ਨੂਰਪੁਰਬੇਦੀ (ਭੰਡਾਰੀ) : ਰੂਪਨਗਰ ਤੋਂ 'ਆਪ' ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਚੱਲਦਿਆਂ ਜਿੱਥੇ ਹਰ ਨਾਗਰਿਕ ਖੇਤਰ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤੁਤ ਹੈ, ਉੱਥੇ ਹੀ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਸੰਗਠਨਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸਿੱਖ ਵਿਦਵਾਨ ਸਾਬਕਾ ਆਈ.ਪੀ.ਐੱਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਲੈਂਡ ਮਾਫੀਆ, ਸੈਂਡ ਮਾਫੀਆ ਤੇ ਨਸ਼ਾ ਮਾਫੀਆ ਤੇ ਅਪਰਾਧਿਕ ਗਤੀਵਿਧੀਆਂ ਸਰਕਾਰੀ ਤੰਤਰ 'ਤੇ ਭਾਰੂ ਹਨ।
ਉਨ੍ਹਾਂ ਕਿਹਾ ਕਿ ਸਾਡੇ ਵਿਚਾਰਕ ਤੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਜਿਸ ਪ੍ਰਕਾਰ ਨਾਲ ਪੁਲਸ ਜਵਾਨਾਂ ਦੀ ਹਾਜ਼ਰੀ 'ਚ ਲੋਕ ਨੁਮਾਇੰਦੇ ਵਿਧਾਇਕ ਦੀ ਮਾਫੀਆ ਵੱਲੋਂ ਪੱਗ ਲਾਹੀ ਗਈ ਹੈ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਸ਼ਰਮਸਾਰ ਕੀਤਾ ਹੈ। ਨੌਜਵਾਨ ਆਗੂ ਅਜੇਵੀਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨਾਲ ਅਜਿਹੀ ਘਟਨਾ ਵਾਪਰਨਾ ਆਪਣੇ-ਆਪ 'ਚ ਸਭ ਲਈ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਪਰਾਧੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਤੰਤਰ ਖਿਲਾਫ਼ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸਮਾਜਿਕ ਸੰਗਠਨ ਦੂਨ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਪੰਡਿਤ ਰਾਮ ਤੀਰਥ ਜੇਤੇਵਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਹੀ ਉਕਤ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਵਿਧਾਇਕ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਉਕਤ ਘਟਨਾ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੀ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ।
ਬੇਕਾਬੂ ਸਕਾਰਪੀਓ ਟਕਰਾਈ ਖੰਭੇ ਨਾਲ, 6 ਲੋਕ ਜ਼ਖਮੀ
NEXT STORY