ਚੰਡੀਗੜ੍ਹ (ਵੈਭਵ) : ਚੰਡੀਗੜ੍ਹ ਦੀ ਇਕ ਬੇਰਹਿਮ ਮਾਂ ਨੇ ਬੱਚਿਆਂ ਨੂੰ 15 ਦਿਨ ਭੁੱਖੇ ਰੱਖਿਆ ਅਤੇ ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਵਿਧਵਾ ਮਾਂ ਬੱਚਿਆਂ ਨੂੰ ਘਰ 'ਚ ਇਕੱਲੇ ਛੱਡ ਕੇ ਕਿਸੇ ਹੋਰ ਕੋਲ ਜਾ ਕੇ ਰਹਿਣ ਲੱਗ ਗਈ। ਇਹ ਮਾਮਲਾ ਧਨਾਸ ਦੇ ਛੋਟੇ ਫਲੈਟਾਂ ਦਾ ਹੈ। ਬੱਚਿਆਂ ਦੀ ਸ਼ਿਕਾਇਤ ਤੋਂ ਬਾਅਦ ਚਾਈਲਡ ਵੈੱਲਫੇਅਰ ਕਮੇਟੀ ਨੇ ਉਨ੍ਹਾਂ ਦੀ ਮਾਂ 'ਤੇ ਜੁਵੇਨਾਈਲ ਜਸਟਿਸ ਐਕਟ 2015 ਤਹਿਤ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਬੱਚਿਆਂ ਨੂੰ ਰੈਸਕਿਊ ਕਰ ਕੇ ਉਚਿਤ ਇਨਸਾਫ਼ ਦਿਵਾਉਣ ਲਈ ਆਪਣੇ ਕੋਲ ਰੱਖਿਆ ਹੈ।
ਬੱਚਿਆਂ ਦੀ ਸ਼ਿਕਾਇਤ 'ਤੇ ਪਹੁੰਚੀ ਟੀਮ
ਜ਼ਿਲਾ ਚਾਈਲਡ ਪ੍ਰੋਟੈਕਸ਼ਨ ਅਫਸਰ ਡੀ. ਸੀ. ਪੀ. ਓ. ਤਬੱਸੁਮ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇਕ ਕਾਲ ਆਈ ਸੀ, ਜਿਸ 'ਚ ਪੀੜਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਉਸ ਦੀ ਅਤੇ ਉਸ ਦੇ ਭੈਣ-ਭਰਾਵਾਂ ਨਾਲ ਕੁੱਟਮਾਰ ਕਰਦੀ ਹੈ, ਖਾਣ ਨੂੰ ਨਹੀਂ ਦਿੰਦੀ। ਸੂਚਨਾ ਮਿਲਦੇ ਹੀ ਡੀ. ਸੀ. ਪੀ. ਓ. ਤਬੱਸੁਮ ਖਾਨ ਦੀ ਅਗਵਾਈ 'ਚ ਚਾਈਲਡ ਪ੍ਰੋਟੈਕਸ਼ਨ ਅਫਸਰ ਮੁਹੰਮਦ ਈਰਸ਼ਾਦ, ਲੀਗਲ ਅਫਸਰ ਪ੍ਰਭਦੀਪ ਕੌਰ ਅਤੇ ਸਮਾਜਿਕ ਵਰਕਰ ਨੇਹਾ ਸ਼ਰਮਾ ਨੇ ਧਨਾਸ ਦੇ ਛੋਟੇ ਫਲੈਟਾਂ ਦਾ ਦੌਰਾ ਕੀਤਾ।
ਪਿਤਾ ਚੱਲ ਵਸੇ ਅਤੇ ਮਾਂ ਕਿਸੇ ਹੋਰ ਨਾਲ ਰਹਿ ਰਹੀ
ਡੀ. ਸੀ. ਪੀ. ਓ. ਤਬੱਸੁਮ ਖਾਨ ਨੇ ਦੱਸਿਆ ਕਿ ਨਾਬਾਲਗ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਮਾਂ ਵਿਧਵਾ ਹੈ। ਪਿਤਾ ਦਾ ਦਿਹਾਂਤ ਸਾਲ 2016 'ਚ ਹੋ ਗਿਆ ਸੀ। ਉਸ ਤੋਂ ਬਾਅਦ ਉਹ ਸੈਕਟਰ-25 ਨਿਵਾਸੀ ਦੇ ਨਾਲ ਉਸ ਦੇ ਘਰ 'ਚ ਰਹਿਣ ਲੱਗ ਗਈ। ਰੇਖਾ ਦੇ ਵੱਖ ਹੋਣ ਤੋਂ ਬਾਅਦ ਤਿੰਨੇ ਬੱਚੇ ਧਨਾਸ 'ਚ ਇਕੱਲੇ ਰਹਿੰਦੇ ਹਨ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੇ ਰਿਸ਼ਤੇਦਾਰ ਵੀ ਉਨ੍ਹਾਂ ਨੂੰ ਦੇਖਣ ਨਹੀਂ ਆਉਂਦੇ।
ਘਰ 'ਚ ਕੋਈ ਲੋੜ ਦਾ ਸਾਮਾਨ ਨਹੀਂ ਸੀ
ਪੀੜਤਾਂ ਨੇ ਦੱਸਿਆ ਕਿ ਉਸ ਦੀ ਮਾਂ ਉਨ੍ਹਾਂ ਨੂੰ ਖਾਣ ਲਈ ਖਾਣਾ ਤਾਂ ਕੀ, ਕੋਈ ਖਰਚ ਤੱਕ ਨਹੀਂ ਦਿੰਦੀ ਸੀ। ਜਦੋਂ ਟੀਮ ਨੇ ਧਨਾਸ ਦੇ ਛੋਟੇ ਫਲੈਟਾਂ ਦਾ ਦੌਰਾ ਕੀਤਾ ਤਾਂ ਪਾਇਆ ਕਿ ਬੱਚਿਆਂ ਨੇ ਕਰੀਬ 15 ਤੋਂ 20 ਦਿਨਾਂ ਤੋਂ ਕੁੱਝ ਨਹੀਂ ਖਾਧਾ ਸੀ। ਟੀਮ ਨੇ ਉਨ੍ਹਾਂ ਦੇ ਘਰ ਰਾਸ਼ਨ ਪੁਆਇਆ ਅਤੇ ਉਨ੍ਹਾਂ ਨੂੰ ਖਾਣ ਲਈ ਦਿੱਤਾ। ਟੀਮ ਨੇ ਉੱਥੇ ਇਹ ਵੀ ਪਾਇਆ ਕਿ ਘਰ 'ਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਲੋੜ ਦਾ ਸਾਮਾਨ ਨਹੀਂ ਹੈ।
ਟੀਮ ਦੇ ਸਾਹਮਣੇ ਹੀ ਬੱਚਿਆਂ ਨੂੰ ਕੁੱਟਣ ਲੱਗੀ
ਟੀਮ ਨੂੰ ਦੱਸਿਆ ਗਿਆ ਕਿ ਪੀੜਤਾ ਦੀ ਮਾਂ ਉਨ੍ਹਾਂ ਨੂੰ ਲੱਤਾਂ-ਮੁੱਕਿਆਂ ਨਾਲ ਮਾਰਦੀ ਸੀ, ਗਾਲ੍ਹਾਂ ਦਿੰਦੀ ਸੀ। ਉਥੇ ਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਬੱਚਿਆਂ ਨੇ ਉਸ ਖਿਲਾਫ ਸ਼ਿਕਾਇਤ ਕੀਤੀ ਹੈ ਤਾਂ ਉਸ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਧਮਕੀਆਂ ਦਿੱਤੀਆਂ। ਜਦੋਂ ਇਹ ਘਟਨਾ ਵਾਪਰੀ ਤਦ ਡੀ. ਸੀ. ਪੀ. ਯੂ. ਅਤੇ ਚਾਈਲਡ ਲਾਈਨ ਸਟਾਫ ਦੀ ਟੀਮ ਉੱਥੇ ਮੌਜੂਦ ਸੀ। ਜਦੋਂ ਟੀਮ ਦੇ ਮੈਂਬਰਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਟੀਮ ਦੇ ਮੈਂਬਰਾਂ ਨੂੰ ਵੀ ਗਾਲ੍ਹਾਂ ਕੱਢੀਆਂ। ਟੀਮ ਨੇ ਇੰਨਾ ਸਭ ਹੋਣ ਦੇ ਬਾਵਜੂਦ ਮਾਂ ਨੂੰ ਸਮਝਾਇਆ ਕਿ ਬੱਚਿਆਂ ਦੀ ਜ਼ਿੰਮੇਵਾਰੀ ਉਸਦੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਲੋੜ ਦਾ ਸਾਰਾ ਸਾਮਾਨ ਉਪਲਬਧ ਕਰਵਾਏ ਪਰ ਉਸਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਲਗਾਤਾਰ ਗਾਲ੍ਹਾਂ ਕੱਢਦੀ ਰਹੀ। ਟੀਮ ਸਾਹਮਣੇ ਉਸ ਨੇ ਬੱਚਿਆਂ ਨੂੰ ਧਮਕੀ ਦਿੱਤੀ ਕਿ ਉਹ ਇਸ ਦਾ ਬਦਲਾ ਉਨ੍ਹਾਂ ਤੋਂ ਲੈ ਕੇ ਰਹੇਗੀ।
ਜਲਾਲਾਬਾਦ : ਜ਼ਿਮਨੀ ਚੋਣਾਂ ਨੂੰ ਲੈ ਕੇ ਗੋਲਡੀ ਕੰਬੋਜ਼ ਹੋਏ ਸਰਗਰਮ
NEXT STORY