ਅੰਮ੍ਰਿਤਸਰ, (ਸੰਜੀਵ)- ਪੁਲਸ ਕਮਿਸ਼ਨਰ ਦਫ਼ਤਰ ਦੇ ਠੀਕ ਸਾਹਮਣੇ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ-ਖੋਹ ਦੀ ਵਾਰਦਾਤ ਦੌਰਾਨ ਆਪਣੀ ਧੀ ਦੇ ਨਾਲ ਘਰ ਪਰਤ ਰਹੀ ਪਰਮਜੀਤ ਕੌਰ ਨਿਵਾਸੀ ਮਾਹਲਾ ਵਾਲੀ ਗੁੰਮਟਾਲਾ ਦਾ ਐਕਟਿਵਾ ਤੋਂ ਸੰਤੁਲਨ ਵਿਗਡ਼ਿਅਾ ਅਤੇ ਦੋਵੇਂ ਮਾਂ-ਧੀ ਸਡ਼ਕ ’ਤੇ ਡਿੱਗ ਗਈਆਂ। ਗੰਭੀਰ ਰੂਪ ’ਚ ਜ਼ਖ਼ਮੀ ਹੋਈ ਪਰਮਜੀਤ ਕੌਰ ਘਟਨਾ ਸਥਾਨ ’ਤੇ ਹੀ ਦਮ ਤੋਡ਼ ਗਈ ਜਦੋਂ ਕਿ ਉਸ ਦੀ ਧੀ ਕਿਰਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਡ਼ਕ ਤੋਂ ਲੰਘ ਰਹੇ ਕੁਝ ਲੋਕਾਂ ਨੇ ਤੁਰੰਤ ਮਾਂ-ਧੀ ਨੂੰ ਚੁੱਕਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਧੀ ਦੇ ਚਿਹਰੇ ਤੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ, ਜਿਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਜਨਾਲਾ ਰੋਡ ਸਥਿਤ ਪੁਰਾਣੀ ਜੇਲ ਦੇ ਨੇਡ਼ੇ ਰਹਿਣ ਵਾਲੀ ਪਰਮਜੀਤ ਕੌਰ ਅੱਜ ਸ਼ਾਮ ਆਪਣੀ ਧੀ ਕਿਰਨਪ੍ਰੀਤ ਕੌਰ ਦੇ ਨਾਲ ਪੁਤਲੀਘਰ ਉਸ ਦੇ ਵਿਆਹ ਦੀ ਖਰੀਦੋ-ਫਰੋਖਤ ਕਰਨ ਤੇ ਆਪਣਾ ਦੰਦ ਵਿਖਾਉਣ ਲਈ ਗਈ ਸੀ। ਪੁਤਲੀਘਰ ਤੋਂ 8.30 ਵਜੇ ਜਦੋਂ ਦੋਵੇਂ ਵਾਪਸ ਆ ਰਹੀਅਾਂ ਸਨ ਤਾਂ ਪੁਲਸ ਕਮਿਸ਼ਨਰ ਦਫ਼ਤਰ ਦੇ ਠੀਕ ਸਾਹਮਣੇ ਪਿੱਛਿਓਂ ਆਏ ਦੋ ਬਾਈਕ ਸਵਾਰ ਲੁਟੇਰਿਆਂ ਨੇ ਪਰਮਜੀਤ ਕੌਰ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਪਰਸ ਪਰਮਜੀਤ ਕੌਰ ਦੇ ਹੱਥ ਵਿਚ ਫਸ ਗਿਆ ਤੇ ਉਨ੍ਹਾਂ ਦੀ ਧੀ ਐਕਟਿਵਾ ਤੋਂ ਆਪਣਾ ਸੰਤੁਲਨ ਖੋਹ ਬੈਠੀ। ਉਸ ਦੌਰਾਨ ਦੋਵੇਂ ਸਡ਼ਕ ’ਤੇ ਡਿੱਗ ਗਈਆਂ, ਜਿਸ ਵਿਚ ਪਰਮਜੀਤ ਕੌਰ ਦਾ ਮੂੰਹ ਤੇ ਸਿਰ ਸਡ਼ਕ ਨਾਲ ਜਾ ਟਕਰਾਇਆ ਤੇ ਉਹ ਖੂਨ ਨਾਲ ਲਥਪਥ ਹੋ ਗਈ। ਜਦੋਂ ਤੱਕ ਉਸ ਨੂੰ ਇਲਾਜ ਲਈ ਚੁੱਕਿਆ ਜਾਂਦਾ ਉਹ ਦਮ ਤੋਡ਼ ਚੁੱਕੀ ਸੀ। ਕਿਰਨਪ੍ਰੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਹਾਲੀ ਕਾਲਜ ਵਿਚ ਪ੍ਰੋਫੈਸਰ ਦੇ ਅਹੁਦੇ ’ਤੇ ਤਾਇਨਾਤ ਹੈ ਤੇ ਦਸੰਬਰ ਵਿਚ ਉਸ ਦਾ ਵਿਆਹ ਹੈ, ਜਿਸ ਕਾਰਨ ਅੱਜ ਦੋਵੇਂ ਮਾਂ-ਧੀ ਘਰੋਂ ਕੁਝ ਸਾਮਾਨ ਖਰੀਦਣ ਲਈ ਬਾਜ਼ਾਰ ਗਈਅਾਂ ਸਨ। ਵਾਰਦਾਤ ਦੇ ਉਪਰੰਤ ਉੱਥੋਂ ਲੰਘ ਰਹੇ ਇਕ ਰਾਹਗੀਰ ਨੇ ਦੋਵਾਂ ਮਾਂ-ਧੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮਰਨ ਵਾਲੀ ਪਰਮਜੀਤ ਕੌਰ ਆਂਗਣਵਾਡ਼ੀ ਟੀਚਰ ਸੀ ਤੇ ਉਨ੍ਹਾਂ ਦਾ ਪਤੀ ਮਲਕੀਤ ਸਿੰਘ ਕਾਰਪੋਰੇਸ਼ਨ ਵਿਚ ਨੌਕਰੀ ਕਰਦਾ ਹੈ।
ਜ਼ਿਲੇ 'ਚ ਡੇਂਗੂ ਦਾ ਖਤਰਾ ਵਧਿਆ, 35 ਸਥਾਨਾਂ 'ਤੇ ਮਿਲਿਆ ਮੱਛਰ ਦਾ ਲਾਰਵਾ
NEXT STORY