ਅੰਮ੍ਰਿਤਸਰ, (ਸੰਜੀਵ)- ਨਗਰ ਨਿਗਮ ਦੀ ਗ਼ੈਰ-ਕਾਨੂੰਨੀ ਕਬਜ਼ੇ ਹਟਾਉਣ ਵਾਲੀ ਟੀਮ ਨੇ ਅੱਜ ਸ਼ਿਵਾਲਾ ਰੋਡ ’ਤੇ ਸਥਿਤ ਗੁਪਤਾ ਮੈਡੀਕਲ ਸਟੋਰ ’ਤੇ ਜੰਮ ਕੇ ਗੁੰਡਾਗਰਦੀ ਵਿਖਾਈ ਅਤੇ ਦੁਕਾਨ ਮਾਲਕ ਦੇ ਬੇਟੇ ਅਕਸ਼ੇ ਕੁਮਾਰ ਨੂੰ ਕੁੱਟ-ਕੁੱਟ ਕੇ ਉਸ ਦੇ ਨੱਕ ਦੀ ਹੱਡੀ ਤੋਡ਼ ਦਿੱਤੀ। ਲਡ਼ਾਈ ਹੁੰਦੇ ਵੇਖ ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਲੋਕ ਇਕੱਠੇ ਹੋ ਗਏ ਅਤੇ ਨਿਗਮ ਟੀਮ ਨੂੰ ਉਥੇ ਹੀ ਘੇਰ ਪੁਲਸ ਨੂੰ ਸੂਚਿਤ ਕੀਤਾ। ਪਹਿਲਾਂ ਤਾਂ ਪੁਲਸ ਕੋਈ ਵੀ ਕਾਰਵਾਈ ਕਰਨ ਤੋਂ ਕਤਰਾਉਂਦੀ ਰਹੀ ਪਰ ਜਦੋਂ ਇਕੱਠੇ ਹੋਏ ਦੁਕਾਨਦਾਰਾਂ ਨੇ ਪੁਲਸ ਦੇ ਵਿਰੁੱਧ ਧਰਨਾ ਲਾ ਦਿੱਤਾ ਅਤੇ ਰੋਸ ਵਜੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਪੁਲਸ ਨੇ ਤੁਰੰਤ ਜ਼ਖ਼ਮੀ ਹੋਏ ਅਕਸ਼ੇ ਕੁਮਾਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਮੈਡੀਕਲ ਜਾਂਚ ਸ਼ੁਰੂ ਕਰਵਾਈ।
ਝਗਡ਼ੇ ਵਿਚ ਸ਼ਾਮਲ ਨਗਰ ਨਿਗਮ ਕਰਮਚਾਰੀਆਂ ਨੂੰ ਪੁਲਸ ਨੇ ਮੌਕੇ ਤੋਂਂ ਹਿਰਾਸਤ ਵਿਚ ਲਿਆ ਅਤੇ ਉਸ ਟਰੱਕ ਨੂੰ ਵੀ ਕਬਜ਼ੇ ਵਿਚ ਕਰ ਲਿਆ।
ਕੀ ਸੀ ਮਾਮਲਾ
ਅੱਜ ਸਵੇਰੇ ਨਗਰ ਨਿਗਮ ਦੀ ਗ਼ੈਰ-ਕਾਨੂੰਨੀ ਕਬਜ਼ੇ ਹਟਾਉਣ ਵਾਲੀ ਟੀਮ ਟਰੱਕ ਵਿਚ ਬੈਠ ਕੇ ਸ਼ਿਵਾਲਾ ਮੰਦਰ ਵੱਲ ਗਈ ਜਿਥੇ ਗੁਪਤਾ ਮੈਡੀਕਲ ਸਟੋਰ ਦੇ ਬਾਹਰ ਰੱਖੇ ਛੋਟੇ ਜਿਹੇ ਬੋਰਡ ਨੂੰ ਚੁੱਕ ਕੇ ਟਰੱਕ ਵਿਚ ਪਾ ਲਿਆ। ਜਦੋਂ ਦੁਕਾਨਦਾਰ ਨੇ ਨਿਗਮ ਟੀਮ ਤੋਂ ਬੋਰਡ ਨਾ ਚੁੱਕਣ ਦੀ ਅਪੀਲ ਕੀਤੀ ਤਾਂ ਟੀਮ ਵਿਚ ਸ਼ਾਮਲ ਇਕ ਨੌਜਵਾਨ ਨੇ ਦੁਕਾਨ ਮਾਲਕ ਦੇ ਬੇਟੇ ਅਕਸ਼ੇ ਦੇ ਮੂੰਹ ’ਤੇ ਮੁੱਕਾ ਮਾਰ ਦਿੱਤਾ। ਇੰਨੇ ਵਿਚ ਟੀਮ ਵਿਚ ਸ਼ਾਮਲ ਹੋਰ ਨੌਜਵਾਨ ਵੀ ਆ ਗਏ ਅਤੇ ਅਕਸ਼ੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਖੂਨ ਨਾਲ ਲਿਬਡ਼ਿਆ ਅਕਸ਼ੇ ਜ਼ਮੀਨ ’ਤੇ ਡਿੱਗ ਗਿਆ ਜਿਸ ਨੂੰ ਵੇਖ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਨਗਰ ਨਿਗਮ ਦੀ ਟੀਮ ਨੂੰ ਘੇਰ ਕੇ ਪੁਲਸ ਨੂੰ ਸੂਚਿਤ ਕੀਤਾ।
ਕੀ ਕਹਿਣਾ ਹੈ ਅਕਸ਼ੇ ਦਾ
ਜ਼ਖ਼ਮੀ ਹੋਏ ਅਕਸ਼ੇ ਗੁਪਤਾ ਦਾ ਕਹਿਣਾ ਹੈ ਕਿ ਪੂਰੀ ਘਟਨਾ ਰਾਜਨੀਤਕ ਰੰਜਿਸ਼ ਦੇ ਕਾਰਨ ਹੋਈ। ਉਨ੍ਹਾਂ ਦੀ ਦੁਕਾਨ ’ਤੇ ਨਗਰ ਨਿਗਮ ਦੀ ਟੀਮ ਨੂੰ ਬੋਰਡ ਚੁੱਕਣ ਲਈ ਨਹੀਂ ਸਗੋਂ ਗੁੰਡਾਗਰਦੀ ਵਿਖਾਉਣ ਲਈ ਭੇਜਿਆ ਗਿਆ ਸੀ। ਟੀਮ ਨੇ ਆਉਂਦੇ ਹੀ ਉਨ੍ਹਾਂ ਨੂੰ ਤੂੰ-ਤੂੰ ਮੈਂ-ਮੈਂ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟੀਮ ਵਿਚ ਸ਼ਾਮਲ ਨੌਜਵਾਨਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ’ਤੇ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਦੇ ਦਿੱਤੀ ਹੈ ਜਦੋਂ ਕਿ ਪੁਲਸ ਵੱਲੋਂ ਦੇਰ ਸ਼ਾਮ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
ਕੀ ਕਹਿਣਾ ਹੈ ਪੁਲਸ ਦਾ
ਚੌਕੀ ਸ਼ਿਵਾਲਾ ਦੇ ਇੰਚਾਰਜ ਏ.ਐੱਸ.ਆਈ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਨੌਜਵਾਨ ਦੀ ਮੈਡੀਕਲ ਜਾਂਚ ਕਰਵਾ ਲਈ ਹੈ। ਮੈਡੀਕਲ ਰਿਪੋਰਟ ਆਉਣ ਦੇ ਉਪਰੰਤ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐੱਸ. ਪੀ. ਭੰਡਾਲ ਨੇ ਕੀਤਾ ਨਸ਼ਾ ਛੁਡਾਊ ਕੇਂਦਰ ਦਾ ਦੌਰਾ
NEXT STORY