ਚੰਡੀਗੜ੍ਹ (ਸੁਸ਼ੀਲ): ਚੰਡੀਗੜ੍ਹ ਦੇ ਸੈਕਟਰ-36 ਸਥਿਤ ਇਕ ਪਾਰਕ ਵਿਚ ਐਤਵਾਰ ਰਾਤ ਕਰੀਬ 8:30 ਵਜੇ ਇਕ 23 ਸਾਲਾ ਮੁਟਿਆਰ ਸੁਹਾਨੀ ਦਾ ਇਕ ਨੌਜਵਾਨ ਨੇ ਗਲੇ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖਮੀ ਹਾਲਤ ਵਿਚ ਸੁਹਾਨੀ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਹਮਲੇ ਦੀ ਜਾਣਕਾਰੀ ਦਿੱਤੀ ਸੀ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸੁਹਾਨੀ ਦਾ ਜੂਨ ਮਹੀਨੇ ਵਿਚ ਵਿਆਹ ਹੋਣ ਵਾਲਾ ਸੀ। ਪੁਲਸ ਨੇ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਮੁਲਜ਼ਮ ਵਿਨੈ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚਾਕਲੇਟ ਲੈਣ ਲਈ ਗਈ ਸੀ ਬਾਜ਼ਾਰ
ਮ੍ਰਿਤਕਾ ਦੀ ਮਾਂ ਅਨੀਤਾ ਦੇ ਅਨੁਸਾਰ, ਸੁਹਾਨੀ ਐਤਵਾਰ ਰਾਤ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਮਾਰਕੀਟ ਤੋਂ ਚਾਕਲੇਟ ਲੈਣ ਜਾ ਰਹੀ ਹੈ। ਕਰੀਬ 15 ਮਿੰਟ ਤੱਕ ਵਾਪਸ ਨਾ ਆਉਣ 'ਤੇ ਮਾਂ ਨੇ ਉਸ ਨੂੰ ਫ਼ੋਨ ਕੀਤਾ। ਤਿੰਨ ਵਾਰ ਕਾਲ ਕਰਨ 'ਤੇ ਕੋਈ ਜਵਾਬ ਨਹੀਂ ਮਿਲਿਆ। ਜਦੋਂ ਚੌਥੀ ਵਾਰ ਫ਼ੋਨ ਚੁੱਕਿਆ ਗਿਆ ਤਾਂ ਸੁਹਾਨੀ ਨੇ ਕੰਬਦੀ ਹੋਈ ਆਵਾਜ਼ ਵਿਚ ਕਿਹਾ- "ਮਾਂ, ਵਿਨੈ ਨੇ ਮੈਨੂੰ ਚਾਕੂ ਮਾਰ ਦਿੱਤਾ ਹੈ, ਬਚਾ ਲਓ।" ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਪਾਰਕ ਵੱਲ ਦੌੜੇ।
ਪਾਰਕ ਵਿਚ ਸੈਰ ਕਰ ਰਹੇ ਇੱਕ ਵਿਅਕਤੀ ਨੇ ਸੁਹਾਨੀ ਨੂੰ ਤੜਫਦਿਆਂ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਪਿਤਾ ਮਹੇਸ਼ ਅਤੇ ਮਾਂ ਵੀ ਮੌਕੇ 'ਤੇ ਪਹੁੰਚ ਗਏ। ਸੁਹਾਨੀ ਦੇ ਗਲੇ ਵਿਚੋਂ ਖ਼ੂਨ ਵਹਿ ਰਿਹਾ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ। ਪਿਤਾ ਨੇ ਪੁਲਸ ਨੂੰ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬੇਨਤੀ ਕੀਤੀ। ਦੋਸ਼ ਹੈ ਕਿ ਐਂਬੂਲੈਂਸ ਦੀ ਉਡੀਕ ਵਿਚ ਦੇਰੀ ਹੋਈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਖ਼ੁਦ ਚੁੱਕ ਕੇ ਪਾਰਕ ਤੋਂ ਬਾਹਰ ਲੈ ਕੇ ਆਏ। ਉਸ ਨੂੰ ਐਂਬੂਲੈਂਸ ਰਾਹੀਂ ਸੈਕਟਰ-16 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੰਗੇਤਰ ਲਈ ਬਣਾ ਰਹੀ ਸੀ ਬਰਿਆਨੀ
ਪਰਿਵਾਰ ਦੇ ਅਨੁਸਾਰ, ਸੁਹਾਨੀ ਦਾ ਰਿਸ਼ਤਾ ਸੈਕਟਰ-56 ਦੇ ਰਹਿਣ ਵਾਲੇ ਰਾਹੁਲ ਨਾਲ ਤੈਅ ਹੋਇਆ ਸੀ। ਐਤਵਾਰ ਰਾਤ ਰਾਹੁਲ ਨੇ ਡਿਨਰ ਲਈ ਘਰ ਆਉਣਾ ਸੀ। ਸੁਹਾਨੀ ਉਸ ਦੀ ਪਸੰਦੀਦਾ ਬਰਿਆਨੀ ਬਣਾ ਰਹੀ ਸੀ। ਇਸੇ ਦੌਰਾਨ ਉਹ ਚਾਕਲੇਟ ਲੈਣ ਦੇ ਬਹਾਨੇ ਘਰੋਂ ਨਿਕਲੀ ਸੀ। ਪਰਿਵਾਰ ਝਾਮਪੁਰ ਵਿਚ ਨਵਾਂ ਮਕਾਨ ਬਣਾ ਰਿਹਾ ਹੈ। ਸੋਮਵਾਰ ਨੂੰ ਉੱਥੇ ਲੈਂਟਰ ਪੈਣਾ ਸੀ ਅਤੇ ਜੂਨ ਵਿਚ ਵਿਆਹ ਦੀਆਂ ਤਿਆਰੀਆਂ ਸਨ। ਐਤਵਾਰ ਨੂੰ ਹੀ ਸੁਹਾਨੀ ਆਪਣੇ ਹੋਣ ਵਾਲੇ ਪਤੀ ਨਾਲ ਨਵਾਂ ਮਕਾਨ ਦੇਖਣ ਗਈ ਸੀ।
ਨਸ਼ੇ ਕਾਰਨ ਬਣਾਈ ਸੀ ਦੂਰੀ
ਪਿਤਾ ਮਹੇਸ਼ ਨੇ ਦੱਸਿਆ ਕਿ ਸੁਹਾਨੀ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ ਅਤੇ UPSC ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਸੈਕਟਰ-22 ਸਥਿਤ ਇਕ ਕਲੀਨਿਕ ਵਿਚ ਕੰਮ ਵੀ ਕਰਦੀ ਸੀ। ਮੁਲਜ਼ਮ ਵਿਨੈ ਬਿਹਾਰ ਦੇ ਮਧੂਬਨੀ ਦਾ ਰਹਿਣ ਵਾਲਾ ਹੈ। ਉਹ ਸੈਕਟਰ-35 ਦੀ ਇਕ ਮਿਠਾਈ ਦੀ ਦੁਕਾਨ ਵਿਚ ਕੰਮ ਕਰਦਾ ਸੀ ਅਤੇ ਬੁੜੈਲ ਵਿਚ ਰਹਿੰਦਾ ਸੀ। ਪਿਤਾ ਦੇ ਮੁਤਾਬਕ, ਵਿਨੈ ਕਰੀਬ ਇਕ ਸਾਲ ਤੋਂ ਸੁਹਾਨੀ ਨੂੰ ਜਾਣਦਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ। ਸੁਹਾਨੀ ਨੇ ਘਰ ਵਿਚ ਇਸ ਬਾਰੇ ਦੱਸਿਆ ਸੀ ਅਤੇ ਉਸ ਤੋਂ ਦੂਰੀ ਬਣਾ ਲਈ ਸੀ। ਦੋਸ਼ ਹੈ ਕਿ ਵਿਨੈ ਨਸ਼ਾ ਕਰਦਾ ਸੀ ਅਤੇ ਲਗਾਤਾਰ ਸੁਹਾਨੀ ਨੂੰ ਤੰਗ ਕਰ ਰਿਹਾ ਸੀ।
ਪੁਲਸ 'ਤੇ ਲਾਪਰਵਾਹੀ ਦੇ ਦੋਸ਼
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲਸ ਮੌਕੇ 'ਤੇ ਮੌਜੂਦ ਸੀ, ਪਰ ਉਸ ਨੂੰ ਤੁਰੰਤ ਹਸਪਤਾਲ ਨਹੀਂ ਲਿਜਾਇਆ ਗਿਆ। ਪਿਤਾ ਦਾ ਕਹਿਣਾ ਹੈ ਕਿ ਪਾਰਕ ਦੇ ਅੰਦਰ ਐਂਬੂਲੈਂਸ ਨਹੀਂ ਆ ਸਕ ਰਹੀ ਸੀ, ਇਸ ਲਈ ਉਹ ਖ਼ੁਦ ਆਪਣੀ ਬੇਟੀ ਨੂੰ ਚੁੱਕ ਕੇ ਬਾਹਰ ਲੈ ਕੇ ਆਏ। ਪੁਲਸ ਨੇ ਮੁਲਜ਼ਮ ਵਿਨੈ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
''ਦਿੱਲੀ ਦੇ Rejected ਲੋਕ ਪੰਜਾਬ 'ਚ ਸਰਕਾਰ ਚਲਾ ਰਹੇ ਹਨ ਤੇ ਪੰਜਾਬ CM ਟਰੈਵਲ ਏਜੰਸੀ'' : ਸਵਾਤੀ ਮਾਲੀਵਾਲ
NEXT STORY