ਚੰਡੀਗੜ੍ਹ/ਤਰਨਤਾਰਨ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਵਿਦੇਸ਼ ਆਧਾਰਿਤ ਲੋੜੀਂਦੇ ਅੱਤਵਾਦੀਆਂ ਲਖਬੀਰ ਸਿੰਘ ਉਰਫ਼ ਲੰਡਾ ਅਤੇ ਸਤਬੀਰ ਉਰਫ਼ ਸੱਤਾ ਨਾਲ ਸਬੰਧ ਰੱਖਣ ਵਾਲੇ ਇਕ ਸਰਗਰਮ ਕਰਿੰਦੇ ਦੇ ਕਬਜ਼ੇ ’ਚੋਂ 10 ਪਿਸਤੌਲ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਨਕੋਦਰ ਦੇ ਪਿੰਡਾਂ ’ਚ ਰੋਡਸ਼ੋਅ ਦੌਰਾਨ ਬੋਲੇ CM ਮਾਨ, ‘ਅਸੀਂ ਪੰਜਾਬ ’ਚੋਂ ਭ੍ਰਿਸ਼ਟਾਚਾਰ ਤੇ ਮਾਫ਼ੀਆ ਕੀਤਾ ਖ਼ਤਮ’
ਫੜੇ ਗਏ ਮੁਲਜ਼ਮ ਦੀ ਪਛਾਣ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਪਿੰਡ ਧੁੰਨ ਢਾਈ ਵਾਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਹਾਲ ਹੀ ਵਿਚ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਇਆ ਹੈ। ਪੁਲਸ ਨੇ ਐੱਫ.ਆਈ.ਆਰ. ਵਿਚ ਸੁਖਦੀਪ ਸਿੰਘ ਉਰਫ਼ ਸੁੱਖ ਵਾਸੀ ਛੇਹਰਟਾ, ਅੰਮ੍ਰਿਤਸਰ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਯਾਦਵਿੰਦਰ ਸਿੰਘ ਉਰਫ਼ ਯਾਦਾ ਅਤੇ ਬਾਗੀ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ, ਸਿੱਖਾਂ ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਕੀਤੀ ਅਪੀਲ
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਲੰਡਾ ਅਤੇ ਸੱਤਾ ਵੱਲੋਂ ਦੱਸੇ ਗਏ ਟਿਕਾਣੇ ਤੋਂ ਮੁਲਜ਼ਮ ਗੁਰਭੇਜ ਮੈਗਜ਼ੀਨਾਂ ਸਮੇਤ ਪਿਸਤੌਲ ਬਰਾਮਦ ਕਰਕੇ ਆ ਰਿਹਾ ਹੈ, ਜਿਸ ’ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਸ ਟੀਮਾਂ ਨੇ ਤੁਰੰਤ ਜਾਲ ਵਿਛਾਇਆ ਅਤੇ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਤਾਂ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਉਸ ਦਾ ਪਲੈਟਿਨਾ ਮੋਟਰਸਾਈਕਲ ਕਬਜ਼ੇ ’ਚ ਲੈ ਲਿਆ ਹੈ ਅਤੇ ਉਸਦੇ ਕਬਜ਼ੇ ਵਿਚੋਂ ਬੈਗ ਬਰਾਮਦ ਕੀਤਾ ਹੈ, ਜਿਸ ’ਚ ਸੱਤ .32 ਬੋਰ ਅਤੇ ਤਿੰਨ .30 ਬੋਰ ਸਮੇਤ 10 ਪਿਸਤੌਲ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਭੇਜ ਭੇਜਾ ਨੇ ਆਪਣੇ ਇਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ, ਜੋ ਇਸ ਵੇਲੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਬੰਦ ਹੈ, ਨਾਲ ਮਿਲ ਕੇ ਲੰਡਾ ਅਤੇ ਸੱਤਾ ਦੀਆਂ ਹਦਾਇਤਾਂ ’ਤੇ ਅਸਲਾ ਪ੍ਰਾਪਤ ਕਰਨ ਅਤੇ ਸੂਬੇ ਵਿਚ ਕਤਲਾਂ ਸਮੇਤ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਰਮੀ ਚੀਫ਼ ਬਾਜਵਾ ਦੀ ਅਸ਼ਲੀਲ ਵੀਡੀਓ ਨਾਲ ਦੇਸ਼ ’ਚ ਆਇਆ ਭੂਚਾਲ
ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਭੇਜਾ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ ਅਤੇ ਗੈਂਗਸਟਰਾਂ ਵੱਲੋਂ ਉਸ ਨੂੰ ਕੰਮ ਦੇਣ ਦਾ ਲਾਲਚ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੇਜਾ ਗੈਂਗਸਟਰ ਯਾਦਵਿੰਦਰ ਯਾਦਾ ਅਤੇ ਜਰਮਨੀ ਆਧਾਰਿਤ ਬਾਗੀ ਸਿੰਘ ਦੇ ਸੰਪਰਕ ਵਿਚ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐੱਫ. ਆਈ. ਆਰ ਨੰ. 114 ਮਿਤੀ 04.05.2023 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਅਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀਆਂ ਧਾਰਾਵਾਂ 387 ਅਤੇ 120-ਬੀ ਤਹਿਤ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਨਕੋਦਰ ਦੇ ਪਿੰਡਾਂ ’ਚ ਰੋਡਸ਼ੋਅ ਦੌਰਾਨ ਬੋਲੇ CM ਮਾਨ, ‘ਅਸੀਂ ਪੰਜਾਬ ’ਚੋਂ ਭ੍ਰਿਸ਼ਟਾਚਾਰ ਤੇ ਮਾਫ਼ੀਆ ਕੀਤਾ ਖ਼ਤਮ’
NEXT STORY