ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਅੰਦਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੋਰ ਲਗਾਤਾਰ ਲੋਕਾਂ ਦੇ ਮੋਟਰਸਾਈਕਲ, ਸਕੂਟਰੀ ਅਤੇ ਹੋਰ ਵ੍ਹੀਕਲ ਚੋਰੀ ਕਰ ਰਹੇ ਹਨ। ਹੁਣ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਗੁਰੂਹਰਸਹਾਏ ਨਗਰੀ ਮੋਟਰਸਾਈਕਲ ਚੋਰਾਂ ਦੀ ਨਗਰੀ ਬਣ ਗਈ ਹੈ। ਲੋਕ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜ਼ਿੰਦਗੀ ਜੀ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਐੱਚ. ਸੀ. ਹਸਪਤਾਲ ਗੁਰੂਹਰਸਹਾਏ ਦੇ ਸਰਕਾਰੀ ਮੁਲਾਜ਼ਮ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਫਰੀਦਕੋਟ ਰੋਡ 'ਤੇ ਸਥਿਤ ਰੇਲਵੇ ਪਾਰਕ 'ਚ ਸੈਰ ਕਰਨ ਆਏ ਤਾਂ ਆਪਣਾ ਮੋਟਰਸਾਇਕਲ ਗੇਟ ਦੇ ਬਾਹਰ ਲਾ ਕੇ ਅੰਦਰ ਗਏ। ਜਦੋਂ ਸੈਰ ਕਰਕੇ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਲਗਾਤਾਰ ਤਿੰਨ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਦੀਪਕ ਕੁਮਾਰ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਤਾਂ ਉਨ੍ਹਾਂ ਦਾ ਸੀ. ਐੱਚ. ਸੀ. ਹਸਪਤਾਲ ਦਫ਼ਤਰ ਦੇ ਬਾਹਰੋਂ ਹੀ ਚੋਰੀ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਤਿੰਨੇ ਚੋਰੀ ਹੋਏ ਮੋਟਰਸਾਈਕਲ ਵਿੱਚੋਂ ਅਜੇ ਤੱਕ ਕੋਈ ਵੀ ਮੋਟਰਸਾਈਕਲ ਨਹੀ ਲੱਭਿਆ ਗਿਆ ਹੈ। ਮੁਕਤਸਰ ਰੋਡ 'ਤੇ ਸਥਿਤ ਦੁਕਾਨਦਾਰ ਚੰਦਨ ਨਾਰੰਗ ਦੀ ਦੁਕਾਨ ਦੇ ਬਾਹਰੋਂ ਚੋਰ ਦਿਨ -ਦਿਹਾੜੇ ਸਕੂਟਰੀ ਚੋਰੀ ਕਰਕੇ ਲੈ ਗਿਆ।
ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਤੇ ਚੋਰ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ। ਇਸ ਸਬੰਧੀ ਚੰਦਨ ਨਾਰੰਗ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਚੋਰ ਦੀ ਫੋਟੋ ਉਨ੍ਹਾਂ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਚੋਰੀ ਹੋਈ ਸਕੂਟਰੀ ਨੂੰ ਜਲਦੀ ਲੱਭਿਆ ਜਾਵੇ ਤੇ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ ਅਤੇ ਚੋਰ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸ਼ਹਿਰ ਅੰਦਰੋ ਹਰ ਰੋਜ਼ ਚੋਰ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਹੇ ਹਨ। ਆਖ਼ਰ ਚੋਰਾਂ ਨੂੰ ਪੁਲਸ ਫੜ੍ਹਨ ਵਿੱਚ ਕਿਉਂ ਕਾਮਯਾਬ ਸਾਬਤ ਨਹੀਂ ਹੋ ਰਹੀ ਹੈ?
GST ਵਿਭਾਗ ਨੇ ਨਿਊ ਅੰਮ੍ਰਿਤਸਰ ’ਚ ਚਲਾਈ ਸਰਵੇਖਣ ਮੁਹਿੰਮ, ਕਾਰੋਬਾਰੀਆਂ ਦੇ ਅਦਾਰਿਆਂ ਦੀ ਕੀਤੀ ਚੈਕਿੰਗ
NEXT STORY