ਪਟਿਆਲਾ (ਰਾਜੇਸ਼ ਪੰਜੌਲਾ)-ਕਾਂਗਰਸ ਦੀ ਟਿਕਟ ’ਤੇ ਚੌਥੀ ਵਾਰ ਐੱਮ. ਪੀ. ਬਣੀ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਸਾਰੇ ਖਦਸ਼ੇ ਦੂਰ ਕਰਦੇ ਹੋਏ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.), ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਕੈ. ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕੀਤਾ। ਭਾਜਪਾ ਆਗੂ ਆਸ਼ੂਤੋਸ਼ ਗੌਤਮ ਵੱਲੋਂ ਸਰਹਿੰਦੀ ਗੇਟ ਵਿਖੇ ਰੱਖੀ ਗਈ ਚੋਣ ਮੀਟਿੰਗ ’ਚ ਪਹੁੰਚੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਉਹ ਕੈ. ਅਮਰਿੰਦਰ ਸਿੰਘ ਲਈ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੀ ਬਚਾ ਸਕਦੀ ਹੈ। ਪੰਜਾਬ ਇਕ ਬਾਰਡਰ ਸਟੇਟ ਹੈ। ਸਰਕਾਰ ਦੀ ਆਰਥਿਕ ਹਾਲਤ ਬੇਹੱਦ ਖਸਤਾ ਹੈ। ਕੇਂਦਰ ਦੇ ਸਹਿਯੋਗ ਤੋਂ ਬਿਨਾਂ ਪੰਜਾਬ ਕਿਸੇ ਵੀ ਹਾਲਤ ’ਚ ਚੱਲ ਨਹੀਂ ਸਕਦਾ। ਇਸੇ ਕਾਰਨ ਮਹਾਰਾਜਾ ਕੈ. ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪਾਰਟੀ ਨੇ ਭਾਜਪਾ ਨਾਲ ਗੱਠਜੋੜ ਕੀਤਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-CM ਚੰਨੀ ਭਦੌੜ ਤੇ ਸ੍ਰੀ ਚਮਕੌਰ ਸਾਹਿਬ ਦੋਵਾਂ ਸੀਟਾਂ ਤੋਂ ਹਾਰਨਗੇ
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਖਜ਼ਾਨਾ ਹੀ ਖਾਲੀ ਹੈ ਤਾਂ ਫਿਰ ਜਿਹੜੀਆਂ ਪਾਰਟੀਆਂ ਵਿਕਾਸ ਦੇ ਦਾਅਵੇ ਕਰ ਰਹੀਆਂ ਹਨ, ਉਹ ਵਿਕਾਸ ਲਈ ਪੈਸਾ ਕਿੱਥੋਂ ਲਿਆਉਣਗੀਆਂ। ਪੈਸਾ ਸਿਰਫ ਕੇਂਦਰ ਤੋਂ ਹੀ ਮਿਲ ਸਕਦਾ ਹੈ। ਕੇਂਦਰ ’ਚ ਭਾਜਪਾ ਦੀ ਸਰਕਾਰ ਹੈ, ਇਸ ਲਈ ਪੰਜਾਬ ਦੇ ਹਿੱਤਾਂ ਲਈ ਹੀ ਕੈ. ਅਮਰਿੰਦਰ ਸਿੰਘ ਨੇ ਭਾਜਪਾ ਦੇ ਨਾਲ ਸਮਝੌਤਾ ਕੀਤਾ ਹੈ। ਮੀਟਿੰਗ ਤੋਂ ਬਾਅਦ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਪਰਿਵਾਰ ਸਭ ਤੋਂ ਪਹਿਲਾਂ ਹੈ। ਉਹ ਆਪਣੇ ਪਤੀ ਲਈ ਹੀ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੇ ਰਾਜਨੀਤਕ ਭਵਿੱਖ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਪ੍ਰਨੀਤ ਕੌਰ ਨੇ ਕਿਹਾ ਕਿ ਭਵਿੱਖ ਬਾਅਦ ’ਚ ਦੇਖਿਆ ਜਾਵੇਗਾ। ਉਹ ਮੌਜੂਦਾ ਸਮੇਂ ਕੈ. ਅਮਰਿੰਦਰ ਸਿੰਘ ਅਤੇ ਭਾਜਪਾ ਗੱਠਜੋੜ ਦੀ ਮਦਦ ਕਰਨਗੇ। ਦੱਸਣਯੋਗ ਹੈ ਕਿ ਬੇਸ਼ੱਕ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਤੋਂ ਪਹਿਲਾਂ ਹੀ ਦੂਰੀਆਂ ਬਣਾ ਚੁੱਕੇ ਹਨ ਪਰ ਉਨ੍ਹਾਂ ਕਦੇ ਵੀ ਕਾਂਗਰਸ ਖਿਲਾਫ ਸਿੱਧੇ ਤੌਰ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਸੀ। ਅੱਜ ਪਹਿਲੀ ਚੋਣ ਮੀਟਿੰਗ ’ਚ ਪਹੁੰਚ ਕੇ ਉਨ੍ਹਾਂ ਕਾਂਗਰਸੀ ਐੱਮ. ਪੀ. ਹੁੰਦੇ ਹੋਏ ਵੀ ਭਾਜਪਾ ਗੱਠਜੋੜ ਲਈ ਵੋਟਾਂ ਮੰਗੀਆਂ। ਐਤਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਵਿਖੇ ਪਹੁੰਚ ਰਹੇ ਹਨ। ਇਹ ਵੀ ਚਰਚਾ ਹੈ ਕਿ ਪ੍ਰਨੀਤ ਕੌਰ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ ’ਚ ਮੰਤਰੀ ਵੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ-ਭਾਜਪਾ ਦੀਆਂ ਸਾਰੀਆਂ ਸੀਟਾਂ ’ਤੇ ਜ਼ਮਾਨਤਾਂ ਹੋਣਗੀਆਂ ਜ਼ਬਤ
ਪੰਜਾਬ 'ਚ ਕੋਰੋਨਾ ਨਾਲ ਇਕ ਦਿਨ 'ਚ ਹੋਈਆਂ 8 ਮੌਤਾਂ ਤੇ 444 ਮਾਮਲੇ ਆਏ ਸਾਹਮਣੇ
NEXT STORY