ਬਠਿੰਡਾ (ਵਿਜੇ ਵਰਮਾ): ਬਠਿੰਡਾ ਦੇ ਬਾਬਾ ਫਰੀਦ ਨਗਰ ਤੋਂ 20 ਅਗਸਤ ਨੂੰ ਸ਼ੱਕੀ ਹਾਲਾਤ ’ਚ ਲਾਪਤਾ ਹੋਏ ਵਿਸ਼ਵਨਾਥ ਦੀ ਲਾਸ਼ ਸੋਮਵਾਰ ਨੂੰ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ’ਚੋਂ ਬਰਾਮਦ ਹੋਣ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਸੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਵਿਸ਼ਵਨਾਥ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ। ਸਮਾਜਸੇਵੀ ਸੋਨੂੰ ਮਹੇਸ਼ਵਰੀ ਮੁਤਾਬਕ ਮ੍ਰਿਤਕ ਦੇ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ, ਜਿਸ ਕਾਰਨ ਪਹਿਲੀ ਨਜ਼ਰ ’ਚ ਮਾਮਲਾ ਕਤਲ ਦਾ ਜਾਪਦਾ ਹੈ।
ਸੂਚਨਾ ਮਿਲਣ ’ਤੇ ਤਲਵੰਡੀ ਸਾਬੋ ਪੁਲਸ ਮੌਕੇ ’ਤੇ ਪਹੁੰਚੀ। ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਅਤੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦੀ ਮਦਦ ਨਾਲ ਲਾਸ਼ ਨੂੰ ਡਰੇਨ ’ਚੋਂ ਬਾਹਰ ਕੱਢਿਆ ਗਿਆ। ਮ੍ਰਿਤਕ ਦੇ ਪੁੱਤਰ ਸਕਸ਼ਮ ਨੇ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਦਾ ਦੋਸ਼ ਹੈ ਕਿ ਉਸ ਦੇ ਪਿਤਾ ਨੂੰ 20 ਅਗਸਤ ਨੂੰ ਘਰੋਂ ਅਗਵਾ ਕੀਤਾ ਗਿਆ ਸੀ ਅਤੇ ਪਰਿਵਾਰ ਕੋਲ ਕਥਿਤ ਅਗਵਾ ਨਾਲ ਸਬੰਧਤ ਸਬੂਤ ਵੀ ਮੌਜੂਦ ਸਨ। ਇੰਨਾ ਹੀ ਨਹੀਂ, ਪੁਲਿਸ ਨੂੰ ਕਥਿਤ ਸ਼ੱਕੀ ਵਿਅਕਤੀਆਂ ਦੇ ਨਾਂ ਵੀ ਦੱਸੇ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਭਾਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ।
ਸਕਸ਼ਮ ਨੇ ਦੋਸ਼ ਲਾਇਆ ਕਿ ਮਾਮਲੇ ’ਚ ਇਕ ਵੱਡੀ ਟਰਾਂਸਪੋਰਟ ਕੰਪਨੀ ਦੀ ਭੂਮਿਕਾ ਵੀ ਸ਼ੱਕੀ ਹੈ, ਜਿੱਥੇ ਉਸ ਦੇ ਪਿਤਾ ਮੈਨੇਜਰ ਵਜੋਂ ਕੰਮ ਕਰ ਚੁੱਕੇ ਸਨ। ਉਸ ਦਾ ਕਹਿਣਾ ਹੈ ਕਿ ਜੇ ਪੁਲਸ ਨੇ ਸਮੇਂ ਸਿਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਉਸ ਦੇ ਪਿਤਾ ਦੀ ਜਾਨ ਬਚ ਸਕਦੀ ਸੀ। ਐੱਸ.ਪੀ. (ਐੱਚ.) ਬਠਿੰਡਾ ਮਨੋਜ ਗੋਰਸੀ ਨੇ ਦੱਸਿਆ ਕਿ 20 ਅਗਸਤ ਨੂੰ ਥਾਣਾ ਸਦਰ ਬਠਿੰਡਾ ’ਚ ਬਾਬਾ ਫਰੀਦ ਨਗਰ ਵਾਸੀ ਵਿਸ਼ਵਨਾਥ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਉਸ ਦੀ ਲਾਸ਼ ਜੀਵਨ ਸਿੰਘ ਵਾਲਾ ਡਰੇਨ ’ਚੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਦਰਜ ਮਾਮਲੇ ’ਚ ਸਬੰਧਤ ਧਾਰਾਵਾਂ ਦਾ ਵਾਧਾ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉੱਧਰ, ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਥਾਣਾ ਸਦਰ ਦੇ ਇੰਚਾਰਜ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇ ਸ਼ੁਰੂਆਤੀ ਪੱਧਰ ’ਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਵਿਸ਼ਵਨਾਥ ਦੀ ਲਾਸ਼ ਬਰਾਮਦ ਕਰਨ ਦੀ ਨੌਬਤ ਨਾ ਆਉਂਦੀ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਸ਼ਵਨਾਥ ਨੂੰ ਘਰੋਂ ਕੌਣ ਅਤੇ ਕਿਉਂ ਲੈ ਗਿਆ, ਉਸ ਦੇ ਪੈਰ ਕਿਸ ਨੇ ਬੰਨ੍ਹੇ ਅਤੇ ਲਾਸ਼ ਨੂੰ ਡਰੇਨ ’ਚ ਕਿਸ ਨੇ ਸੁੱਟਿਆ? ਪੁਲਸ ਜਾਂਚ ’ਚ ਇਨ੍ਹਾਂ ਸਵਾਲਾਂ ਦੇ ਜਵਾਬ ਸਾਹਮਣੇ ਆਉਣੇ ਬਾਕੀ ਹਨ।
ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਅਦਾਲਤ 'ਚ ਪੇਸ਼ ਹੋਈ ਕੰਗਨਾ ਰਣੌਤ
NEXT STORY