ਗੁਰਦਾਸਪੁਰ (ਹਰਮਨ)-ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਖ਼ਿਲਾਫ ਕੀਤੀਆਂ ਗਈਆਂ ਘਟੀਆ ਟਿੱਪਣੀਆਂ ਦੇ ਬਾਵਜੂਦ ਅਜੇ ਤੱਕ ਪੁਲਸ ਵੱਲੋਂ ਬਲਜੀਤ ਸਿੰਘ ਪਾਹੜਾ ਦੀ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਵਿਧਾਇਕ ਪਾਹੜਾ ਨੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਚੁੱਕਿਆ ਹੈ। ਇਸ ਕਮੇਟੀ ਨੇ ਕਾਰਵਾਈ ਕਰਦਿਆਂ ਤੁਰੰਤ ਪੰਜਾਬ ਦੇ ਏ. ਡੀ. ਜੀ. ਪੀ. ਸੁਰੱਖਿਆ ਅਤੇ ਹੋਰ ਸਬੰਧਿਤ ਅਧਿਕਾਰੀਆਂ ਕੋਲੋਂ ਇਸ ਮਾਮਲੇ ’ਚ ਰਿਪੋਰਟ ਮੰਗੀ ਹੈ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ 20 ਜੁਲਾਈ ਨੂੰ ਕੁਝ ਅਨਸਰਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ ਅਤੇ ਪਰਿਵਾਰ ਨੂੰ ਗਾਲੀ-ਗਲੋਚ ਕਰਨ ਦੇ ਨਾਲ ਅਕਾਲੀ ਸਰਕਾਰ ਆਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ : DSGMC ਚੋਣਾਂ : ਪਰਮਜੀਤ ਸਰਨਾ ਵੱਲੋਂ ਧਮਕੀ, ਕਿਹਾ-ਮੇਰਾ ਕੋਈ ਮੈਂਬਰ ਬਾਦਲਾਂ ਵੱਲ ਗਿਆ ਤਾਂ ਕਰਾਂਗਾ ਖ਼ੁਦਕੁਸ਼ੀ
ਇਨ੍ਹਾਂ ਨੌਜਵਾਨਾਂ ਦਾ ਪਿਛੋਕੜ ਵੀ ਅਪਰਾਧਿਕ ਹੈ, ਜਿਨ੍ਹਾਂ ਦੇ ਹੱਥਾਂ ’ਚ ਹਥਿਆਰਾਂ ਵਾਲੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਉਸ ਮੌਕੇ ਬਲਜੀਤ ਸਿੰਘ ਪਾਹੜਾ ਵੱਲੋਂ ਇਹ ਮਾਮਲਾ ਐੱਸ. ਐੱਸ. ਪੀ. ਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਹੋਣ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ, ਜਿਸ ਦਾ ਫ਼ਾਇਦਾ ਉਠਾ ਕੇ ਉਕਤ ਨੌਜਵਾਨ ਆਪਣੀਆਂ ਜ਼ਮਾਨਤਾਂ ਵੀ ਕਰਵਾ ਗਏ। ਉਨ੍ਹਾਂ ਕਿਹਾ ਕਿ ਏ. ਡੀ. ਜੀ. ਪੀ. (ਸਕਿਓਰਿਟੀ) ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਪਰਿਵਾਰ ਦੀ ਸੁਰੱਖਿਆ ’ਚ ਵਾਧਾ ਕੀਤਾ ਗਿਆ। ਪੁਲਸ ਦੀ ਇਸ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਇਨ੍ਹਾਂ ਨੌਜਵਾਨਾਂ ਨੇ 25 ਅਗਸਤ ਨੂੰ ਸ਼ਹਿਰ ਦੇ ਮਿਸ਼ਨ ਕੰਪਾਊਂਡ ਵਿਚ ਇਕ ਘਰ ਅੰਦਰ ਹਥਿਆਰਾਂ ਸਮੇਤ ਦਾਖਲ ਹੋ ਕੇ ਭੰਨ-ਤੋੜ ਕੀਤੀ ਅਤੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਇਸ ਕਾਰਨ ਥਾਣਾ ਸਿਟੀ ’ਚ ਆਈ.ਪੀ.ਸੀ. ਦੀ ਧਾਰਾ 307 ਅਤੇ ਅਸਲਾ ਐਕਟ ਅਧੀਨ ਨਵਾਂ ਮਾਮਲਾ ਵੀ ਦਰਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਸ਼ੇਸ਼ ਅਧਿਕਾਰੀ ਕਮੇਟੀ ਦੇ ਧਿਆਨ ’ਚ ਲਿਆਂਦਾ ਸੀ, ਜਿਸ ਦੇ ਆਧਾਰ ’ਤੇ ਹੁਣ ਕਮੇਟੀ ਨੇ ਪੁਲਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ।
ਸਕੂਲ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
NEXT STORY