ਮੋਗਾ (ਛਾਬਡ਼ਾ)- ਆਦਰਸ਼ ਸਕੂਲ ਮਨਾਵਾਂ ’ਚ ਪਿਛਲੇ ਲੰਬੇ ਸਮੇਂ ਤੋਂ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ਪਿਆ ’ਚ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕੂਲ ਦੇ ਅਧਿਆਪਕਾਂ ਵੱਲੋਂ ਆਪਣੀਆਂ ਤਨਖਾਹਾਂ ਨਾ ਮਿਲਣ ਨੂੰ ਲੈ ਕੇ ਪਹਿਲਾਂ ਵੀ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਮੈਨੇਜਮੈਂਟ ਖ਼ਿਲਾਫ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਮੈਨੇਜਮੈਂਟ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਕੇ ਬੱਚਿਆਂ ਦੀ ਪਡ਼੍ਹਾਈ ਨੂੰ ਖਰਾਬ ਕਰ ਰਹੀ ਹੈ। ਅਧਿਆਪਕ ਅਤੇ ਮੈਨੇਜਮੈਂਟ ਦੇ ਰੇਡ਼ਕੇ ਕਾਰਨ ਕਈ ਦਿਨ ਪਹਿਲਾਂ ਜ਼ਿਲੇ ਦੇ ਸਿੱਖਿਆ ਵਿਭਾਗ ਵੱਲੋਂ ਆਪਣੀ ਦਖਲ-ਅੰਦਾਜ਼ੀ ਨਾਲ ਮੈਨੇਜਮੈਂਟ ਅਤੇ ਅਧਿਆਪਕਾਂ ਵਿਚਕਾਰ ਵਿਵਾਦ ਨੂੰ ਸੁਲਝਾਉਣ ਲਈ ਅਧਿਆਪਕਾਂ ਤੇ ਮੈਨੇਜਮੈਂਟ ਦੀ ਸਹਿਮਤੀ ਨਾਲ ਮੈਡਮ ਹਰਿੰਦਰ ਕੌਰ ਨੂੰ ਸਕੂਲ ਇੰਚਾਰਜ ਬਣਾ ਦਿੱਤਾ ਗਿਆ ਅਤੇ ਅਧਿਆਪਕਾਂ ਦੀਆਂ ਬਾਕੀ ਰਹਿੰਦੀਆਂ ਤਨਖਾਹਾਂ ਵੀ ਜਲਦ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਕ ਵਾਰ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਹੁਣ ਇਕ ਵਾਰ ਫਿਰ ਅਧਿਆਪਕਾਂ ਵੱਲੋਂ ਸਕੂਲ ਮੈਨੇਜਮੈਂਟ ’ਤੇ ਦਖਲਅੰਦਾਜ਼ੀ ਦੇ ਦੋਸ਼ ਲਾਉਂਦਿਆਂ ਸਕੂਲ ਦੇ ਗੇਟ ਮੂਹਰੇ ਧਰਨਾ ਦਿੱਤਾ ਗਿਆ। ਧਰਨਾ ਦੇ ਰਹੇ ਅਧਿਆਪਕਾਂ ਨੇ ਕਿਹਾ ਸਕੂਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਨੇਜਮੈਂਟ ਨੂੰ ਸਕੂਲ ’ਚੋਂ ਬਾਹਰ ਕੀਤਾ ਜਾਵੇ। ਅਧਿਆਪਕਾਂ ਦੇ ਧਰਨੇ ਨੂੰ ਹਮਾਇਤ ਦੇਣ ਪੁੱਜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਸਹਾਇਕ ਸਕੱਤਰ ਗੁਰਚਰਨ ਸਿੰਘ, ਬਲਾਕ ਆਗੂ ਕੁਲਵੰਤ ਸਿੰਘ ਜ਼ੀਰਾ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪਰਮਜੀਤ ਸਿੰਘ ਜ਼ੀਰਾ ਆਦਿ ਆਗੂਆਂ ਨੇ ਕਿਹਾ ਕਿ ਆਦਰਸ਼ ਸਕੂਲ ਮਨਾਵਾਂ ਵਿਚ ਮੈਨੇਜਮੈਂਟ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਿੰਤਾ ਵਿੱਚ ਪਾਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਦਰਸ਼ ਸਕੂਲਾਂ ਦਾ ਸਿੱਧਾ ਪ੍ਰਬੰਧ ਆਪਣੇ ਹੱਥਾਂ ਵਿਚ ਲਵੇ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਆਪਣੀ ਦਖਲ-ਅੰਦਾਜ਼ੀ ਬੰਦ ਨਾ ਕੀਤੀ ਤਾਂ ਸਾਨੂੰ ਮਜਬੂਰੀਵੱਸ ਤਿੱਖਾ ਸੰਘਰਸ਼ ਕਰਨਾ ਪਵੇਗਾ।
ਮਾਤਾ ਗਿਆਨ ਕੌਰ ਗਰਚਾ ਦਾ ਅੰਤਿਮ ਸੰਸਕਾਰ ਅੱਜ
NEXT STORY