ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਪੱਤਰ ਲਿਖ ਕੇ ਸਦਨ ਦੀ ਸੰਵਿਧਾਨਕ ਮਰਿਆਦਾ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਬਾਜਵਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਨਿਯਮਤ ਸੈਸ਼ਨਾਂ ਦੀ ਥਾਂ 'ਤੇ ਲਿਆਂਦੇ ਜਾ ਰਹੇ 'ਵਿਸ਼ੇਸ਼ ਸੈਸ਼ਨਾਂ' ਨੇ ਵਿਧਾਨ ਸਭਾ ਨੂੰ ਸਿਰਫ਼ ਇਕ ਪੀ.ਆਰ. ਪਲੇਟਫਾਰਮ ਬਣਾ ਕੇ ਰੱਖ ਦਿੱਤਾ ਹੈ।
ਬਾਜਵਾ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਰੁਟੀਨ ਦੇ ਪਤਝੜ ਅਤੇ ਸਰਦ ਰੁੱਤ ਸੈਸ਼ਨਾਂ ਦੀ ਬਜਾਏ ਚੋਣਵੇਂ ਵਿਸ਼ੇਸ਼ ਸੈਸ਼ਨ ਲਿਆਉਣ ਨਾਲ ਵਿਧਾਨ ਸਭਾ ਖੋਖਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਅਤੇ ਜ਼ੀਰੋ ਕਾਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ, ਸਦਨ ਦੀਆਂ ਬੈਠਕਾਂ ਵਿਚ ਕਟੌਤੀ ਕਰਨ ਨਾਲ ਜਨਤਾ ਦੀਆਂ ਸ਼ਿਕਾਇਤਾਂ ਦਬ ਜਾਂਦੀਆਂ ਹਨ ਅਤੇ ਸਾਰੀ ਸ਼ਕਤੀ ਕਾਰਜਪਾਲਿਕਾ ਦੇ ਹੱਥਾਂ ਵਿਚ ਸਿਮਟ ਜਾਂਦੀ ਹੈ।
ਸਾਲਾਨਾ 40 ਬੈਠਕਾਂ ਯਕੀਨੀ ਬਣਾਉਣ ਦੀ ਮੰਗ
ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਸਾਲ ਵਿਚ ਘੱਟੋ-ਘੱਟ 40 ਬੈਠਕਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਲੋਕਤੰਤਰ ਸਿਰਫ਼ ਨਾਅਰਿਆਂ ਅਤੇ ਦਿਖਾਵੇ ਨਾਲ ਨਹੀਂ ਚੱਲ ਸਕਦਾ, ਇਸ ਲਈ ਨਿਯਮਤ ਸੈਸ਼ਨਾਂ ਦੀ ਬਹਾਲੀ ਬਹੁਤ ਜ਼ਰੂਰੀ ਹੈ। ਬਾਜਵਾ ਨੇ ਪੱਤਰ ਵਿਚ ਪੰਜਾਬ ਦੇ ਭਖਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬਾ ਇਸ ਵੇਲੇ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦਾ ਫੈਲਾਅ, ਸਿਹਤ ਪ੍ਰਣਾਲੀ ਦੀ ਮਾੜੀ ਹਾਲਤ ਅਤੇ ਵਧਦੇ ਕਰਜ਼ੇ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਸਦਨ ਵਿਚ ਗੰਭੀਰ ਬਹਿਸ ਹੋਣੀ ਚਾਹੀਦੀ ਹੈ, ਪਰ ਵਿਧਾਨ ਸਭਾ ਨੂੰ ਸਿਰਫ਼ ਇਲਜ਼ਾਮਬਾਜ਼ੀ ਅਤੇ ਸਿਆਸੀ ਨਾਟਕਬਾਜ਼ੀ ਦਾ ਅਖਾੜਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਪੀਕਰ ਨੂੰ ਸਦਨ ਦੇ ਰਖਵਾਲੇ ਵਜੋਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਅਤੇ ਵਿਧਾਨ ਸਭਾ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣ ਦੀ ਪੁਰਜ਼ੋਰ ਮੰਗ ਕੀਤੀ ਹੈ
ਸਾਲ ਬਦਲਣ ਦੇ ਨਾਲ ਹੀ ਪੰਜਾਬ 'ਚ ਹੋਣਗੇ ਵੱਡੇ ਬਦਲਾਅ! CM ਮਾਨ ਦੀ ਅਗਵਾਈ 'ਚ ਕੈਬਨਿਟ ਨੇ ਦਿੱਤੀ ਮਨਜ਼ੂਰੀ
NEXT STORY