ਜਲੰਧਰ (ਮਾਹੀ)- ਮਹਾਗਨਰ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਬਾਦਸਤੂਰ ਜਾਰੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਇਕ ਆਸ ਸੀ ਕਿ ਮਹਾਨਗਰ ਵਿਚ ਜੁਰਮ ’ਤੇ ਲਗਾਮ ਲੱਗੇਗੀ। ਖ਼ੁਦ ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਪੁਲਸ ਅਧਿਕਾਰੀਆਂ ਨਾਲ ਬੈਠਕ ਕਰਕੇ ਕਿਹਾ ਸੀ ਕਿ ਕਿਸੇ ਵੀ ਕੀਮਤ ’ਤੇ ਵੈਸਟ ਹਲਕੇ ਵਿਚ ਕੋਈ ਨਾਜਾਇਜ਼ ਕਾਰੋਬਾਰ ਨਹੀਂ ਹੋਣ ਦੇਣਗੇ ਪਰ ਵਿਧਾਇਕ ਦਾ ਇਹ ਦਾਅਵਾ ਸਿਰਫ਼ ਅਖ਼ਬਾਰੀ ਬਣ ਕੇ ਰਹਿ ਗਿਆ ਹੈ। ਸਿਆਸੀ ਸਰਪ੍ਰਸਤੀ ਦੇ ਤਹਿਤ ਵੱਧ ਰਹੇ ਸਮੱਗਲਿੰਗ ਦੇ ਧੰਦੇ ਕਾਰਨ ਬਸਤੀ ਬਾਵਾ ਖੇਲ ਥਾਣੇ ਦਾ ਇਲਾਕਾ ਸ਼ਹਿਰ ’ਚ ਵਿਕ ਰਹੀ ਨਾਜਾਇਜ਼ ਸ਼ਰਾਬ ਦਾ ਗੜ੍ਹ ਬਣ ਚੁੱਕਾ ਹੈ। ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦਾ ਕੋਈ ਮੁਹੱਲਾ ਅਜਿਹਾ ਨਹੀਂ, ਜਿਸ ਵਿਚ ਨਾਜਾਇਜ਼ ਸ਼ਰਾਬ ਨਹੀਂ ਵਿਕਦੀ। ਸੂਤਰਾਂ ਮੁਤਾਬਕ ਬਸਤੀ ਬਾਵਾ ਖੇਲ ਥਾਣੇ ਅਧੀਨ 35 ਤੋਂ ਜ਼ਿਆਦਾ ਵੀ. ਆਈ. ਪੀ. ਸ਼ਰਾਬ ਸਮੱਗਲਰ ਹਨ, ਜੋ ਸ਼ਰੇਆਮ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ।
ਸਿਰਫ਼ ਸਰਕਾਰੀ ਪਾਰਕ ’ਚ ਹੀ ਰੋਜ਼ਾਨਾ ਵਿਕ ਜਾਂਦੀਆਂ ਹਨ 200 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ
ਕਮਿਸ਼ਨਰੇਟ ਪੁਲਸ ਵੱਲੋਂ ਨਸ਼ਾ ਸਮੱਗਲਿੰਗ ’ਤੇ ਸਖ਼ਤੀ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ ਪਰ ਹਕੀਕਤ ਵਿਚ ਇਹ ਦਾਅਵੇ ਕਿਤੇ ਵੀ ਸਾਰਥਕ ਹੁੰਦੇ ਦਿਖਾਈ ਨਹੀਂ ਦੇ ਰਹੇ। ਬਸਤੀ ਬਾਵਾ ਖੇਲ ਇਲਾਕੇ ਵਿਚ ਆਉਂਦੇ ਇਕ ਮੰਦਿਰ ਅਤੇ ਦਰਗਾਹ ਨੇੜੇ ਸ਼ਮਸ਼ਾਨਘਾਟ ਦੇ ਸਾਹਮਣੇ ਵਾਲੀ ਸਰਕਾਰੀ ਪਾਰਕ ਵਿਚ ‘ਸ’ ਨਾਮਕ ਇਕ ਵਿਅਕਤੀ ਰੋਜ਼ 200 ਤੋਂ ਜ਼ਿਆਦਾ ਸ਼ਰਾਬ ਦੀਆਂ ਪੇਟੀਆਂ ਨੂੰ ਇਧਰ-ਉਧਰ ਸਪਲਾਈ ਕਰਦਾ ਹੈ। ਉਕਤ ਵਿਅਕਤੀ ਦੀ ਪਹੁੰਚ ਉੱਪਰ ਤੱਕ ਹੋਣ ਕਾਰਨ ਉਹ ਬਿਨਾਂ ਕਿਸੇ ਦੇ ਡਰ ਦੇ ਇਸ ਗੋਰਖਧੰਦੇ ਨੂੰ ਅੰਜਾਮ ਦਿੰਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ
ਲੜਾਈ-ਝਗੜੇ ਦੇ ਡਰ ਕਾਰਨ ਲੋਕ ਕੁਝ ਨਹੀਂ ਬੋਲਦੇ
ਮਿਲੀ ਜਾਣਕਾਰੀ ਮੁਤਾਬਕ ਜਾਂਚ ਵਿਚ ਪਤਾ ਲੱਗਾ ਹੈ ਕਿ ਸ਼ਮਸ਼ਾਨਘਾਟ ਦੇ ਸਾਹਮਣੇ ਪਾਰਕ ਵਿਚ ਰਾਤ ਨੂੰ ਸ਼ਰਾਬ ਦੀਆਂ ਪੇਟੀਆਂ ਉਤਰਦੀਆਂ ਹਨ ਅਤੇ ਅੱਗੇ ਸਪਲਾਈ ਹੁੰਦੀਆਂ ਹਨ। ਇਸ ਸਬੰਧੀ ਮੁਹੱਲਿਆਂ ਦੇ ਲੋਕਾਂ ਨੂੰ ਸਾਰੀ ਜਾਣਕਾਰੀ ਹੈ ਪਰ ਲੜਾਈ-ਝਗੜੇ ਦੇ ਡਰ ਕਾਰਨ ਲੋਕ ਕੁਝ ਨਹੀਂ ਬੋਲਦੇ ਅਤੇ ਪੁਲਸ ਨੂੰ ਵੀ ਸੂਚਨਾ ਨਹੀਂ ਦਿੰਦੇ। ਇਸ ਗੱਲ ਦਾ ਫਾਇਦਾ ਲੈਂਦੇ ਹੋਏ ਇਹ ਸਮੱਗਲਰ ਬੇਖੌਫ ਆਪਣੇ ਗੋਰਖਧੰਦੇ ਨੂੰ ਅੰਜਾਮ ਦਿੰਦੇ ਹਨ।
ਵਿਭਾਗੀ ਕਾਰਵਾਈ ਦਾ ਹਵਾਲਾ ਦੇ ਕੇ ਗੱਲ ਨੂੰ ਟਾਲ਼ ਦਿੱਤਾ
ਅਜਿਹਾ ਨਹੀਂ ਕਿ ਪੁਲਸ ਨੂੰ ਸ਼ਰਾਬ ਸਮੱਗਲਰਾਂ ਬਾਰੇ ਜਾਣਕਾਰੀ ਨਹੀਂ ਹੈ ਪਰ ਕਈ ਵਾਰ ਸਿਆਸੀ ਦਬਾਅ ਕਾਰਨ ਪੁਲਸ ਕੁਝ ਨਹੀਂ ਕਰ ਸਕਦੀ। ਦੱਸ ਦੇਈਏ ਕਿ ਬੀਤੇ ਦਿਨੀਂ ਸ਼ਹਿਰ ਵਿਚ ਕੁਝ ਵੀਡੀਓ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿਚ ਪੁਲਸ ਦੀਆਂ ਕਾਲੀਆਂ ਭੇਡਾਂ ਸ਼ਰਾਬ ਸਮੱਗਲਰਾਂ ਤੋਂ ਪੈਸੇ ਲੈਂਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਆ ਗਿਆ ਸੀ ਪਰ ਬਾਅਦ ਵਿਚ ਅਧਿਕਾਰੀਆਂ ਵੱਲੋਂ ਵਿਭਾਗੀ ਕਾਰਵਾਈ ਕੀਤੇ ਜਾਣ ਦਾ ਹਵਾਲਾ ਦੇ ਕੇ ਗੱਲ ਨੂੰ ਟਾਲ਼ ਦਿੱਤਾ ਗਿਆ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਹਿ ਚੁੱਕੇ 3 ਅਧਿਕਾਰੀ ਮੁਅੱਤਲ
ਰਾਜ ਨਗਰ, ਸ਼ਹੀਦ ਬਾਬੂ ਸਿੰਘ ਲਾਭ ਸਿੰਘ ਨਗਰ ’ਚ ਵੀ ਵਿਕਦੀ ਹੈ ਸ਼ਰਾਬ
ਬਸਤੀ ਬਾਵਾ ਖੇਲ ਦੇ ਨਾਲ ਲੱਗਦੇ ਰਾਜ ਨਗਰ ਅਤੇ ਸ਼ਹੀਦ ਬਾਬੂ ਸਿੰਘ ਲਾਭ ਸਿੰਘ ਨਗਰ ਸਮੇਤ ਕਈ ਹੋਰ ਮੁਹੱਲਿਆਂ ਵਿਚ ਵੀ ਸ਼ਰੇਆਮ ਸ਼ਰਾਬ ਵਿਕਦੀ ਹੈ। ਇਨ੍ਹਾਂ ਸ਼ਰਾਬ ਸਮੱਗਲਰਾਂ ਨੇ ਅੱਗੇ ਆਪਣੇ ਕਰਿੰਦੇ ਰੱਖੇ ਹੋਏ ਹਨ, ਜੋ ਮੋਟਰਸਾਈਕਲਾਂ ਅਤੇ ਕਾਰਾਂ ਵਿਚ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ। ‘ਸ’ ਨਾਮ ਦੇ ਵਿਅਕਤੀ ਉੱਪਰ ਵੀ ਇਕ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ। ਸੂਤਰਾਂ ਅਨੁਸਾਰ ਥਾਣੇ ਵਿਚ ਕਈ ਮੁਲਾਜ਼ਮਾਂ ਨਾਲ ਉਸ ਦੀ ਚੰਗੀ ਸੈਟਿੰਗ ਹੈ, ਜੋ ਰੇਡ ਹੋਣ ਤੋਂ ਪਹਿਲਾਂ ਹੀ ਰੇਡ ਦੀ ਸੂਚਨਾ ਉਸ ਨੂੰ ਦੇ ਦਿੰਦੇ ਹਨ।
ਸਮੱਗਲਰਾਂ ਅਤੇ ਸੱਟੇਬਾਜ਼ਾਂ ਨੂੰ ਵੀ. ਆਈ. ਪੀ. ਟਰੀਟਮੈਂਟ
ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਵਿਚ ਨਾਜਾਇਜ਼ ਸ਼ਰਾਬ ਸਮੱਗਲਰ ਅਤੇ ਸੱਟੇਬਾਜ਼ੀ ਦਾ ਕਾਰੋਬਾਰ ਕਰਦੇ ਅਨੇਕਾਂ ਸਮੱਗਲਰਾਂ ਅਤੇ ਸੱਟੇਬਾਜ਼ਾਂ ਨੂੰ ਨੇਤਾਵਾਂ ਦੇ ਦਫ਼ਤਰਾਂ ਵਿਚ ਵੀ. ਆਈ. ਪੀ. ਟਰੀਟਮੈਂਟ ਮਿਲਦਾ ਹੈ, ਇਸ ਕਾਰਨ ਪੁਲਸ ਵੀ ਇਨ੍ਹਾਂ ਸਮੱਗਲਰਾਂ ਅਤੇ ਸੱਟੇਬਾਜ਼ਾਂ ’ਤੇ ਹੱਥ ਪਾਉਣ ਦੀ ਗੁਰੇਜ਼ ਕਰਦੇ ਹਨ। ਇਨ੍ਹਾਂ ਸਮੱਗਲਰਾਂ ਅਤੇ ਸੱਟੇਬਾਜ਼ਾਂ ਦੀ ਪਹੁੰਚ ਇੰਨੀ ਹੈ ਕਿ ਚੋਣਾਂ ਦੌਰਾਨ ਬਾਜ਼ੀ ਪਲਟਣ ਦੀ ਵੀ ਇਹ ਤਾਕਤ ਰੱਖਦੇ ਹਨ।
‘ਬਸਤੀ ਬਾਵਾ ਖੇਲ ਇਲਾਕੇ ਵਿਚ ਪੁਲਸ ਬਹੁਤ ਸਖ਼ਤੀ ਵਰਤ ਰਹੀ ਹੈ। ਜਿੰਨੇ ਵੀ ਸ਼ਰਾਬ ਸਮੱਗਲਰ ਹਨ, ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਥਾਣਾ ਬਸਤੀ ਬਾਵਾ ਖੇਲ ਵਿਚ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਫਿਰ ਵੀ ਜੇਕਰ ਉਹ ਸਮੱਗਲਰ ਇਲਾਕੇ ਵਿਚ ਸ਼ਰਾਬ ਸਮੱਗਲਿੰਗ ਕਰਦੇ ਹਨ ਤਾਂ ਉਨ੍ਹਾਂ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ, ਜੇਕਰ ਕੋਈ ਮੁਲਾਜ਼ਮ ਕਿਸੇ ਨਾਲ ਕੋਈ ਲੈਣ-ਦੇਣ ਕਰਦਾ ਦੋਸ਼ੀ ਪਾਇਆ ਕਿ ਉਸ ਦੇ ਖ਼ਿਲਾਫ਼ ਵਿਭਾਗੀਕਾਰਵਾਈ ਕੀਤੀ ਜਾਵੇਗੀ।’
ਇਹ ਵੀ ਪੜ੍ਹੋ: ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੰਗਨਾ ਰਣੌਤ ਪਹੁੰਚੀ ਹਾਈਕੋਰਟ: ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ
NEXT STORY