ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਜੋ ਸੁਪਨੇ ਦਿਖਾਏ ਸਨ, ਸ਼ਾਹਕੋਟ ਵਾਸੀਆਂ ਲਈ ਕਿਸੇ ਮਜ਼ਾਕ ਤੋਂ ਘੱਟ ਨਹੀਂ ਹਨ। ਸ਼ਹਿਰ ਦੀ ਦਸ਼ਾ ਸੁਧਾਰਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਸੀ, ਉਹ ਵੀ ਕਰੀਬ 2 ਸਾਲਾਂ ਦਾ ਸਮਾਂ ਬੀਤਣ 'ਤੇ ਅਜੇ ਤੱਕ ਮੁਕੰਮਲ ਨਾ ਹੋਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਹੁਣ ਤਾਂ ਨੈਸ਼ਨਲ ਹਾਈਵੇ 'ਤੇ ਵੀ ਗੰਦੇ ਪਾਣੀ ਕਾਰਨ ਲੋਕਾਂ ਦਾ ਇਥੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਮੋਗਾ ਰੋਡ ਵਾਸੀਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪਹਿਲਾਂ ਹੀ ਸ਼ਹਿਰ ਦਾ ਗੰਦਾ ਪਾਣੀ ਨੈਸ਼ਨਲ ਹਾਈਵੇ 'ਤੇ ਖੜ੍ਹਾ ਰਹਿੰਦਾ ਸੀ, ਹੁਣ ਮੀਂਹ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਹ ਨਵੀਂ ਬਣੀ ਸੜਕ ਹੁਣ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਤੇ ਇਸ 'ਤੇ 2-2 ਫੁੱਟ ਡੂੰਘੇ ਟੋਏ ਪੈ ਗਏ ਹਨ ਤੇ ਇਥੋਂ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਖਾਸ ਕਰ ਕੇ ਦੋਪਹੀਆ ਵਾਹਨਾਂ ਲਈ ਤਾਂ ਇਹ ਸੜਕ ਬਹੁਤ ਹੀ ਖਤਰਨਾਕ ਬਣ ਚੁੱਕੀ ਹੈ, ਜਿਸ ਕਾਰਨ ਹੁਣ ਦੋਪਹੀਆ ਵਾਹਨਾਂ ਵਾਲੇ ਇੱਧਰ ਘੱਟ ਹੀ ਦਿਖਾਈ ਦਿੰਦੇ ਹਨ। ਵੱਡੇ ਵਾਹਨ ਟਰੱਕ ਵਗੈਰਾ ਵੀ ਇਨ੍ਹਾਂ ਡੂੰਘੇ ਟੋਇਆਂ 'ਚ ਫਸ ਕੇ ਇਥੇ ਖਰਾਬ ਖੜ੍ਹੇ ਆਮ ਦੇਖੇ ਜਾਂਦੇ ਹਨ। ਇਹ ਗੰਦਾ ਪਾਣੀ ਮੋਗਾ ਰੋਡ 'ਤੇ ਸਥਿਤ ਮਾਲਵਾ ਕਾਲੋਨੀ, ਜੈਨ ਕਾਲੋਨੀ, ਨੰਬਰਦਾਰ ਕਾਲੋਨੀ, ਮਾਡਲ ਟਾਊਨ ਵਗੈਰਾ 'ਚ ਜਾ ਕੇ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਇਨ੍ਹਾਂ ਕਾਲੋਨੀਆਂ ਦਾ ਸੰਪਰਕ ਬਾਕੀ ਸ਼ਹਿਰ ਨਾਲੋਂ ਟੁੱਟ ਗਿਆ ਹੈ ਕਿਉਂਕਿ ਨੈਸ਼ਨਲ ਹਾਈਵੇ ਹੀ ਨਹੀਂ, ਸਵਰਗ ਆਸ਼ਰਮ ਰੋਡ ਸਮੇਤ ਸਾਰੇ ਹੋਰ ਰਸਤੇ ਪਹਿਲਾਂ ਹੀ ਬੰਦ ਹਨ। ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਸ ਇਲਾਕੇ ਦੇ ਦੁਕਾਨਦਾਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ।
ਮੀਂਹ ਕਾਰਨ ਸੇਵਾ ਕੇਂਦਰ ਦਾ ਵੀ ਸੰਪਰਕ ਟੁੱਟਾ : ਪ੍ਰਸ਼ਾਸਨ ਨੇ ਕਰੀਬ ਇਕ ਸਾਲ ਪਹਿਲਾਂ ਮਾਲਵਾ, ਜੈਨ ਅਤੇ ਨੰਬਰਦਾਰ ਕਾਲੋਨੀਆਂ 'ਚ ਸੀਵਰੇਜ ਪਾਉਣ ਲਈ ਇਨ੍ਹਾਂ ਨੂੰ ਜਾਂਦੀਆਂ ਸਾਰੀਆਂ ਸੜਕਾਂ ਪੁੱਟ ਦਿੱਤੀਆਂ ਸਨ, ਜੋ ਕਿ ਅੱਜ ਤੱਕ ਨਹੀਂ ਬਣ ਸਕੀਆਂ। ਥਾਂ-ਥਾਂ 'ਤੇ ਡੂੰਘੇ ਟੋਏ ਪਏ ਹੋਏ ਹਨ, ਜਿਸ ਕਾਰਨ ਇਥੋਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਹੁਣ ਮਾਲਵਾ ਤੇ ਜੈਨ ਕਾਲੋਨੀ 'ਚ ਸਥਿਤ ਸੇਵਾ ਕੇਂਦਰ ਨੂੰ ਜਾਣ ਵਾਲੇ ਸਾਰੇ ਰਸਤੇ ਬਿਲਕੁਲ ਹੀ ਬੰਦ ਹੋ ਗਏ ਹਨ। ਇਲਾਕਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਨੂੰ ਜਾਣ ਵਾਲੀਆਂ ਸੜਕਾਂ ਦਾ ਤੁਰੰਤ ਨਿਰਮਾਣ ਕਰਵਾਇਆ ਜਾਵੇ।
ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ
NEXT STORY