ਰੂੜੇਕੇ ਕਲਾਂ (ਮੁਖਤਿਆਰ)— ਇਲਾਕੇ ਦੇ ਇਕ ਪਿੰਡ 'ਚ ਇਕ ਲੜਕੀ ਦੇ ਪਿੰਡ ਦੇ ਨੌਜਵਾਨ ਨਾਲ ਸਬੰਧਾਂ ਤੋਂ ਦੁਖੀ ਮਾਂ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਇਕ ਲੜਕੀ ਦੇ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਨਾਲ ਸਬੰਧ ਸਨ ਜਿਸਦਾ ਉਸ ਦੇ ਮਾਂ-ਬਾਪ ਨੂੰ ਪਤਾ ਲੱਗਣ 'ਤੇ ਲੜਕੀ ਦੇ ਘਰ ਬੀਤੇ ਦਿਨ ਤੋਂ ਕਲੇਸ਼ ਪਿਆ ਹੋਇਆ ਸੀ। ਬਿਤੀ ਰਾਤ ਤੋਂ ਲੜਕੀ ਘਰੋਂ ਲਾਪਤਾ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਮਾਪਿਆਂ ਵੱਲੋਂ ਸਾਰੀ ਰਾਤ ਲੱਭਣ 'ਤੇ ਜਦ ਲੜਕੀ ਨਾ ਮਿਲੀ ਤਾਂ ਉਨ੍ਹਾਂ ਸਵੇਰੇ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਲੜਨਾ-ਝਗੜਣਾ ਸ਼ੁਰੂ ਕਰ ਦਿੱਤਾ।
ਏ. ਐੱਸ. ਆਈ. ਗੁਰਸੇਵਕ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਪਹੁੰਚ ਕੇ ਲੜਕੀ ਤੇ ਲੜਕੇ ਨੂੰ ਲੜਕੇ ਦੇ ਗੁਆਂਢੀਆਂ ਦੇ ਘਰੋਂ ਬਰਾਮਦ ਕਰ ਲਿਆ। ਜਦ ਪੁਲਸ ਪਾਰਟੀ ਦੋਵਾਂ ਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਕੇ ਜਾਣ ਲੱਗੀ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਪੁਲਸ ਕੋਲੋਂ ਲੜਕੀ ਨੂੰ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਸ ਵੱਲੋਂ ਸਖਤੀ ਦਿਖਾਏ ਜਾਣ 'ਤੇ ਉਹ ਸਫਲ ਨਾ ਹੋ ਸਕੇ। ਪੁਲਸ ਪਾਰਟੀ ਦੋਵਾਂ ਨੂੰ ਥਾਣਾ ਰੂੜੇਕੇ ਕਲਾਂ ਵਿਖੇ ਲੈ ਆਈ।
ਇਸ ਦੇ ਚਲਦਿਆਂ ਲੜਕੀ ਦੀ ਮਾਂ ਰਾਣੀ ਪਤਨੀ ਸਿਕੰਦਰ ਨੇ ਸਮਾਜ 'ਚ ਹੋਈ ਬਦਨਾਮੀ ਨਾ ਸਹਿਦਿਆਂ ਸਲਫਾਸ ਨਿਗਲ ਲਈ ਜਿਸ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ। ਉੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਰੈਫਰ ਦਿੱਤਾ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
ਥਾਣਾ ਮੁਖੀ ਰੂੜੇਕੇ ਡਾ. ਜਗਵੀਰ ਸਿੰਘ ਢੱਟ ਨੇ ਦੱਸਿਆ ਕਿ ਲੜਕਾ ਤੇ ਲੜਕੀ ਦੋਵੇਂ ਬਾਲਗ ਹਨ ਪਰ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੋਇਆ। ਦੋਵਾਂ ਨੂੰ ਬਾਲਗ ਹੋਣ ਕਰ ਕੇ ਪੁਲਸ ਨੇ ਆਪਣੀ ਸੁਰੱਖਿਆ ਹੇਠ ਰੱਖਿਆ ਹੋਇਆ ਹੈ ਅਤੇ ਲੜਕੀ ਨੂੰ ਮੰਗਲਵਾਰ ਮਾਣਯੋਗ ਅਦਾਲਤ ਬਰਨਾਲਾ ਵਿਖੇ ਪੇਸ਼ ਕਰ ਦਿੱਤਾ ਜਾਵੇਗਾ।
ਥਾਣੇਦਾਰ ਕੇਵਲ ਰਾਮ ਨੇ ਦੱਸਿਆ ਕਿ ਰਾਣੀ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਵਾਰਸਾਂ ਵੱਲੋਂ ਲਿਖਾਏ ਗਏ ਬਿਆਨਾਂ ਦੇ ਆਧਾਰ 'ਤੇ ਬਣਦੀ ਕਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
ਬੈਂਸ ਨਾਲ ਰਲਿਆ ਕਾਂਗਰਸ ਦਾ ਪੰਜਾਬ ਪ੍ਰਧਾਨ!
NEXT STORY