੀ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਦੇ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਇਸ ਦੌਰਾਨ ਹਰਨਾਜ਼ ਸੰਧੂ ਦਾ ਪਰਿਵਾਰ ਵੀ ਮੁੰਬਈ ਏਅਰਪੋਰਟ ਪਹੁੰਚਿਆ ਸੀ। ਭਾਰਤ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਹਰਨਾਜ਼ ਸੰਧੂ ਨੇ ਕਿਹਾ 'ਚੱਕ ਤੇ ਫੱਟੇ'। ਤਿਰੰਗਾ ਫੜ੍ਹੀ ਹਰਨਾਜ਼ ਨੇ ਸਾਰਿਆਂ ਦਾ ਹੱਥ ਜੋੜ ਕੇ ਪਿਆਰ ਕਬੂਲਿਆ।

79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਜਿੱਤਿਆ 'ਮਿਸ ਯੂਨੀਵਰਸ' ਦਾ ਖਿਤਾਬ
ਦੱਸ ਦੇਈਏ ਕਿ 13 ਦਸੰਬਰ ਨੂੰ ਇਜ਼ਰਾਈਲ ਦੇ ਇਲਾਟ 'ਚ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ, ਜਿੱਥੇ 21 ਸਾਲਾ ਦੀ ਪੰਜਾਬੀ ਕੁੜੀ ਹਰਨਾਜ਼ ਕੌਰ ਸੰਧੂ ਨੇ ਇਹ ਖਿਤਾਬ ਆਪਣੇ ਨਾਂ ਕਰਨ 'ਚ ਕਾਮਯਾਬ ਰਹੀ ਹੈ। ਪੰਜਾਬ ਦੀ ਹਰਨਾਜ਼ ਸੰਧੂ ਨੇ ਸੋਮਵਾਰ ਨੂੰ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ।

ਹਰਨਾਜ਼ ਤੋਂ ਪਹਿਲਾਂ ਇਨ੍ਹਾਂ ਦੋ ਸੁੰਦਰੀਆਂ ਨੇ ਜਿੱਤਿਆ 'ਮਿਸ ਯੂਨੀਵਰਸ' ਦਾ ਖਿਤਾਬ
ਦੱਸ ਦੇਈਏ ਕਿ 21 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਨੂੰ ਇਹ ਖਿਤਾਬ ਮਿਲਿਆ ਹੈ। ਹਰਨਾਜ਼ ਕੌਰ ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ 1994 'ਚ ਅਤੇ ਲਾਰਾ ਦੱਤਾ ਨੂੰ 2000 'ਚ ਤਾਜ ਪਹਿਨਾਇਆ ਗਿਆ ਸੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਸੀ।

ਇਸ ਤੋਂ ਪਹਿਲਾਂ ਵੀ ਜਿੱਤ ਚੁੱਕੀ ਹੈ ਕਈ ਖਿਤਾਬ
ਹਰਨਾਜ਼ ਦੀ ਗੱਲ ਕਰੀਏ ਤਾਂ ਮਾਡਲ-ਅਦਾਕਾਰਾ ਨੂੰ ਅਕਤੂਬਰ 'ਚ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ ਪਹਿਨਾਇਆ ਗਿਆ ਸੀ। ਹਰਨਾਜ਼ ਨੇ ਸਾਲ 2017 'ਚ ਟਾਈਮਜ਼ ਫਰੈਸ਼ ਫੇਸ ਬੈਕ ਨਾਲ ਆਪਣੀ ਸੁੰਦਰਤਾ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ। 21 ਸਾਲਾ ਦੀਵਾ ਇਸ ਸਮੇਂ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਮਾਸਟਰਜ਼ ਕਰ ਰਹੀ ਹੈ। ਉਸ ਨੇ ਫੈਮਿਨਾ ਮਿਸ ਇੰਡੀਆ ਪੰਜਾਬ 2019 ਵਰਗੇ ਕਈ ਪ੍ਰਤੀਯੋਗੀ ਖਿਤਾਬ ਵੀ ਜਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।

ਟੌਪ 3 'ਚ ਰਹੀਆਂ ਇਹ ਹਸੀਨਾਵਾਂ
1. ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ 'ਤੇ
2. ਮਿਸ ਪਰਾਗਵੇ ਦੂਜੇ ਸਥਾਨ 'ਤੇ ਰਹੀ
3. ਮਿਸ ਸਾਊਥ ਅਫਰੀਕਾ ਤੀਜੇ ਸਥਾਨ 'ਤੇ ਰਹੀ।

ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਹਰਨਾਜ਼ ਸੰਧੂ
ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਸ ਸਾਲ ਇਜ਼ਰਾਈਲ 'ਚ ਹੋਇਆ ਸੀ। ਇਸ ਮੁਕਾਬਲੇ ਦੇ ਮੁੱਢਲੇ ਪੜਾਅ 'ਚ 75 ਤੋਂ ਵੱਧ ਸੁੰਦਰ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਸਭ ਨੂੰ ਹਰਾ ਕੇ ਹਰਨਾਜ਼ ਸੰਧੂ ਨੇ 'ਮਿਸ ਯੂਨੀਵਰਸ' ਦਾ ਤਾਜ ਆਪਣੇ ਨਾਂ ਕੀਤਾ। ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦਾ ਜਨਮ ਇਕ ਸਿੱਖ ਪਰਿਵਾਰ 'ਚ ਹੋਇਆ ਸੀ। ਹਰਨਾਜ਼ ਫਿਟਨੈੱਸ ਅਤੇ ਯੋਗਾ ਪ੍ਰੇਮੀ ਹੈ। ਸਾਲ 2017 'ਚ ਉਹ 'ਟਾਈਮਜ਼ ਫਰੈੱਸ਼ ਫੇਸ ਮਿਸ ਚੰਡੀਗੜ੍ਹ' ਬਣੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਹੁਣ ਆਪਣੇ ਕਰੀਅਰ 'ਚ ਕਈ ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ 'ਚ 2018 'ਚ 'ਮਿਸ ਮੈਕਸ ਐਮਰਜਿੰਗ ਸਟਾਰ', ਸਾਲ 2019 'ਚ 'ਫੈਮਿਨਾ ਮਿਸ ਇੰਡੀਆ ਪੰਜਾਬ' ਅਤੇ ਸਾਲ 2021 'ਚ 'ਮਿਸ ਯੂਨੀਵਰਸ ਇੰਡੀਆ' ਦਾ ਖਿਤਾਬ ਸ਼ਾਮਲ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਪੁਲਸ ਨਾਕੇ ਨੇੜੇ ਗੰਨ ਪੁਆਇੰਟ ’ਤੇ ਕਰਿਆਨਾ ਸਟੋਰ ਮਾਲਕ ਤੋਂ 88,000 ਲੁੱਟੇ
NEXT STORY