ਲੁਧਿਆਣਾ (ਹਿਤੇਸ਼)-ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਨਿਰਮਾਣਾਂ ਅਤੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਨੂੰ ਅੰਜਾਮ ਦਿੱਤਾ, ਜਿਸਦੇ ਤਹਿਤ ਜ਼ੋਨ ਬੀ ਅਤੇ ਸੀ ਦੇ ਅਧੀਨ ਆਉਂਦੇ ਇਲਾਕਾ ਸੁੰਦਰ ਨਗਰ ਅਤੇ ਲਿੰਕ ਰੋਡ 'ਤੇ ਬਣੀਆਂ ਬਿਲਡਿੰਗਾਂ ਨੂੰ ਸੀਲ ਵੀ ਕੀਤਾ ਗਿਆ। ਜਿਨ੍ਹਾਂ ਦੋਵਾਂ ਹੀ ਬਿਲਡਿੰਗਾਂ 'ਚ ਕਈ ਮੰਜ਼ਿਲਾ ਬਣ ਚੁੱਕੀਆਂ ਹਨ, ਜਿਨ੍ਹਾਂ ਦਾ ਨਿਰਮਾਣ ਕੁਝ ਦਿਨਾਂ 'ਚ ਹੋਣਾ ਤਾਂ ਸੰਭਵ ਨਹੀਂ ਹੈ। ਇਸ ਦੌਰਾਨ ਸਵਾਲ ਪੈਦਾ ਹੋਣਾ ਲਾਜ਼ਮੀ ਹੈ ਕਿ ਜਦ ਬਿਲਡਿੰਗਾਂ ਬਣ ਰਹੀਆਂ ਸੀ ਕਿ ਤਦ ਨਿਗਮ ਅਧਿਕਾਰੀ ਕਿਥੇ ਸਨ, ਜਦਕਿ ਨਿਯਮਾਂ ਦੇ ਅਨੁਸਾਰ ਕੋਈ ਵੀ ਨਿਰਮਾਣ ਸ਼ੁਰੂ ਹੋਣ ਦੇ ਨਾਲ ਉਸਦਾ ਨਕਸ਼ਾ ਪਾਸ ਹੋਣ ਅਤੇ ਨਿਯਮਾਂ ਦੇ ਮੁਤਾਬਕ ਨਿਰਮਾਣ ਹੋਣ ਬਾਰੇ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਬਿਲਡਿੰਗ ਇੰਸਪੈਕਟਰ ਦੀ ਬਣਦੀ ਹੈ। ਜੇਕਰ ਬਿਨਾਂ ਮਨਜ਼ੂਰੀ ਦੇ ਨਿਰਮਾਣ ਹੋ ਰਿਹਾ ਹੈ ਤਾਂ ਉਸਦਾ ਜੁਰਮਾਨਾ ਵਸੂਲਣ ਅਤੇ ਨਾਨ ਕੰਪਾਊਂਡੇਬਲ ਨਿਰਮਾਣ ਨੂੰ ਤੋੜਣ ਦੀ ਜ਼ਿੰਮੇਵਾਰੀ ਵੀ ਇੰਸਪੈਕਟਰ ਦੀ ਬਣਦੀ ਹੈ ਪਰ ਇਸ ਤਰ੍ਹਾਂ ਕਰਨ ਦੀ ਜਗ੍ਹਾ ਇਹ ਮੁਲਾਜ਼ਮ ਕਥਿਤ ਤੌਰ 'ਤੇ ਮਿਲੀਭੁਗਤ ਕਰ ਕੇ ਪਹਿਲਾਂ ਨਾਜਾਇਜ਼ ਨਿਰਮਾਣ ਨੂੰ ਪੂਰਾ ਹੋਣ ਦਿੰਦੇ ਹਨ। ਫਿਰ ਕੋਈ ਸ਼ਿਕਾਇਤ ਕਰਨ ਦੀ ਸੂਰਤ ਵਿਚ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਨੂੰ ਸੀਲ ਕਰਨ ਦੀ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਿਨ੍ਹਾਂ ਸੀਲਿੰਗ ਨੂੰ ਕੁਝ ਦਿਨ ਬਾਅਦ ਅੰਡਰਟੇਕਿੰਗ ਲੈ ਕੇ ਖੋਲ੍ਹਣ ਦਾ ਧੰਦਾ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ।
ਰਿਹਾਇਸ਼ੀ ਇਲਾਕਿਆਂ 'ਚ ਚੱਲ ਰਹੀ ਫੈਕਟਰੀ ਨੂੰ ਕੀਤਾ ਸੀਲ
ਨਗਰ ਨਿਗਮ ਦੀ ਟੀਮ ਨੇ ਫੀਲਡਗੰਜ ਕੂਚਾ ਨੰਬਰ 15 'ਚ ਚੱਲ ਰਹੀ ਇਕ ਅਟੈਚੀ ਬਣਾਉਣ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਜ਼ੋਨ ਏ ਦੇ ਸਟਾਫ ਨੇ ਦੱਸਿਆ ਕਿ ਮਾਸਟਰ ਪਲਾਨ ਵਿਚ ਇਹ ਇਲਾਕਾ ਕਮਰਸ਼ੀਅਲ ਮਿਕਸ ਕੈਟਾਗਿਰੀ 'ਚ ਆਉਂਦਾ ਹੈ ਪਰ ਉਥੇ ਬਣੀ ਫੈਕਟਰੀ ਦੀ ਇਲਾਕਾ ਨਿਵਾਸੀਆਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ, ਜਿਸ 'ਤੇ ਸੀਲਿੰਗ ਕੀਤੀ ਗਈ ਹੈ।
ਡੀ. ਸੀ. ਅਤੇ ਕਮਿਸ਼ਨਰ ਦੇ ਦੌਰੇ ਤੋਂ ਬਾਅਦ ਲਈਅਰ ਵੈਲੀ ਦੀ ਜਗ੍ਹਾ ਤੋਂ ਹਟਾਏ ਕਬਜ਼ੇ
ਨਗਰ ਨਿਗਮ ਦੇ ਜ਼ੋਨ ਬੀ ਦੀ ਟੀਮ ਨੇ ਸ਼ੁੱਕਰਵਾਰ ਨੂੰ ਟਿੱਬਾ ਰੋਡ 'ਤੇ ਲਈਅਰ ਵੈਲੀ ਦੇ ਲਈ ਮਾਰਕ ਕੀਤੀ ਗਈ ਜਗ੍ਹਾ 'ਚ ਹੋ ਰਹੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ। ਇਸ ਜਗ੍ਹਾ 'ਤੇ ਬੀਤੇ ਦਿਨੀਂ ਵਿਧਾਇਕ ਸੰਜੇ ਤਲਵਾੜ ਦੇ ਇਲਾਵਾ ਡੀ. ਸੀ. ਪ੍ਰਦੀਪ ਅਗਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਨੇ ਦੌਰਾ ਕੀਤਾ ਸੀ। ਜਿਥੇ ਮੁੱਦਾ ਚੁੱਕਿਆ ਗਿਆ ਕਿ ਲਈਅਰ ਵੈਲੀ ਦੇ ਮਾਰਕਿੰਗ ਹੋਣ ਦੇ ਬਾਵਜੂਦ ਸਰਕਾਰੀ ਜਗ੍ਹਾ ਨੂੰ ਕੁਝ ਲੋਕਾਂ ਵਲੋਂ ਵੇਚਿਆ ਜਾ ਰਿਹਾ ਹੈ ਅਤੇ ਉਥੇ ਨਵੇਂ ਨਿਰਮਾਣ ਵੀ ਹੋ ਗਏ ਹਨ, ਜਿਸਦੇ ਲਈ ਪਹਿਲਾਂ ਕੀਤੀ ਗਈ ਮਾਰਕਿੰਗ ਦੇ ਸਾਈਨ ਤੋੜ ਕੇ ਸੁੱਟ ਦਿੱਤੇ ਗਏ। ਜਿਸਦੇ ਮੱਦੇਨਜ਼ਰ ਦੁਬਾਰਾ ਤੋਂ ਮਾਰਕਿੰਗ ਕਰਵਾਉਣ ਦੇ ਲਈ ਜ਼ੋਨਲ ਕਮਿਸ਼ਨਰ ਜ਼ੋਨ ਬੀ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਐੱਸ. ਡੀ. ਐੱਮ., ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਨਗਰ ਨਿਗਮ ਦੀ ਟੀਮ ਨੇ ਮੌਕੇ 'ਤੇ ਜਾ ਕੇ ਲਗਭਗ ਅੱਧਾ ਦਰਜਨ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ, ਜਿਸ ਵਿਚ ਕਈ ਬਣੇ ਹੋਏ ਸਟਰੱਕਚਰ ਵੀ ਤੋੜ ਦਿੱਤੇ।
ਸਾਬਕਾ ਕੌਂਸਲਰ ਬਾਲੀ ਦਾ ਪੁੱਤਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ
NEXT STORY