ਲੁਧਿਆਣਾ, (ਮਹੇਸ਼)- ਈ. ਐੱਸ. ਆਈ. ਹਸਪਤਾਲ ਦੀ ਇਕ ਨਰਸ ਨੇ ਚੰਦ ਪੈਸਿਆਂ ਦੇ ਕਥਿਤ ਲਾਲਚ 'ਚ ਆਪਣੇ ਘਰ 'ਚ ਹੀ ਗਰਭਵਤੀ ਔਰਤ ਦੀ ਨਾਰਮਲ ਡਲਿਵਰੀ ਕਰਵਾਉਣ ਦਾ ਯਤਨ ਕੀਤਾ, ਜਿਸ 'ਚ ਜੱਚਾ-ਬੱਚਾ ਦੀ ਮੌਤ ਹੋ ਗਈ। ਪੁਲਸ ਨੇ ਨਰਸ ਨੂੰ ਹਿਰਾਸਤ 'ਚ ਲੈ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ 22 ਸਾਲਾ ਸ਼ੀਲੂ ਦੇਵੀ ਦੇ ਰੂਪ ਵਿਚ ਹੋਈ ਹੈ, ਜੋ ਕਿ ਮੂਲ-ਰੂਪ 'ਚ ਬਿਹਾਰ ਦੇ ਜ਼ਿਲਾ ਸਹਰਸਾ ਦੀ ਰਹਿਣ ਵਾਲੀ ਸੀ ਅਤੇ ਇਥੇ ਸਲੇਮ ਟਾਬਰੀ ਦੇ ਅਸ਼ੋਕ ਨਗਰ ਇਲਾਕੇ 'ਚ ਆਪਣੇ ਪਤੀ ਸੰਤੋਸ਼ ਨਾਲ ਰਹਿੰਦੀ ਸੀ। ਸੰਤੋਸ਼ ਇਕ ਹੌਜ਼ਰੀ 'ਚ ਕੰਮ ਕਰਦਾ ਹੈ। ਸ਼ੀਲੂ ਦੀ ਇਹ ਪਹਿਲੀ ਡਲਿਵਰੀ ਸੀ। ਸੰਤੋਸ਼ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 9ਵਾਂ ਮਹੀਨਾ ਚੱਲ ਰਿਹਾ ਸੀ। ਨਰਸ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਹਸਪਤਾਲ ਦੀ ਬਜਾਏ ਉਹ ਘਰ 'ਚ ਉਸ ਦੀ ਪਤਨੀ ਦੀ ਨਾਰਮਲ ਡਲਿਵਰੀ ਕਰਵਾਏਗੀ, ਜਿਸ ਲਈ ਉਹ 5000 ਰੁਪਏ ਲਵੇਗੀ। ਉਹ ਨਰਸ ਦੇ ਝਾਂਸੇ 'ਚ ਆ ਗਿਆ। ਇਸ ਤੋਂ ਬਾਅਦ ਉਹ ਆਪਣੀ ਪਤਨੀ ਦਾ ਨਰਸ ਤੋਂ ਚੈੱਕਅਪ ਕਰਵਾਉਣ ਲੈ ਗਿਆ।
ਸ਼ਨੀਵਾਰ ਨੂੰ ਡਲਿਵਰੀ ਲਈ ਨਰਸ ਨੇ ਆਪਣੇ ਘਰ ਬੁਲਾਇਆ। ਚੈੱਕਅਪ ਕਰਨ ਤੋਂ ਬਾਅਦ ਨਰਸ ਨੇ ਉਸ ਦੀ ਪਤਨੀ ਦੇ ਕੁਝ ਟੈਸਟ ਅਤੇ ਸਕੈਨ ਕਰਵਾਉਣ ਨੂੰ ਕਿਹਾ, ਜੋ ਉਸ ਨੇ ਕਰਵਾ ਕੇ ਨਰਸ ਨੂੰ ਰਿਪੋਰਟ ਦਿਖਾ ਦਿੱਤੀ। ਰਿਪੋਰਟ ਚੈੱਕ ਕਰਨ ਦੇ ਬਾਅਦ ਨਰਸ ਨੇ ਕਿਹਾ ਕਿ ਉਸ ਦੀ ਪਤਨੀ ਦੇ ਸਰੀਰ 'ਚ ਪਾਣੀ ਦੀ ਕਮੀ ਹੈ, ਜਿਸ ਕਾਰਨ ਇਸ ਨੂੰ ਗੁਲੂਕੋਜ਼ ਲਾਉਣਾ ਪਵੇਗਾ।
ਸੰਤੋਸ਼ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਉਸ ਨੂੰ ਨਰਸ ਦਾ ਫੋਨ ਆਇਆ, ਜਿਸ 'ਤੇ ਉਹ ਉਸ ਨੂੰ ਗ੍ਰੀਨ ਲੈਂਡ ਦੇ ਪਿੱਛੇ ਅਮਨ ਨਗਰ ਸਥਿਤ ਨਰਸ ਦੇ ਘਰ ਲੈ ਗਿਆ, ਜਿਥੇ ਨਰਸ ਨੇ ਉਸ ਦੀ ਪਤਨੀ ਨੂੰ ਗੁਲੂਕੋਜ਼ ਦੀਆਂ 2 ਬੋਤਲਾਂ ਲਾਈਆਂ ਤੇ ਸ਼ਾਮ ਨੂੰ ਕਰੀਬ 6 ਵਜੇ ਨਰਸ ਨੇ ਉਸ ਦੀ ਪਤਨੀ ਦੀ ਡਲਿਵਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਸੰਤੋਸ਼ ਦਾ ਦੋਸ਼ ਹੈ ਕਿ ਨਰਸ ਦੀ ਕਥਿਤ ਲਾਪ੍ਰਵਾਹੀ ਕਾਰਨ ਡਲਿਵਰੀ ਦੌਰਾਨ ਦਮ ਘੁਟਣ ਨਾਲ ਉਸ ਦੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਪਤਨੀ ਦੀ ਵੀ ਹਾਲਤ ਵਿਗੜ ਗਈ, ਜਿਸ 'ਤੇ ਨਰਸ ਨੇ ਉਸ ਦੀ ਪਤਨੀ ਨੂੰ ਇਕ ਇੰਜੈਕਸ਼ਨ ਵੀ ਦਿੱਤਾ ਪਰ ਜਦ ਉਸ ਦੀ ਹਾਲਤ 'ਚ ਕੋਈ ਸੁਧਾਰ ਨਾ ਹੋਇਆ ਤਾਂ ਤੁਰੰਤ ਸ਼ੀਲੂ ਨੂੰ ਵੱਡੇ ਹਸਪਤਾਲ ਲਿਜਾਣ ਲਈ ਕਹਿ ਦਿੱਤਾ।
ਇਸ 'ਤੇ ਨਰਸ ਅਤੇ ਨਰਸ ਦੇ ਬੇਟੇ ਨੇ ਖੁਦ ਹੀ ਆਟੋ ਦਾ ਪ੍ਰਬੰਧ ਕੀਤਾ ਅਤੇ ਉਸ ਦੀ ਪਤਨੀ ਨੂੰ ਆਟੋ 'ਚ ਪਾ ਕੇ 30 ਫੁੱਟਾ ਰੋਡ 'ਤੇ ਕੰਚਨ ਹਸਪਤਾਲ ਲੈ ਗਏ, ਜਿਥੇ 5 ਮਿੰਟ ਬਾਅਦ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਤਦ ਨਰਸ ਨੇ ਉਸ ਨੂੰ ਪਤਨੀ ਦੀ ਲਾਸ਼ ਉਥੋਂ ਲਿਜਾਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਅਤੇ ਆਪਣੇ ਜਾਣਕਾਰਾਂ ਅਤੇ ਪੁਲਸ ਨੂੰ ਬੁਲਾ ਲਿਆ। ਕੰਚਨ ਹਸਪਤਾਲ ਦੀ ਡਾਕਟਰ ਕੰਚਨ ਖੇੜਾ ਨੇ ਦੱਸਿਆ ਕਿ ਸ਼ਾਮ ਕਰੀਬ 7.30 ਤੋਂ 8 ਵਜੇ ਦੇ ਦਰਮਿਆਨ ਜਦ ਮਹਿਲਾ ਨੂੰ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਚੈੱਕਅਪ ਕਰਨ ਦੇ ਤੁਰੰਤ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਓਧਰ ਘਟਨਾ ਦੀ ਸੂਚਨਾ ਮਿਲਣ 'ਤੇ ਏ. ਐੱਸ. ਆਈ. ਸੁਖਪਾਲ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ, ਜਿਨ੍ਹਾਂ ਨੇ ਨਰਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣੇ ਲੈ ਗਏ। ਥਾਣਾ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੱਚਾ-ਬੱਚਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਮਰਿਆ ਹੋਇਆ ਬੱਚਾ ਪੈਦਾ ਹੋਇਆ ਸੀ
ਨਰਸ ਦਾ ਕਹਿਣਾ ਹੈ ਕਿ ਡਲਿਵਰੀ ਦੌਰਾਨ ਉਸ ਤੋਂ ਕੋਈ ਲਾਪ੍ਰਵਾਹੀ ਨਹੀਂ ਹੋਈ, ਜਦਕਿ ਉਸ ਨੇ ਸ਼ੀਲੂ ਦੀ ਡਲਿਵਰੀ ਕੀਤੀ ਤਾਂ ਬੱਚਾ ਮਰਿਆ ਹੋਇਆ ਪੈਦਾ ਹੋਇਆ। ਜਦਕਿ ਸ਼ੀਲੂ ਦੀਆਂ ਪਰਿਵਾਰਕ ਔਰਤਾਂ ਉਥੇ ਮੌਜੂਦ ਸਨ। ਮਰਿਆ ਹੋਇਆ ਬੱਚਾ ਪੈਦਾ ਹੁੰਦੇ ਹੀ ਉਨ੍ਹਾਂ ਔਰਤਾਂ ਨੇ ਰੋਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸ਼ੀਲੂ ਨੂੰ ਗਹਿਰਾ ਸਦਮਾ ਲੱਗਾ ਪਰ ਉਹ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੀ ਕਿ ਸਰਕਾਰੀ ਨਰਸ ਹੋਣ ਦੇ ਬਾਵਜੂਦ ਉਸ ਨੇ ਆਪਣੇ ਘਰ ਡਲਿਵਰੀ ਕਿਉਂ ਕਰਵਾਈ।
ਪੰਜਾਬ 'ਚ ਸਵਾਈਨ ਫਲੂ ਲਈ ਅਲਰਟ ਜਾਰੀ, ਬਦਲੇ ਵਾਇਰਸ ਕਾਰਨ ਸਿਹਤ ਅਧਿਕਾਰੀ ਸਹਿਮੇ
NEXT STORY