ਅੰਮ੍ਰਿਤਸਰ (ਇੰਦਰਜੀਤ) : ਟੈਕਸ ਚੋਰੀ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਆਬਕਾਰੀ ਅਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਲੋਹੇ ਅਤੇ ਮੈਟਲ ਸਕ੍ਰੈਪ ਦੇ 6 ਟਰੱਕਾਂ ਸਮੇਤ 13 ਵਾਹਨਾਂ ਨੂੰ 28 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਜਲੰਧਰ/ਅੰਮ੍ਰਿਤਸਰ ਰੇਂਜ ਦੇ ਡਿਪਟੀ ਕਮਿਸ਼ਨਰ ਇਨਵੈਸਟੀਗੇਸ਼ਨ ਮੋਬਾਇਲ ਵਿੰਗ ਮੈਡਮ ਦਲਜੀਤ ਕੌਰ ਅਤੇ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਟੈਕਸ ਚੋਰੀ ਕਰਨ ਵਾਲਿਆਂ ਨੇ ਆਪਣੇ ਰਸਤੇ ਬਦਲ ਲਏ ਹਨ ਪਰ ਇਸ ਦੇ ਸਾਹਮਣੇ ਮੋਬਾਇਲ ਵਿੰਗ ਦੇ ਅਧਿਕਾਰੀ ਵੀ ਆਪਣੇ ਸ਼ਹਿਰ ਦੀਆਂ ਸਰਹੱਦਾਂ ਦੇ ਅੱਗੇ ਜਾ ਕੇ ਵੀ ਟੈਕਸ ਚੋਰੀ ਕਰਨ ਵਾਲੇ ਵਾਹਨਾਂ ਨੂੰ ਫੜ ਲੈਂਦੇ ਹਨ। ਉਥੇ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਅੰਮ੍ਰਿਤਸਰ/ਜਲੰਧਰ ਰੇਂਜ ਦਲਜੀਤ ਕੌਰ ਨੇ ਕਿਹਾ ਕਿ ਟੈਕਸ ਚੋਰੀ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਜਾਣਕਾਰੀ ਅਨੁਸਾਰ ਟੈਕਸ ਚੋਰੀ ਨੂੰ ਰੋਕਣ ਲਈ ਮੋਬਾਇਲ ਵਿੰਗ ਵੱਲੋਂ ਵੱਖ-ਵੱਖ ਅਧਿਕਾਰੀਆਂ ਦੀ ਕਮਾਨ ਹੇਠ ਕਈ ਵਿਸ਼ੇਸ਼ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸ ਅਧੀਨ ਤੇਜ਼ ਤਰਾਰ ਮੋਬਾਇਲ ਵਿੰਗ ਦੇ ਅਧਿਕਾਰੀ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਕਾਰਵਾਈ ਕਈ ਥਾਵਾਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਕੀਤੀ ਗਈ ਹੈ। ਸਕ੍ਰੈਪ ਨਾਲ ਭਰੇ ਕੁਝ ਟਰੱਕ ਅੰਮ੍ਰਿਤਸਰ ਵੱਲ ਆ ਰਹੇ ਸਨ, ਜਦੋਂ ਕਿ ਇਨ੍ਹਾਂ ’ਚ ਪਿਆ ਸਾਮਾਨ ਕਿਤੇ ਹੋਰ ਉਤਾਰਿਆ ਜਾਣਾ ਸੀ। ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਤਾਇਨਾਤ ਟੀਮ ਨੇ ਇੰਸਪੈਕਟਰ ਦਿਨੇਸ਼ ਕੁਮਾਰ, ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ, ਬਲਵੰਤ ਸਿੰਘ ਅਤੇ ਅਵਤਾਰ ਸਿੰਘ ਵੀ ਸ਼ਾਮਲ ਸਨ। ਮੋਬਾਇਲ ਵਿੰਗ ਨੇ ਅੰਮ੍ਰਿਤਸਰ ਲੋਕਲ ਦੇ ਨਾਲ-ਨਾਲ ਜੀ. ਟੀ. ਰੋਡ ਖੇਤਰਾਂ ਸਮੇਤ ਹੋਰਨਾਂ ਜ਼ਿਲ੍ਹਿਆਂ ’ਚ ਵੀ ਟੈਕਸ ਚੋਰੀ ਕਰਨ ਵਾਲੇ ਵਾਹਨ ਜ਼ਬਤ ਕਰ ਕੇ ਜੁਰਮਾਨੇ ਵਸੂਲ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਅਕਾਲੀ ਨੇਤਾ ਭਾਜਪਾ ਦੀ ਛਤਰੀ ’ਤੇ ਮੰਡਰਾਉਣ ਲੱਗੇ!, ਛੇਤੀ ਸ਼ਾਮਲ ਹੋਣ ਦੀਆਂ ਕਨਸੋਆਂ
ਇਸ ਕਾਰਵਾਈ ਦੌਰਾਨ ਈ. ਟੀ. ਓ. ਰਮਨ ਸ਼ਰਮਾ ਨੇ ਦੋ ਟਰੱਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਨ੍ਹਾਂ ’ਚ ਕਾਫੀ ਬੇਨਿਯਮੀਆਂ ਪਾਈਆਂ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਕਿ ਇਹ ਟਰੱਕ ਸਕਰੈਪ ਨਾਲ ਲੱਦੇ ਹੋਏ ਸੀ, ਜੋ ਕਿ ਪੰਜਾਬ ਦੇ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵੱਲ ਜਾਣੇ ਸੀ, ਜਦੋਂ ਬਾਰੀਕੀ ਨਾਲ ਚੈਕਿੰਗ ਕਰਨ ਤੋਂ ਬਾਅਦ ਟੀਮ ਨੇ ਮਾਲ ਦੀ ਜਾਂਚ ਕੀਤੀ ਤਾਂ ਵੱਡੀ ਟੈਕਸ ਚੋਰੀ ਹੋਣ ਦਾ ਸ਼ੱਕ ਸਾਹਮਣੇ ਆਇਆ। ਮਾਲ ਦੀ ਚੈਕਿੰਗ ਅਤੇ ਮੁਲਾਂਕਣ ਕਰਨ ਤੋਂ ਬਾਅਦ ਇਨ੍ਹਾਂ ’ਚੋਂ ਇਕ ਟਰੱਕ ’ਤੇ 5 ਲੱਖ ਅਤੇ ਦੂਜੇ ’ਤੇ 1.45 ਲੱਖ ਰੁਪਏ ਵਸੂਲ ਕੀਤੇ ਗਏ ਹਨ। ਇਨ੍ਹਾਂ ’ਚੋਂ ਇਕ ਟਰੱਕ ਗੜ੍ਹਸ਼ੰਕਰ ਤੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ, ਜਦਕਿ ਦੂਜਾ ਵਾਹਨ ਮੋਗਾ ਤੋਂ ਮੰਡੀ ਨੂੰ ਜਾ ਰਿਹਾ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕਲ ’ਚ ਹੀ ਡਲਿਵਰੀ ਕਰਨ ਜਾ ਰਹੇ ਇਕ ਵਾਹਨ ’ਤੇ 90 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਮੈਟਲ ਸਕ੍ਰੈਪ ਟਰੱਕ ’ਤੇ ਭਾਰੀ ਜੁਰਮਾਨਾ
ਜਦੋਂ ਮੋਬਾਇਲ ਟੀਮ ਨੇ ਛੋਟੇ ਵਾਹਨਾਂ ’ਤੇ ਆਪਣਾ ਦਬਾਅ ਬਣਾਇਆ ਤਾਂ ਚੈਕਿੰਗ ਦੌਰਾਨ ਮੈਟਲ ਸਕ੍ਰੈਪ ਫੜਿਆ ਗਿਆ ਪਰ ਇਸ ਦੇ ਦਸਤਾਵੇਜ਼ ਕੁਝ ਹੋਰ ਹੀ ਦੱਸ ਰਹੇ ਸਨ। ਟੀਮ ਨੇ ਵਾਹਨ ’ਤੇ 2.30 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਇਹ ਵੀ ਪੜ੍ਹੋ : ਪੰਜ ਸਿੰਘ ਸਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ
ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਟਰੱਕ ’ਤੇ 4.80 ਲੱਖ ਦਾ ਜੁਰਮਾਨਾ
ਜਦੋਂ ਮੋਬਾਇਲ ਟੀਮ ਨੇ ਦੂਜੇ ਪੜਾਅ ਤਹਿਤ ਕਾਰਵਾਈ ਕਰਨੀ ਸ਼ੁਰੂ ਕੀਤੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਆਇਆ ਇੱਕ ਵਾਹਨ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਹੈ, ਹਾਲਾਂਕਿ ਇਹ ਦੋਵੇਂ ਇਲਾਕੇ ਅੰਮ੍ਰਿਤਸਰ ਤੋਂ ਕਾਫੀ ਦੂਰ ਹਨ ਅਤੇ ਰੇਂਜ ਤੋਂ ਵੀ ਬਾਹਰ ਹਨ। ਇਸ ਦੌਰਾਨ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਟਰੱਕ ਨੂੰ ਰੋਕਿਆ ਤਾਂ ਸਾਮਾਨ ਦੀ ਕੀਮਤ ਜਾਂਚਣ ਤੋਂ ਬਾਅਦ ਲੋਹੇ ਦੇ ਸਕਰੈਪ ’ਤੇ 4.80 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਸੋਨੀਪਤ ਤੋਂ ਆਏ ਸਮਰਸੀਬਲ ਪੰਪ ਤੇ ਪੱਟੀ ਜਾਣ ਵਾਲੇ ਹਾਰਡਵੇਅਰ ਟਰੱਕ ਨੂੰ ਘੇਰ ਕੇ ਤਿੰਨ ਵਾਹਨਾਂ ਵਿਰੁੱਧ ਕੀਤੀ ਕਾਰਵਾਈ
ਇਸੇ ਕੜੀ ਅਧੀਨ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਇਕ ਲੋਡ ਹੋਏ ਟਰੱਕ ਨੂੰ ਫੜਿਆ। ਇਹ ਸਮਰਸੀਬਲ ਪੰਪ ਲੈ ਕੇ ਅੰਮ੍ਰਿਤਸਰ ਆਇਆ ਹੋਇਆ ਸੀ, ਜਦੋਂ ਉਕਤ ਅੰਮ੍ਰਿਤਸਰ ਮੋਬਾਈਲ ਟੀਮ ਨੇ ਵਾਹਨ ਨੂੰ ਰੋਕ ਕੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਇਸ ’ਤੇ ਵਸੂਲੀ ਜਾਣ ਵਾਲੀ ਟੈਕਸ ਵਿਚ ਘਾਲਾਮਾਲਾ ਹੈ। ਬਾਰੀਕੀ ਨਾਲ ਕੀਤੀ ਗਈ ਚੈਕਿੰਗ ਦੌਰਾਨ ਜਦੋਂ ਮੋਬਾਇਲ ਵਿੰਗ ਦੇ ਅਧਿਕਾਰੀ ਨੇ ਟੈਕਸ ਬਚਾਉਣ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਤਾਂ ਟੈਕਸ ਚੋਰੀ ਕਰਨ ਵਾਲੇ ਜੁਰਮਾਨਾ ਭਰਨ ਲਈ ਰਾਜ਼ੀ ਹੋ ਗਏ। ਮੁਲਾਂਕਣ ਤੋਂ ਬਾਅਦ 3.12 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸੇ ਤਰ੍ਹਾਂ ਮੋਬਾਇਲ ਵਿੰਗ ਟੀਮ ਨੇ ਬਟਾਲਾ ਵਿਚ ਇਕ ਹੋਰ ਟਰੱਕ ਨੂੰ ਘੇਰ ਲਿਆ ਜਿਸ ’ਤੇ 82 ਹਜ਼ਾਰ ਰੁਪਏ ਦਾ ਟੈਕਸ ਵਸੂਲਿਆ ਗਿਆ। ਅਗਲੇ ਪੜਾਅ ’ਤੇ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਪਹਿਲਾਂ ਅੰਮ੍ਰਿਤਸਰ ਲੋਕਲ ਦੀ ਚੈਕਿੰਗ ਕੀਤੀ ਅਤੇ ਇੱਥੋਂ ਜ਼ਿਲਾ ਤਰਨਤਾਰਨ ਦੇ ਪੱਟੀ ਖੇਤਰ ਨੂੰ ਜਾ ਰਹੇ ਇੱਕ ਟਰੱਕ ਨੂੰ ਫੜਿਆ, ਜਿਸ ਵਿੱਚ ਹਾਰਡਵੇਅਰ ਲੋਡ ਹੋਇਆ ਸੀ। ਇਸ ’ਤੇ ਵੀ 1.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬੀ. ਡੀ. ਪੀ. ਓ. ਖੰਨਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ
ਰਾਜਸਥਾਨ ਦੀ ਸਰ੍ਹੋਂ ਅਤੇ ਟਾਂਡਾ ਦੀ ਖੰਡ ਲੈ ਕੇ ਫੜੇ 2 ਵਾਹਨ
ਜਦੋਂ ਮੋਬਾਇਲ ਟੀਮ ਨੇ ਜੰਡਿਆਲਾ, ਅੰਮ੍ਰਿਤਸਰ, ਤਰਨਤਾਰਨ ਨੇੜੇ ਨਾਕਾਬੰਦੀ ਕੀਤੀ ਤਾਂ ਰਾਜਸਥਾਨ ਤੋਂ ਅੰਮ੍ਰਿਤਸਰ ਵੱਲ ਆ ਰਹੇ ਇਕ ਸਰ੍ਹੋਂ ਦੇ ਟਰੱਕ ਨੂੰ ਰੋਕਿਆ ਗਿਆ, ਜਿਸ ਤੋਂ ਮਿਲੇ ਦਸਤਾਵੇਜ਼ਾਂ ਅਨੁਸਾਰ ਮੇਲ ਨਾ ਹੋਣ ਕਾਰਨ ਟੈਕਸ ਚੋਰੀ ਦਾ ਮਾਮਲਾ ਸੁਲਝ ਗਿਆ। ਦੂਜੇ ਪਾਸੇ ਟਾਂਡਾ ਤੋਂ ਖੰਡ ਦਾ ਇੱਕ ਟਰੱਕ ਵੀ ਕਾਬੂ ਕਰ ਲਿਆ। ਇੰਨ੍ਹਾਂ ਵਿਚ ਟੈਕਸ ਚੋਰੀ ਕਰਨ ਲਈ ਵੀ ਕਲਾਕਾਰੀ ਕੀਤੀ ਗਈ ਸੀ ਪਰ ਮੋਬਾਈਲ ਵਿੰਗ ਨੇ ਇਨ੍ਹਾਂ ਵਾਹਨਾਂ ’ਚੋਂ ਰਾਜਸਥਾਨ ਦੇ ਟਰੱਕ ’ਤੇ 3.48 ਲੱਖ ਰੁਪਏ ਅਤੇ ਟਾਂਡਾ ਦੀ ਖੰਡ ’ਤੇ 1.70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ।
ਦੇਸੀ ਘਿਓ ਨੂੰ ਵੀ ਲੱਗਾ ਤੜਕਾ
ਮੋਬਾਇਲ ਟੀਮ ਦੇ ਕਪਤਾਨ ਈ. ਟੀ. ਓ ਪੰਡਿਤ ਰਮਨ ਸ਼ਰਮਾ ਦੀ ਅਗਵਾਈ ’ਚ ਇਕ ਵਾਹਨ ਫੜਿਆ ਗਿਆ, ਜਿਸ ’ਚ ਦੇਸੀ ਘਿਓ ਲੱਦਿਆ ਹੋਇਆ ਸੀ। ਇਸ ’ਚ ਸਿੱਧੇ ਤੌਰ ’ਤੇ ਟੈਕਸ ਚੋਰੀ ਤਾ ਨਹੀਂ ਸੀ ਪਰ ਟੈਕਸ ਬਚਾਉਣ ’ਚ ਕਲਾ ਜ਼ਰੂਰ ਸੀ। ਆਮ ਤੌਰ ’ਤੇ ਅਜਿਹੇ ਵਾਹਨਾਂ ’ਚ ਟੈਕਸ ਦੀ ਚੋਰੀ ਨੂੰ ਫੜਨਾ ਬੇਹੱਦ ਮੁਸ਼ਕਲ ਹੁੰਦਾ ਹੈ। ਅਜਿਹੇ ਵਾਹਨ ਖੰਗਾਲਣੇ ਬਹੁਤ ਔਖੇ ਹੋ ਜਾਂਦੇ ਹਨ। ਮੋਬਾਈਲ ਵਿੰਗ ਨੇ ਪੂਰੀ ਮਿਹਨਤ ਲਾ ਕੇ ਇਹ ਵੀ ਪਤਾ ਲਗਾਇਆ ਕਿ ਇਸ ’ਚ ਪੂਰੇ ਬਿੱਲ ਨਹੀਂ ਲੱਗੇ ਸਨ। ਆਖ਼ਿਰਕਾਰ ਦੇਸੀ ਘਿਓ ਨੂੰ ਵੀ ਤੜਕਾ ਲੱਗਾ ਅਤੇ ਮੰਗਵਾਉਣ ਵਾਲੇ ਨੂੰ 75 ਹਜ਼ਾਰ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ’ਚ ਲੱਗੀ ਪੰਜਾਬ ਸਰਕਾਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬੀ. ਡੀ. ਪੀ. ਓ. ਖੰਨਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ
NEXT STORY