ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮਿਆਰ ਦੀਆਂ ਅਤਿ-ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਿਆਰੀ ਕਦਮ ਪੁੱਟੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਹੋਣਹਾਰ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵੀ ਉਚੇਰੀਆਂ ਮੱਲਾਂ ਮਾਰਨ ਦੇ ਸਮਰੱਥ ਬਣ ਸਕਣ। ਇਹ ਪ੍ਰਗਟਾਵਾ ਵਿਧਾਇਕ ਸੰਗਰੂਰ ਵਿਜੇਇੰਦਰ ਸਿੰਗਲਾ ਨੇ ਵਾਰ ਹੀਰੋਜ਼ ਸਟੇਡੀਅਮ ਵਿਖੇ ਰਾਜ ਪੱਧਰ ਦੀਆਂ 63ਵੀਂ ਪੰਜਾਬ ਸਕੂਲਜ਼ ਐਥਲੈਟਿਕ ਮੀਟ ਦਾ ਰਸਮੀ ਆਗਾਜ਼ ਕਰਦਿਆਂ ਕੀਤਾ।
ਸਿੰਗਲਾ ਨੇ ਕਿਹਾ ਕਿ ਸੰਗਰੂਰ ਨੂੰ ਖੇਡਾਂ ਦੇ ਖੇਤਰ 'ਚ ਮੋਹਰੀ ਬਣਾਉਣ ਦਾ ਸੁਪਨਾ ਲੈ ਕੇ ਉਹ ਸਾਲ 2009 ਤੋਂ ਯਤਨਸ਼ੀਲ ਹਨ, ਜਿਸ ਤਹਿਤ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਵਾਰ ਹੀਰੋਜ਼ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਬਣਾਇਆ ਗਿਆ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ 2 ਦਸੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਰਾਜ ਦੇ ਸਾਰੇ 22 ਜ਼ਿਲਿਆਂ 'ਚੋਂ 2000 ਤੋਂ ਵੱਧ ਖਿਡਾਰੀ ਐਥਲੈਟਿਕਸ ਨਾਲ ਸਬੰਧਤ 25 ਵੱਖ-ਵੱਖ ਖੇਡਾਂ 'ਚ ਹਿੱਸਾ ਲੈਣਗੇ।
ਵਿਧਾਇਕ ਸਿੰਗਲਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਖੇਲੋ ਇੰਡੀਆ ਯੋਜਨਾ ਤਹਿਤ ਸੰਗਰੂਰ 'ਚ ਬਹੁਮੰਤਵੀ ਜਿਮਨੇਜ਼ੀਅਮ ਹਾਲ ਤੇ ਖੇਡ ਕੰਪਲੈਕਸ ਸਥਾਪਤ ਕਰਨ ਲਈ 8 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋਈ ਹੈ ਅਤੇ ਇਹ ਜਿਮਨੇਜ਼ੀਅਮ ਹਾਲ ਅਤੇ ਖੇਡ ਕੰਪਲੈਕਸ 31 ਮਾਰਚ 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੂੰ ਅਹਿਮ ਖੇਡ ਸੁਵਿਧਾਵਾਂ ਹਾਸਲ ਹੋ ਸਕਣਗੀਆਂ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵੱਡੀਆਂ ਮੱਲਾਂ ਮਾਰ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿਚ ਤਜਰਬੇਕਾਰ ਕੋਚਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ 'ਚ ਰਾਜ ਪੱਧਰੀ ਖੇਡ ਸਮਾਗਮ ਕਰਵਾਉਣ ਨਾਲ ਜਿਥੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੀ ਹੈ, ਉਥੇ ਹੀ ਇਥੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮਿਆਰੀ ਮੰਚ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ੍ਹਾਂ ਝੰਡਾ ਲਹਿਰਾ ਕੇ ਖੇਡਾਂ ਦਾ ਰਸਮੀ ਆਗਾਜ਼ ਕੀਤਾ ਅਤੇ ਵੱਖ-ਵੱਖ ਜ਼ਿਲਿਆਂ ਦੇ ਖਿਡਾਰੀਆਂ ਤੋਂ ਸਲਾਮੀ ਲਈ। ਉਦਘਾਟਨੀ ਸਮਾਰੋਹ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਹਰਕੰਵਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਸੀਮਕ, ਜ਼ਿਲਾ ਖੇਡ ਅਫ਼ਸਰ ਯੋਗਰਾਜ ਤੋਂ ਇਲਾਵਾ ਪਰਮਿੰਦਰ ਸ਼ਰਮਾ, ਨਰੇਸ਼ ਗਾਬਾ, ਮਹੇਸ਼ ਕੁਮਾਰ ਮੇਸ਼ੀ, ਨੱਥੂ ਲਾਲ ਢੀਂਗਰਾ, ਗੁਰਸੇਵ ਸਿੰਘ ਹਾਜ਼ਰ ਸਨ।
ਪੀ. ਐੱਸ. ਈ. ਬੀ. ਨੇ ਸਕੂਲਾਂ ਨੂੰ ਦਿੱਤਾ ਸੁਝਾਅ ਸੀਨੀਅਰ ਸੈਕੰਡਰੀ ਕਲਾਸਾਂ 'ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਕਿਤਾਬਾਂ ਨਾ ਲਾਉਣ ਸਕੂਲ
NEXT STORY