ਮੋਗਾ (ਗੋਪੀ)-ਪੰਜਾਬ ਪੈਨਸ਼ਨਰਜ਼ ਯੂਨੀਅਨ ਮੋਗਾ ਦੀ ਮੀਟਿੰਗ ਕਾਮਰੇਡ ਸਤੀਸ਼ ਲੂੰਬਾ ਹਾਲ ਵਿਚ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਡਗਰੂ ਨੇ ਪੰਜਾਬ ਸਰਕਾਰ ਵੱਲੋਂ ਛੇ ਫੀਸਦੀ ਡੀ. ਏ. ਦੇਣ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮਜ਼ਾਕ ਦੱਸਿਆ। ਉਨ੍ਹਾਂ ਦਾ ਪੂਰੇ ਦੋ ਸਾਲਾਂ ਦਾ 16 ਫੀਸਦੀ ਡੀ.ਏ. ਬਣਦਾ ਹੈ। ਸਰਕਾਰ ਵੱਲੋਂ ਪੈਨਸ਼ਨਰਾਂ ਨਾਲ, ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਤੋਂ ਸਰਕਾਰ ਮੁੱਕਰ ਗਈ। ਸਮਾਜਕ ਸੁਰੱਖਿਆ ਤਹਿਤ ਹਰ ਵਰਗ ਦੇ ਬਜ਼ੁਰਗਾਂ ਲਈ ਪੈਨਸ਼ਨ ਬਹੁਤ ਜ਼ਰੂਰੀ ਹੈ। ਇਸ ਦੌਰਾਨ ਓਂਕਾਰ ਸਿੰਘ, ਜਸਪਾਲ ਸਿੰਘ, ਪੋਹਲਾ ਸਿੰਘ, ਨਿਰੰਜਣ ਸਿੰਘ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਪਿਛਲੇ 22 ਮਹੀਨਿਆਂ ਦਾ ਡੀ.ਏ. ਦਾ ਬਕਾਇਆ ਜਾਰੀ ਕੀਤਾ ਜਾਵੇ, ਅੰਤਰਿਮ ਰਿਲੀਫ ਪੰਜ ਫੀਸਦੀ ਤੋਂ ਵਧਾ ਕੇ 25 ਫੀਸਦੀ ਦਿੱਤਾ ਜਾਵੇ, 25 ਫੀਸਦੀ ਡੀ.ਏ. ਤਨਖਾਹ ਵਿਚ ਸ਼ਾਮਲ ਕੀਤਾ ਜਾਵੇ, ਸੇਵਾ ਮੁਕਤ ਮੁਲਾਜ਼ਮਾਂ ਨੂੰ ਹਾਊਸ ਰੈਂਟ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਖਾਲੀ ਅਸਾਮੀਆਂ ਪੂਰੇ ਗ੍ਰੇਡ ’ਤੇ ਭਰੀਆਂ ਜਾਣ, ਵੱਖ-ਵੱਖ ਸਕੀਮਾਂ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਜਗਦੀਸ਼ ਚਾਹਲ ਨੇ ਕਿਹਾ ਕਿ 13 ਫਰਵਰੀ ਨੂੰ ਮੰਗਾਂ ਨੂੰ ਲੈ ਕੇ ਮੋਹਾਲੀ ’ਚ ਪ੍ਰਦੇਸ਼ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ’ਚ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਅਜਮੇਰ ਸਿੰਘ ਨੇ ਅਧਿਆਪਕਾਂ ’ਤੇ ਪਟਿਆਲਾ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ। ਇਸ ਮੌਕੇ ਅਮਰ ਸਿੰਘ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਚਰਨ ਸਿੰਘ, ਮੱਘਰ ਸਿੰਘ ਆਦਿ ਪੈਨਸ਼ਨਰਜ਼ ਹਾਜ਼ਰ ਸਨ।
ਗਲੋਬਲ ਵਿਜ਼ਡਮ ਸਕੂਲ ’ਚ ਸਾਲਾਨਾ ਸਮਾਰੋਹ
NEXT STORY