ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ-ਜੱਟਾਂ ਵਿਖੇ ਚਿੱਟੇ ਦੀ ਵਿੱਕਰੀ ਦੇ ਦੋਸ਼ਾਂ ਦੀ ਰੰਜਿਸ਼ ਕਾਰਣ ਦੋ ਧਿਰਾਂ ਵਿਚਕਾਰ ਕ੍ਰਿਪਾਨਾਂ ਅਤੇ ਡਾਂਗਾਂ ਚੱਲੀਆਂ। ਇਸ ਲੜਾਈ ਝਗੜੇ ਵਿਚ ਮਲਕੀਤ ਸਿੰਘ, ਹਰਮੇਸ਼ ਸਿੰਘ ਦੇ ਇਲਾਵਾ 4 ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਪਿੰਡ ਗੱਟੀ ਜੱਟਾਂ ਵਿਚ ਦੋ ਧਿਰਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਕ ਦੂਜੇ ਖ਼ਿਲਾਫ ਦੂਸ਼ਣਬਾਜ਼ੀ ਕਰਦੇ ਆ ਰਹੇ ਹਨ। ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਰਘਵਿੰਦਰ ਪ੍ਰਸ਼ਾਦ ਨੇ ਕਿਹਾ ਕਿ ਪੁਲਸ ਵੱਲੋਂ ਮਲਕੀਤ ਸਿੰਘ ਦੇ ਬਿਆਨਾਂ ’ਤੇ ਹਰਮੇਸ਼ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਨਿਵਾਸੀ ਪਿੰਡ ਗੱਟੀ ਜੱਟਾਂ, ਸੰਦੀਪ ਸਿੰਘ, ਗੋਸ਼ੀ ਨਿਵਾਸੀ ਸ਼ੇਰਪੁਰ ਤਾਇਬਾਂ ਅਤੇ 3-4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਦੂਸਰੀ ਧਿਰ ਦੇ ਹਰਮੇਸ਼ ਸਿੰਘ ਨਿਵਾਸੀ ਗੱਟੀ ਜੱਟਾਂ ਦੀ ਸ਼ਿਕਾਇਤ ’ਤੇ ਮਲਕੀਤ ਸਿੰਘ, ਗਿੰਦਰ ਸਿੰਘ, ਸੋਨੂੰ ਸਿੰਘ ਨਿਵਾਸੀ ਗੱਟੀ ਜੱਟਾਂ ਖਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿਚ ਦੋਸ਼ ਲਗਾਉਂਦਿਆਂ ਪਹਿਲੀ ਧਿਰ ਦੇ ਮਲਕੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਹਰਮੇਸ਼ ਸਿੰਘ ਅਤੇ ਉਸਦਾ ਭਰਾ ਚਿੱਟਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਪਿੰਡ ਵਿਚ ਨਸ਼ਾ ਛਡਾਉਣ ਲਈ ਬਣਾਈ ਗਈ ਕਮੇਟੀ ਨੂੰ ਗਾਲੀ-ਗਲੋਚ ਕਰਦੇ ਹਨ। ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ, ਜਿਸ ਕਾਰਨ ਉਨ੍ਹਾਂ ਸਾਡੇ ’ਤੇ ਹਮਲਾ ਕੀਤਾ। ਅਸੀਂ ਇਸ ਸਬੰਧ ਵਿਚ ਪੁਲਸ ਨੂੰ ਵੀ ਸੂਚਿਤ ਕੀਤਾ ਸੀ। ਜਦੋਂ ਮੈਂ ਸਰਪੰਚ ਨੂੰ ਨਾਲ ਲੈ ਕੇ ਚੌਂਕੀ ਨੂੰ ਜਾਣ ਲੱਗਾ ਸੀ ਤਾਂ ਕਥਿਤ ਦੋਸ਼ੀਆਂ ਹਰਬੰਸ ਸਿੰਘ ਅਤੇ ਉਸਦੇ ਸਾਥੀਆਂ ਨੇ ਮੈਂਨੂੰ ਘੇਰ ਲਿਆ ਅਤੇ ਉਨ੍ਹਾਂ ਮੈਨੂੰ ਅਤੇ ਮੇਰੇ ਭਤੀਜੇ ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਨੂੰ ਕੁੱਟ-ਮਾਰ ਕੀਤੀ। ਮੇਰੀ ਬੇਟੀ ਨੂੰ ਵੀ ਥੱਪੜ ਮਾਰੇ, ਉਸ ਨੇ ਭੱਜ ਕੇ ਜਾਨ ਬਚਾਈ।
ਉਸ ਨੇ ਕਿਹਾ ਕਿ ਇਸ ਝਗੜੇ ਵਿਚ ਇਕ ਔਰਤ ਦੀਆਂ ਵਾਲ੍ਹੀਆਂ ਵੀ ਲਾਹੀਆਂ ਗਈਆਂ ਅਤੇ ਮੇਰੇ 10 ਹਜ਼ਾਰ ਰੁਪਏ ਵੀ ਨਿਕਲ ਗਏ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਕਥਿਤ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਚਿੱਟਾ ਵੇਚਣ ਵਾਲੇ ਵਿਅਕਤੀਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ। ਦੂਸਰੀ ਧਿਰ ਦੇ ਹਰਬੰਸ ਸਿੰਘ ਨੇ ਕਿਹਾ ਕਿ ਜੋ ਵੀਡੀਓ ਵਾਇਰਲ ਕੀਤੀ ਗਈ ਹੈ, ਉਸ ਨਾਲ ਉਸ ਦਾ ਕੋਈ ਸਬੰਧ ਨਹੀਂ। ਕਥਿਤ ਦੋਸ਼ੀ ਮਲਕੀਤ ਸਿੰਘ ਆਦਿ ਉਸ ’ਤੇ ਚਿੱਟਾ ਵੇਚਣ ਦਾ ਝੂਠਾ ਦੋਸ਼ ਲਗਾ ਰਹੇ ਹਨ। ਮੈਂ 7 ਮਹੀਨੇ ਬਾਅਦ ਜੇਲ੍ਹ ਵਿਚੋਂ ਆਇਆਂ ਹਾਂ, ਮੈਂ ਗਲਤ ਕੰਮ ਨਹੀਂ ਕਰਦਾ। ਉਸ ਨੇ ਕਿਹਾ ਕਿ ਸਾਡਾ ਲੜਕਾ ਗਲੀ ਵਿਚ ਗਿਆ ਸੀ ਤਾਂ ਕਥਿਤ ਦੋਸ਼ੀ ਉਸ ਨੂੰ ਖਿੱਚ ਕੇ ਅੰਦਰ ਲੈ ਗਏ, ਜਦੋਂ ਅਸੀਂ ਉਸ ਨੂੰ ਛਡਾਉਣ ਲਈ ਗਏ ਤਾਂ ਸਾਡੇ ’ਤੇ ਡਾਂਗਾਂ ਅਤੇ ਤੇਜ਼ਧਾਰ ਕ੍ਰਿਪਾਨਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਅਸੀਂ ਇਸ ਸਬੰਧ ਵਿਚ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਇਹ ਵੀ ਦੋਸ਼ ਲਗਾ ਰਹੇ ਹਨ ਕਿ ਮੇਰੇ ਨਾਲ ਪੁਲਸ ਦੀ ਮਿਲੀਭੁਗਤ ਹੈ, ਝੂਠੇ ਅਤੇ ਬੇਬੁਨਿਆਦ ਹਨ, ਮੈਂਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿਚ ਜਦੋਂ ਚੌਂਕੀ ਇੰਚਾਰਜ ਰਘਵਿੰਦਰ ਪ੍ਰਸਾਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਪਿਛਲੇ ਕਾਫੀ ਸਮੇਂ ਤੋਂ ਇਕ ਦੂਸਰੇ ਖ਼ਿਲਾਫ ਦੋਸ਼ ਲਗਾਉਂਦੇ ਆ ਰਹੇ ਹਨ, ਜੇਕਰ ਮੈਂਨੂੰ ਕੋਈ ਵੀ ਵਿਅਕਤੀ ਚਿੱਟੇ ਦੀ ਵਿੱਕਰੀ ਸਬੰਧੀ ਕੋਈ ਜਾਣਕਾਰੀ ਦੇਵੇਗਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ। ਉਨ੍ਹਾਂ ਝੂਠੇ ਦੋਸ਼ ਲਗਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਝੂਠੇ ਦੋਸ਼ ਲਗਾਉਣੇ ਬੰਦ ਨਾ ਕੀਤੇ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਪੁਲਸ ਪ੍ਰਸ਼ਾਸਨ ਦੇ ਅਕਸ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ। ਅਸੀਂ ਕਿਸੇ ਵੀ ਕੀਮਤ ’ਤੇ ਗਲਤ ਵਿਅਕਤੀਆਂ ਨੂੰ ਨਹੀਂ ਬਖਸ਼ਾਂਗੇ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਖ਼ਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਰੇਆਮ 32 ਬੋਰ ਦੇ ਪਿਸਤੌਲ 'ਚ ਲੋਡ ਕੀਤੀਆਂ ਗੋਲੀਆਂ, ਸਾਥੀ ਨੇ ਕੀਤੇ ਫਾਇਰ ਤੇ ਹੁਣ...
NEXT STORY