ਬਠਿੰਡਾ(ਆਜ਼ਾਦ)-ਸ਼ਹਿਰ 'ਚ ਧਰਤੀ ਦੀ ਕੁੱਖ 'ਚੋਂ ਬਿਨਾਂ ਰੋਕ-ਟੋਕ ਤੇ ਅੰਨ੍ਹੇ-ਵਾਹ ਪਾਣੀ ਕੱਢਿਆ ਜਾ ਰਿਹਾ ਹੈ। ਪੀਣ ਲਈ ਅਤੇ ਜ਼ਰੂਰਤਾਂ ਲਈ ਵੀ ਬੇਤਹਾਸ਼ਾ ਨਿਕਾਸੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਖੁਦ ਬਠਿੰਡਾ ਅਤੇ ਮਾਨਸਾ ਨਗਰ ਨਿਗਮ ਹਰ ਮਹੀਨੇ ਕਰੋੜਾਂ ਲਿਟਰ ਪਾਣੀ ਧਰਤੀ ਦੇ ਹੇਠੋਂ ਖਿੱਚ ਲੈਂਦਾ ਹੈ, ਜਦਕਿ ਪਿਛਲੇ 4 ਸਾਲਾਂ ਤੋਂ ਨਿਗਮ ਦੇ 200 ਫੁੱਟ ਤੋਂ ਜ਼ਿਆਦਾ ਗਹਿਰਾਈ ਦੇ ਬੋਰ ਸੁੱਕ ਜਾਂਦੇ ਹਨ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸ਼ਹਿਰ ਦੀ ਧਰਤੀ ਦਾ ਪਾਣੀ ਦਾ ਪੱਧਰ ਵੀ ਨੀਵਾਂ ਹੋ ਰਿਹਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਏ ਦਿਨ ਪਾਣੀ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਜੇਕਰ ਸਮਾਂ ਰਹਿੰਦੇ ਭੂ-ਜਲ ਦਾ ਸਹੀ ਢੰਗ ਨਾਲ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਪੰਜ ਦਰਿਆਵਾਂ ਵਾਲੇ ਰਾਜ ਵਿਚ ਲੋਕਾਂ ਨੂੰ ਪਾਣੀ ਪੀਣ ਲਈ ਵੀ ਤਰਸਣਾ ਪੈ ਸਕਦਾ ਹੈ। ਨਗਰ ਨਿਗਮ ਦੇ ਇੰਜੀਨੀਅਰ ਦੇਵੇਂਦਰ ਸਿੰਘ ਜੌੜਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ 7 ਵੱਡੇ ਬੋਰ ਚੱਲ ਰਹੇ ਹਨ, ਜਿਸ ਨਾਲ ਪ੍ਰਤੀ ਘੰਟਾ 200 ਗੈਲਨ ਦੀ ਰਫ਼ਤਾਰ ਨਾਲ ਭੂ-ਜਲ ਦੀ ਨਿਕਾਸੀ ਹੁੰਦੀ ਹੈ, ਇਨ੍ਹਾਂ 7 ਬੋਰਾਂ ਨਾਲ 400 ਮੀਟਰ ਗਹਿਰਾਈ ਤੋਂ ਪਾਣੀ ਕੱਢਿਆ ਜਾ ਰਿਹਾ ਹੈ। ਉਥੇ ਸ਼ਹਿਰ ਵਿਚ 50 ਆਰ. ਓ. ਪਲਾਂਟ ਲੱਗੇ ਹੋਏ ਹਨ, ਜਿਸ ਨਾਲ ਰੋਜ਼ਾਨਾ ਹਜ਼ਾਰਾਂ ਲਿਟਰ ਪਾਣੀ ਕੱਢਿਆ ਜਾਂਦਾ ਹੈ। ਸਰਕਾਰੀ ਬੋਰਾਂ ਦੇ ਇਲਾਵਾ ਵਪਾਰਕ ਅਤੇ ਨਿੱਜੀ ਬੋਰਾਂ ਨਾਲ ਵੀ ਪਾਣੀ ਦੀ ਅੰਨ੍ਹੇ-ਵਾਹ ਨਿਕਾਸੀ ਦਾ ਧੰਦਾ ਜ਼ੋਰ-ਸ਼ੋਰ ਨਾਲ ਜਾਰੀ ਹੈ। ਹਾਲਾਂਕਿ ਵਪਾਰਕ ਅਤੇ ਨਿੱਜੀ ਉਪਯੋਗ ਲਈ ਲੱਗੇ ਬੋਰਾਂ ਦਾ ਕੋਈ ਅੰਕੜਾ ਨਹੀਂ ਹੈ ਪਰ ਦੁਕਾਨਦਾਰਾਂ ਦੀ ਗੱਲ ਮੰਨੀਏ ਤਾਂ ਹਰ ਸਾਲ 10 ਹਜ਼ਾਰ ਤੋਂ ਜ਼ਿਆਦਾ ਮੋਟਰਾਂ ਵੇਚੀਆਂ ਜਾਂਦੀਆਂ ਹਨ। ਇਸ ਅੰਕੜੇ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਪਾਰਕ ਅਤੇ ਨਿੱਜੀ ਬੋਰ ਕਿੰਨੇ ਪਾਣੀ ਦੀ ਨਿਕਾਸੀ ਕਰ ਰਹੇ ਹਨ। ਇਸ ਦੇ ਇਲਾਵਾ ਜ਼ਮੀਨ 'ਚੋਂ ਪਾਣੀ ਨਿਕਾਸੀ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਵਿਚ ਪਾਣੀ ਵੇਚਣਾ ਕਈ ਲੋਕਾਂ ਦੇ ਲਈ ਵਪਾਰ ਬਣ ਗਿਆ ਹੈ। ਇਹ ਵਪਾਰੀ ਜ਼ਮੀਨ 'ਚੋਂ ਪਾਣੀ ਕੱਢ ਕੇ ਸ਼ਹਿਰ ਦੀਆਂ ਦੁਕਾਨਾਂ, ਘਰਾਂ, ਵਿਆਹਾਂ ਤੇ ਪਾਰਟੀਆਂ ਲਈ ਸ਼ਹਿਰ ਦੇ ਵੱਡੇ-ਵੱਡੇ ਹੋਟਲਾਂ ਵਿਚ ਸਪਲਾਈ ਕਰ ਕੇ ਲੱਖਾਂ ਰੁਪਏ ਕਮਾ ਰਹੇ ਹਨ ਪਰ ਇਨ੍ਹਾਂ ਨੂੰ ਰੋਕ-ਟੋਕ ਕਰਨ ਵਾਲਾ ਕੋਈ ਨਹੀਂ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਡੇਢ ਲੱਖ ਮੋਟਰਾਂ ਪੂਰੇ ਜ਼ਿਲੇ ਵਿਚ ਚੱਲ ਰਹੀਆਂ ਹਨ। ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਕੋਈ ਵੀ ਸਮਝ ਸਕਦਾ ਹੈ ਕਿ ਵਪਾਰਕ ਅਤੇ ਨਿੱਜੀ ਬੋਰ ਕਿੰਨੇ ਪਾਣੀ ਦੀ ਨਿਕਾਸੀ ਕਰ ਰਹੇ ਹਨ। ਲਗਾਤਾਰ ਹੇਠਾਂ ਡਿੱਗ ਰਹੇ ਪਾਣੀ ਦੇ ਪੱਧਰ ਦਾ ਅਸਰ ਸਰਕਾਰੀ ਬੋਰਾਂ 'ਤੇ ਪੈ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਲੰਘੇ ਪੰਜ ਸਾਲਾਂ ਵਿਚ ਨਗਰ ਨਿਗਮ ਦੇ 2 ਵੱਡੇ ਬੋਰ ਫੇਲ ਹੋ ਚੁੱਕੇ ਹਨ। ਇਸ ਦੇ ਇਲਾਵਾ ਕੁਝ ਬੋਰ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਸਮਰੱਥਾ ਤੋਂ ਘੱਟ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ ਪਰ ਨਗਰ ਨਿਗਮ ਦੇ ਇੰਜੀਨੀਅਰ ਬੋਰ ਫੇਲ ਹੋਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਹਿੰਦੇ ਹਨ ਕਿ ਨਗਰ ਨਿਗਮ ਵੱਲੋਂ 400 ਫੁੱਟ ਗਹਿਰੇ ਬੋਰ ਇਸ ਲਈ ਵੀ ਪਾਏ ਗਏ ਹਨ ਕਿ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਨਸ਼ੇ ਵਾਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
NEXT STORY