ਭੁਲੱਥ (ਰਜਿੰਦਰ)- ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਮਜ਼ਬੂਤ ਅਤੇ ਗੰਭੀਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਆਸਥਾ, ਭਰੋਸੇ ਅਤੇ ਇੰਨਸਾਫ ਨਾਲ ਕੀਤੀ ਗਈ ਗੱਦਾਰੀ ਦਾ ਤੁਰੰਤ ਸੰਗਿਆਨ ਲਿਆ ਜਾਵੇ। ਖਹਿਰਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕਰਨ, ਜਿਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਹੁੰ ਖਾ ਕੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਅਤੇ ਬਹਿਬਲ ਕਲਾਂ ਪੁਲਸ ਗੋਲੀਕਾਂਡ ਵਿਚ ਡੇਢ ਮਹੀਨੇ ਦੇ ਅੰਦਰ ਇੰਨਸਾਫ਼ ਦਿੱਤਾ ਜਾਵੇਗਾ, ਨਹੀਂ ਤਾਂ ਉਹ ਆਪਣੇ ਆਪ ਨੂੰ ਸਦੀਵੀ ਗੁਰੂ ਆਪਣੀ ਆਖ਼ਰੀ “ਸਰਕਾਰ” ਅੱਗੇ ਸਮਰਪਿਤ ਕਰਨਗੇ। ਖਹਿਰਾ ਨੇ ਕਿਹਾ ਕਿ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਸਪੀਕਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚੁੱਕੀ ਆਪਣੀ ਪਵਿੱਤਰ ਸਹੁੰ ਨੂੰ ਨਿਭਾਇਆ ਹੈ। ਇਹ ਗੁਰੂ ਸਾਹਿਬ ਅੱਗੇ ਝੂਠੀ ਸਹੁੰ ਖਾਣ ਦੇ ਬਰਾਬਰ ਹੈ, ਜੋ ਕਿ ਅਤਿ ਗੰਭੀਰ ਧਾਰਮਿਕ ਮਸਲਾ ਹੈ ਅਤੇ ਇਸ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਣੀ ਲਾਜ਼ਮੀ ਹੈ।
ਖਹਿਰਾ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬੇਅਦਬੀ ਅਤੇ ਬਹਿਬਲ ਕਲਾਂ ਮਾਮਲਿਆਂ ਵਿੱਚ ਉਨ੍ਹਾਂ ਦੀ ਲਗਾਤਾਰ, ਅਸਪੱਸ਼ਟ ਚੁੱਪੀ ਅਤੇ ਦੇਰੀ ਲਈ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਕਲੇਰ ਨੇ ਅਦਾਲਤ ਵਿੱਚ ਸਪਸ਼ਟ ਤੌਰ ’ਤੇ ਕਬੂਲਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਰੀਆਂ ਬੇਅਦਬੀਆਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਇਸ਼ਾਰਿਆਂ ’ਤੇ ਕੀਤੀਆਂ ਗਈਆਂ। ਖਹਿਰਾ ਨੇ ਕਿਹਾ ਕਿ ਇਸ ਅਦਾਲਤੀ ਕਬੂਲੀਅਤ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਰਾਮ ਰਹੀਮ ਨੂੰ ਇਕ ਵਾਰ ਵੀ ਪੁੱਛਗਿੱਛ ਲਈ ਤਲਬ ਕਰਨ ਦੀ ਹਿੰਮਤ ਨਹੀਂ ਕੀਤੀ। ਇਹ ਜਾਨਬੂਝ ਕੇ ਕੀਤੀ ਜਾ ਰਹੀ ਦੇਰੀ ਮਾਨ ਸਰਕਾਰ ਦੀ ਨੀਅਤ, ਇਮਾਨਦਾਰੀ ਅਤੇ ਨੈਤਿਕ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਅਤੇ ਮੁੱਖ ਮੰਤਰੀ ਦੋਹਾਂ ਦਾ ਰਵੱਈਆ ਦੁਨੀਆ ਭਰ ਦੇ ਸਿੱਖਾਂ ਨੂੰ ਗੁਮਰਾਹ ਕਰਨ ਦੇ ਬਰਾਬਰ ਹੈ, ਜਿਸ ਨਾਲ ਸੰਸਥਾਵਾਂ ’ਤੇ ਵਿਸ਼ਵਾਸ ਡੋਲਦਾ ਹੈ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਪੰਥ ਨਾਲ ਇਤਿਹਾਸਕ ਗ਼ਦਾਰੀ ਹੈ।
ਖਹਿਰਾ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵੱਡੇ ਐਲਾਨਾਂ ’ਤੇ ਸਫਾਈ ਦੇਣ।
ਜਿਸ ਦੌਰਾਨ ਕੇਜਰੀਵਾਲ ਨੇ 24 ਘੰਟਿਆਂ ਅੰਦਰ ਬੇਅਦਬੀ ਦੇ ਮਾਮਲਿਆਂ ਵਿੱਚ ਇੰਨਸਾਫ਼ ਦੇਣ ਦੀ ਗਾਰੰਟੀ ਦਿੱਤੀ ਸੀ। ਅੱਜ, ਸੱਤਾ ਵਿੱਚ ਸਾਲਾਂ ਬੀਤਣ ਦੇ ਬਾਵਜੂਦ ਵੀ ਜਦੋਂ ਇੰਨਸਾਫ਼ ਨਹੀਂ ਮਿਲਿਆ, ਤਾਂ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ?” । ਉਨ੍ਹਾਂ ਨੇ 2017 ਦੇ ਮੌੜ ਬੰਬ ਧਮਾਕੇ ਬਾਰੇ ਵੀ ਜਵਾਬ ਮੰਗੇ, ਜਿਸ ਦੇ ਪੀੜਤ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਵਾਰ-ਵਾਰ ਇੰਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਖਹਿਰਾ ਨੇ ਕਿਹਾ ਕਿ ਇਨ੍ਹਾਂ ਮਸਲਿਆਂ ’ਤੇ ਚੁੱਪੀ ਬਣਾਈ ਰੱਖਣ ਨਾਲ ਉਹ ਤਾਕਤਾਂ ਹੋਰ ਹੌਸਲਾ ਫੜਣਗੀਆਂ, ਜਿਨ੍ਹਾਂ ਨੇ ਸਿਆਸੀ ਲਾਭ ਲਈ ਸਿੱਖ ਭਾਵਨਾਵਾਂ ਨੂੰ ਹਲਕਾ ਸਮਝਿਆ ਹੈ। ਖਹਿਰਾ ਨੇ ਹੋਰ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਉਚ ਅਥਾਰਟੀ ਹੈ। ਜੋ ਵੀ ਨੇਤਾ ਗੁਰੂ ਸਾਹਿਬ ਅੱਗੇ ਝੂਠੀ ਸਹੁੰ ਚੁੱਕਦਾ ਹੈ ਜਾਂ ਸਿਆਸੀ ਲਾਭ ਲਈ ਸਿੱਖ ਦੀਆਂ ਭਾਵਨਾਵਾਂ ਨਾਲ ਖੇਡਦਾ ਹੈ, ਉਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਸਿੱਖ ਪੰਥ ਧੋਖੇ ਅਤੇ ਦੇਰੀ ਨਹੀਂ, ਸੱਚ, ਇੰਨਸਾਫ਼ ਅਤੇ ਨੈਤਿਕ ਸਪਸ਼ਟਤਾ ਦਾ ਹੱਕਦਾਰ ਹੈ।
ਠੰਡ ਨੇ ਤੋੜੇ ਰਿਕਾਰਡ: ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’
NEXT STORY