ਮੋਗਾ (ਗੋਪੀ ਰਾਊਕੇ) - ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਕਿਸਾਨਾਂ ਤੱਕ ਮਿਆਰੀ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਪਹੁੰਚ ਅਤੇ ਕਿਸਾਨਾਂ ਨੂੰ ਖੇਤੀ ਵਸਤਾਂ ਦੀ ਖਰੀਦਦਾਰੀ ਕਰਨ ’ਤੇ ਡੀਲਰ/ਦੁਕਾਨਦਾਰ ਵੱਲੋਂ ਪੱਕਾ ਬਿੱਲ ਯਕੀਨੀ ਬਣਾਉਣ ਦੇ ਮੰਤਵ ਨਾਲ ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲੇ ਦੇ ਪੈਸਟੀਸਾਈਡਜ਼ ਤੇ ਖਾਦ ਵਿਕਰੇਤਾ ਦੇ ਡੀਲਰਾਂ ਨਾਲ ਜ਼ਿਲਾ ਖੇਤੀਬਾਡ਼ੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰੇਕ ਡੀਲਰ ਵੱਲੋਂ ਕਿਸਾਨਾਂ ਨੂੰ ਮਿਆਰੀ ਅਤੇ ਸਿਫ਼ਾਰਸਸ਼ੁਦਾ ਖੇਤੀ ਸਮੱਗਰੀ ਮੁਹੱਈਆ ਕਰਵਾਈ ਜਾਵੇ ਤੇ ਖਰੀਦਦਾਰੀ ਕਰਨ ਸਮੇਂ ਹਰ ਖੇਤੀ ਜਿਣਸ ਦਾ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਵਧੀਆ ਖੇਤੀ ਸਮੱਗਰੀ ਦੀ ਵਰਤੋਂ ਵਾਤਾਵਰਣ ਦੀ ਸੰਭਾਲ ’ਚ ਸਹਾਈ ਹੋ ਸਕੇ। ਬਿਨਾਂ ਬਿੱਲ ਤੋਂ ਵੇਚੀ ਗਈ ਕੋਈ ਵੀ ਖੇਤੀ ਜਿਣਸ ਜਿੱਥੇ ਗੈਰ-ਕਾਨੂੰਨੀ ਹੈ, ਉਥੇ ਹੀ ਉਸ ਦੀ ਗੁਣਵੱਤਾ ਵੀ ਸ਼ੱਕ ਦੇ ਘੇਰੇ ’ਚ ਰਹਿੰਦੀ ਹੈ, ਜਿਸ ਕਾਰਨ ਫ਼ਸਲ ਦੇ ਨੁਕਸਾਨ ਦੇ ਨਾਲ-ਨਾਲ ਜ਼ਿਮੀਂਦਾਰ ਨੂੰ ਵੀ ਬੇਲੋਡ਼ਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਖਰੀਦਦਾਰੀ ਸਮੇਂ ਪੱਕਾ ਬਿੱਲ ਜ਼ਰੂਰ ਲੈਣ । ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ’ਚ ਡੀ. ਏ. ਪੀ. ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਡੀਲਰਾਂ/ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉੁਣ।
ਇਸ ਮੌਕੇ ਖੇਤੀਬਾਡ਼ੀ ਵਿਕਾਸ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾਡ਼ ਨੇ ਸਮੂਹ ਡੀਲਰਾਂ ਨੂੰ ਕੀਟਨਾਸ਼ਕ ਦਵਾਈਆਂ ਅਤੇ ਇਨਸੈਕਟੀਸਾਈਜ਼ ਐਕਟ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾਡ਼ੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਨਿਰਧਾਰਤ ਮਾਤਰਾ ’ਚ ਹੀ ਇਸਤੇਮਾਲ ਕਰਨ ਅਤੇ ਜੇਕਰ ਕੋਈ ਦੁਕਾਨਦਾਰ ਉਨ੍ਹਾਂ ਨੂੰ ਬੇਲੋਡ਼ੀਆਂ ਦਵਾਈਆਂ ਖਰੀਦਣ ਲਈ ਮਜਬੂਰ ਕਰਦਾ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਖੇਤੀਬਾਡ਼ੀ ਵਿਭਾਗ ਦੇ ਜ਼ਿਲੀ ਜਾਂ ਬਲਾਕ ਦਫ਼ਤਰਾਂ ’ਚ ਕੀਤੀ ਜਾਵੇ। ਇਸ ਮੌਕੇ ਖੇਤੀਬਾਡ਼ੀ ਵਿਕਾਸ ਅਫ਼ਸਰ ਡਾ. ਅਮਰਜੀਤ ਸਿੰਘ ਤੋਂ ਇਲਾਵਾ ਜ਼ਿਲੇ ਦੇ ਪੈਸਟੀਸਾਈਡਜ਼ ਤੇ ਖਾਦ ਵਿਕਰੇਤਾ ਦੇ ਡੀਲਰ ਹਾਜ਼ਰ ਸਨ।
ਘਰ ’ਚੋਂ ਨਕਦੀ, ਗਹਿਣੇ, ਮੋਬਾਇਲ ਤੇ ਹੋਰ ਸਾਮਾਨ ਚੋਰੀ
NEXT STORY