ਲੁਧਿਆਣਾ(ਜ.ਬ.) : ਮੋਬਾਇਲ ਕਾਰੋਬਾਰੀ ਗਿਰੀਸ਼ ਮਨੋਚਾ ਕਤਲਕਾਂਡ ਦੇ ਕੇਸ 'ਚ ਪੁਲਸ ਨੇ ਮ੍ਰਿਤਕ ਦੇ ਤਾਇਆ ਰਜਿੰਦਰ ਮਨੋਚਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ 2 ਹੋਰ ਦੋਸ਼ੀ ਅਜੇ ਵੀ ਫਰਾਰ ਹਨ। ਕਤਲ ਪਿੱਛੇ ਪੈਸੇ ਦਾ ਲੈਣ-ਦੇਣ ਮੁੱਖ ਕਾਰਨ ਦੱਸਿਆ ਗਿਆ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾੜੇ ਦੇ ਕਾਤਲ ਭੇਜ ਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਹੈ। ਗਿਰੀਸ਼ ਦੇ ਵੱਡੇ ਭਰਾ ਮੁਨੀਸ਼ ਮਨੋਚਾ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਪਿੱਛੇ ਉਸ ਦੇ ਤਾਏ ਰਜਿੰਦਰ ਦਾ ਹੱਥ ਹੈ, ਜਿਸ ਨੇ ਇਹ ਕੰਮ ਭਾੜੇ ਦੇ ਕਾਤਲਾਂ ਤੋਂ ਕਰਵਾਇਆ ਹੈ। ਉਸ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਘਰ ਦੇ ਕੋਲ ਰਹਿੰਦਾ ਹੈ। ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦਾ ਤਾਏ ਨਾਲ ਝਗੜਾ ਚੱਲ ਰਿਹਾ ਸੀ। ਹਾਲਾਂਕਿ ਉਨ੍ਹਾਂ ਪੈਸਿਆਂ ਬਦਲੇ ਉਨ੍ਹਾਂ ਨੇ ਇਕ ਪ੍ਰਾਪਰਟੀ ਦੀ ਰਜਿਸਟਰੀ ਦੋਸ਼ੀ ਨੂੰ ਕਰਵਾ ਦਿੱਤੀ ਸੀ, ਬਾਵਜੂਦ ਇਸ ਦੇ ਤਾਇਆ ਉਨ੍ਹਾਂ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ, ਜੋ ਉਸ ਨੇ ਕਰ ਦਿਖਾਇਆ।
ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ
ਉਧਰ, ਵੀਰਵਾਰ ਸ਼ਾਮ ਨੂੰ ਗਿਰੀਸ਼ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸਬੰਧੀ ਮੁਨੀਸ਼ ਦੀ ਸ਼ਿਕਾਇਤ 'ਤੇ ਰਜਿੰਦਰ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਕਤਲ, ਕਤਲ ਦਾ ਯਤਨ ਅਤੇ ਆਰਮਜ਼ ਐਕਟ ਤਹਿਤ ਥਾਣੇ ਜੋਧੇਵਾਲ ਵਿਚ ਪਰਚਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਗੋਲੀ ਲੱਗਣ ਨਾਲ ਗਿਰੀਸ਼ ਦੇ ਪਿਤਾ ਜੋਗਿੰਦਰ ਪਾਲ ਮਨੋਚਾ ਵੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਦਯਾਨੰਦ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਘਰ 'ਚ ਬੰਦ ਅੱਕੀ ਹੋਈ ਪਤਨੀ ਦਾ ਖੌਫਨਾਕ ਕਾਰਾ, ਸੁੱਤੇ ਪਤੀ 'ਤੇ ਤੇਲ ਪਾ ਕੇ ਲਾਈ ਅੱਗ
ਇਹ ਸੀ ਮਾਜਰਾ ਬੁੱਧਵਾਰ ਰਾਤ ਨੂੰ ਮੋਟਰਸਾਈਕਲ 'ਤੇ ਆਏ 2 ਹਮਲਾਵਰਾਂ ਨੇ ਬਸਤੀ ਜੋਧੇਵਾਲ ਦੇ ਜਨਤਾ ਕਾਲੋਨੀ ਇਲਾਕੇ ਵਿਚ ਗਿਰੀਸ਼ ਮਨੋਚਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗਿਰੀਸ਼ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰੀ ਗਈ। ਉਸ ਸਮੇਂ ਗਿਰੀਸ਼ ਘਰ ਦੇ ਵਿਹੜੇ ਵਿਚ ਤੰਦੂਰ 'ਤੇ ਮਿੱਟੀ ਦਾ ਲੇਪ ਕਰ ਰਿਹਾ ਸੀ। ਇਕ ਨਕਾਬਪੋਸ਼ ਸ਼ੂਟਰ ਦਨਦਨਾਉਂਦਾ ਹੋਇਆ ਘਰ ਵਿਚ ਦਾਖਲ ਹੋਇਆ। ਉਸ ਦਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹਾ ਰਿਹਾ। ਸ਼ੂਟਰ ਨੇ ਘਰ ਵਿਚ ਦਾਖਲ ਹੋਣ ਤੋਂ ਬਾਅਦ 2 ਫਾਇਰ ਕੀਤੇ। ਇਕ ਕੱਚ ਦੇ ਦਰਵਾਜ਼ੇ ਵਿਚ ਲੱਗਾ, ਜਦੋਂ ਕਿ ਦੂਜਾ ਗਿਰੀਸ਼ ਦੀ ਪਿੱਠ ਵਿਚ। ਗਿਰੀਸ਼ ਕੁੱਝ ਕਦਮ ਚੱਲਣ ਤੋਂ ਬਾਅਦ ਢੇਰ ਹੋ ਗਿਆ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਜ਼ਰਮ ਮੌਕੇ ਤੋਂ ਫਰਾਰ ਹੋ ਗਏ। ਉਸ ਸਮੇਂ ਘਰ ਵਿਚ ਗਿਰੀਸ਼ ਦੀ ਪਤਨੀ ਸਵਿਨੀ ਮਨੋਚਾ, ਮਾਤਾ ਸੁਸ਼ਮਾ, ਪਿਤਾ ਜੋਗਿੰਦਰ ਅਤੇ ਵੱਡਾ ਭਰਾ ਮੌਜੂਦ ਸਨ। ਜਦੋਂ ਘਟਨਾ ਵਾਪਰੀ ਮੁਨੀਸ਼ ਘਰ ਦੇ ਉਪਰਲੇ ਹਿੱਸੇ ਵਿਚ ਸੀ। ਉਸ ਦੇ ਪਿਤਾ ਅਤੇ ਮਾਤਾ ਸੁਸ਼ਮਾ ਥੱਲੇ ਸਨ।
ਗੋਲੀ ਚੱਲਣ ਦੀਆਂ ਅਵਾਜ਼ਾਂ ਸੁਣ ਕੇ ਜਦੋਂ ਮੁਨੀਸ਼ ਥੱਲੇ ਆਇਆ ਤਾਂ ਉਸ ਨੇ ਦੇਖਿਆ ਕਿ ਖੂਨ ਨਾਲ ਲੱਥਪਥ ਗਿਰੀਸ਼ ਰਸੋਈ ਵਿਚ ਡਿੱਗਿਆ ਪਿਆ ਸੀ, ਜਦੋਂਕਿ ਉਸ ਦਾ ਪਿਤਾ ਲਹੂ-ਲੁਹਾਨ ਹਾਲਤ ਵਿਚ ਘਰ ਦੇ ਬਾਹਰ ਗਲੀ ਵਿਚ। ਉਸ ਦੀ ਗਰਦਨ ਤੋਂ ਖੂਨ ਵਹਿ ਰਿਹਾ ਸੀ। ਦੋਵਾਂ ਨੂੰ ਤੁਰੰਤ ਦਯਾਨੰਦ ਹਸਪਤਾਲ ਲਿਜਾਇਆ ਗਿਆ। ਉਥੇ ਪੁੱਜਣ ਤੋਂ ਪਹਿਲਾਂ ਹੀ ਗਿਰੀਸ਼ ਦਮ ਤੋੜ ਚੁੱਕਾ ਸੀ, ਜਦੋਂ ਕਿ ਜੋਗਿੰਦਰ ਨੂੰ ਭਰਤੀ ਕਰ ਲਿਆ ਗਿਆ। ਜੋਗਿੰਦਰ ਦੀ ਸਰਜਰੀ ਕੀਤੀ ਜਾਣੀ ਹੈ। ਇਕ ਗੋਲੀ ਉਨ੍ਹਾਂ ਦੀ ਗਰਦਨ ਵਿਚ ਲੱਗੀ ਹੈ, ਜਿਸ ਨਾਲ ਹੱਡੀ ਟੁੱਟ ਗਈ ਹੈ, ਜਦੋਂਕਿ ਇਕ ਗੋਲੀ ਉਸ ਦੇ ਸਿਰ ਨੂੰ ਛੂਹ ਕੇ ਨਿਕਲ ਗਈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਬਜ਼ੁਰਗ ਦੇ ਸਿਰ 'ਚ ਰਾਡ ਮਾਰ ਕੇ ਕੀਤਾ ਕਤਲ
4 ਮਹੀਨੇ ਪਹਿਲਾਂ ਵੀ ਕੀਤਾ ਸੀ ਹਮਲਾ
ਮੁਨੀਸ਼ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਵੀ ਉਸ ਦੇ ਤਾਏ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਦੌਰਾਨ ਉਸ ਦੀ ਇਕ ਉਂਗਲੀ ਵੱਢ ਗਈ ਸੀ। ਜਦੋਂ ਗਿਰੀਸ਼ ਵਿਚ ਬਚਾਅ ਲਈ ਆਇਆ ਤਾਂ ਤਾਇਆ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਸੀ, ਉਦੋਂ ਉਸ ਦੀ ਤਾਈ ਕੈਲਾਸ਼ ਮਨੋਚਾ ਅਤੇ 2 ਅਣਪਛਾਤੇ ਵਿਅਕਤੀ ਵੀ ਮੌਜੂਦ ਸਨ, ਜਿਨ੍ਹਾਂ ਨੇ ਹਮਲਾ ਕਰਨ ਵਿਚ ਤਾਇਆ ਦੀ ਮਦਦ ਕੀਤੀ। ਇਸ ਸਬੰਧੀ ਬਸਤੀ ਜੋਧੇਵਾਲ ਥਾਣੇ ਵਿਚ ਕੇਸ ਦਰਜ ਹੈ।
6 ਮਹੀਨੇ ਪਹਿਲਾਂ ਹੋਇਆ ਸੀ ਗਿਰੀਸ਼ ਦਾ ਵਿਆਹ
ਗਿਰੀਸ਼ ਦਾ 6 ਮਹੀਨੇ ਪਹਿਲਾਂ ਹੀ ਮਾਡਲ ਟਾਊਨ ਦੀ ਰਹਿਣ ਵਾਲੀ ਸਾਵਿਨੀ ਨਾਲ ਵਿਆਹ ਹੋਇਆ ਸੀ। ਸਾਵਿਨੀ ਦੀ ਹੱਥਾਂ ਦੀ ਮਹਿੰਦੀ ਨਹੀਂ ਉਤਰੀ ਸੀ ਕਿ ਅਪਰਾਧੀਆਂ ਨੇ ਉਸ ਦਾ ਸੁਹਾਗ ਉਜਾੜ ਦਿੱਤਾ। ਸਾਵਿਨੀ ਤੋਂ ਇਲਾਵਾ ਗਿਰੀਸ਼ ਦੀ ਮਾਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ।
ਗਿਰੀਸ਼ ਦੇ ਘਰ ਦੀ 2 ਦਿਨਾਂ ਤੋਂ ਹੋ ਰਹੀ ਸੀ ਰੈਕੀ
ਦੱਸਿਆ ਜਾਂਦਾ ਹੈ ਕਿ ਪਿਛਲੇ 2 ਦਿਨਾਂ ਤੋਂ 2 ਨੌਜਵਾਨ ਗਿਰੀਸ਼ ਦੇ ਘਰ ਦੀ ਲਗਾਤਾਰ ਰੈਕੀ ਕਰ ਰਹੇ ਸਨ। ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਉਨਾਂ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਗਿਰੀਸ਼ ਦੇ ਘਰ ਦੇ ਨੇੜੇ ਮੰਡਰਾਉਂਦੇ ਹੋਏ ਦੇਖਿਆ ਸੀ। ਇੰਨਾ ਹੀ ਨਹੀਂ ਗਿਰੀਸ਼ ਦੇ ਘਰ ਠੀਕ ਸਾਹਮਣੇ ਸਟ੍ਰੀਟ ਲਾਈਟ ਲੱਗੀ ਹੋਈ ਹੈ। ਉਸ ਨਾਲ ਵੀ ਛੇੜਛਾੜ ਕੀਤੀ ਗਈ।
ਬਾਕੀ ਦੋਵੇਂ ਦੋਸ਼ੀਆਂ ਦੀ ਵੀ ਹੋਈ ਪਛਾਣ
ਪੁਲਸ ਸੂਤਰਾਂ ਨੇ ਦੱਸਿਆ ਕਿ ਬਾਮੀ ਦੋਵੇਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੋਵੇਂ ਦੇ ਨਾਮ ਵੀ ਪਤਾ ਲੱਗ ਗਏ ਹਨ। ਇਕ ਦੋਸ਼ੀ ਟਿੱਬਾ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੀ ਮਾਤਾ ਨਾਲ ਜੋਗਿੰਦਰ ਸਿੰਘ ਦੀ ਖਾਸੀ ਜਾਣ ਪਛਾਣ ਹੈ, ਜਦਕਿ ਦੂਜੇ ਦੋਸ਼ੀ ਦੇ ਘਰ ਦਾ ਪਤਾ ਨਹੀਂ ਲੱਗ ਸਕਿਆ। ਇਹ ਵੀ ਪਤਾ ਲੱਗਾ ਕਿ ਇਨਾਂ ਦੋਵਾਂ ਦੇ ਨਾਲ ਕੁੱਝ ਦਿਨ ਪਹਿਲਾਂ ਰਾਜਿੰਦਰ ਨੇ ਗੁਪਤ ਮੀਟਿੰਗ ਵੀ ਕੀਤੀ ਸੀ।
ਗਿਰੀਸ਼ ਦੀ ਨਵੀਂ ਕਾਰ ਦੇਖ ਕੇ ਸੜ ਗਿਆ ਸੀ ਤਾਇਆ
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਗਿਰੀਸ਼ ਦਾ ਜਦ ਵਿਆਹ ਹੋਇਆ ਤਾਂ ਤਾਇਆ ਉਨ੍ਹਾਂ ਦੀ ਨਵੀਂ ਗੱਡੀ ਨੂੰ ਦੇਖ ਕੇ ਤਿਲਮਿਲਾ ਉੱਠਿਆ ਸੀ। ਦੋਸ਼ੀ ਨੇ ਤਦ ਵੀ ਗਿਰੀਸ਼ ਦੇ ਨਾਲ ਝਗੜਾ ਕੀਤਾ ਸੀ। ਉਸ ਨੂੰ ਬੁਰਾ ਭਲਾ ਕਿਹਾ ਸੀ ਅਤੇ ਪੂਰੇ ਪਰਿਵਾਰ ਨੂੰ ਗੰਭੀਰ ਪਰਿਣਾਮ ਭੁਗਤਣ ਦੀ ਧਮਕੀ ਦਿੱਤੀ ਸੀ।
ਪੁਲਸ ਨੇ ਦੇਸੀ ਪਿਸਤੌਲ ਸਣੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
NEXT STORY