ਜਲੰਧਰ (ਖੁਰਾਣਾ)– ਦਿੱਲੀ ਤੋਂ ਬਾਅਦ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰ ਚੁੱਕੀ ਆਮ ਆਦਮੀ ਪਾਰਟੀ ਨੇ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਅੱਜ ਜਿਸ ਤਰ੍ਹਾਂ ਪੰਜਾਬ ਦੀਆਂ ਨਿਗਮ ਚੋਣਾਂ ਦੀ ਬਜਾਏ ਆਮ ਆਦਮੀ ਪਾਰਟੀ ਦੇ ਆਗੂ ਗੁਜਰਾਤ ਅਤੇ ਹਿਮਾਚਲ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ, ਉਸ ਨਾਲ ਸੂਬੇ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਨਗਰ ਨਿਗਮਾਂ ਦੀਆਂ ਚੋਣਾਂ 3-4 ਮਹੀਨਿਆਂ ਲਈ ਲਟਕਾਈਆਂ ਜਾ ਸਕਦੀਆਂ ਹਨ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਸ ਦੀਆਂ ਚੋਣਾਂ ਦਸੰਬਰ ਵਿਚ ਹੋਣੀਆਂ ਹਨ ਪਰ ਇਹ ਚੋਣਾਂ ਅਗਲੇ ਸਾਲ ਮਾਰਚ-ਅਪ੍ਰੈਲ ਵਿਚ ਕਰਵਾਏ ਜਾਣ ਦੀ ਯੋਜਨਾ ਵੀ ਅੰਦਰਖਾਤੇ ਤਿਆਰ ਹੋ ਰਹੀ ਹੈ।
ਗੁਜਰਾਤ ਦੇ ਚੱਕਰ ਕੱਟ ਰਹੇ ਨੇ ‘ਆਪ’ ਦੇ ਵਿਧਾਇਕ
ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਉਹ ਗੁਜਰਾਤ ਦਾ ਇਕ ਚੱਕਰ ਜ਼ਰੂਰ ਲਾਉਣ ਅਤੇ ਉਥੇ ਆਪਣੇ-ਆਪਣੇ ਸੰਪਰਕ ਵਿਚ ਜਾਣ-ਪਛਾਣ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਜ਼ਰੂਰ ਕਰਨ। ਪਾਰਟੀ ਦੇ ਇਨ੍ਹਾਂ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਕਰਤਰਾਪੁਰ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਗੁਜਰਾਤ ਦੇ ਸ਼ਹਿਰਾਂ ਦਾ ਦੌਰਾ ਕਰ ਵੀ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਇਸੇ ਸਾਲ ਨਵੰਬਰ-ਦਸੰਬਰ ਵਿਚ ਹੀ ਕਰਵਾਈਆਂ ਜਾ ਸਕਦੀਆਂ ਹਨ, ਇਸ ਲਈ ਆਮ ਆਦਮੀ ਪਾਰਟੀ ਦਸੰਬਰ ਵਿਚ ਨਿਗਮ ਚੋਣਾਂ ਕਰਵਾਉਣ ਦੀ ਰਿਸਕ ਸ਼ਾਇਦ ਨਾ ਲਵੇ।
ਇਹ ਵੀ ਪੜ੍ਹੋ: ਗੈਂਗਸਟਰ ਜੱਗੂ ਭਗਵਾਨਪੁਰੀਆ ਜਲੰਧਰ ਦੀ ਅਦਾਲਤ ’ਚ ਪੇਸ਼, 9 ਦਿਨ ਦਾ ਮਿਲਿਆ ਪੁਲਸ ਰਿਮਾਂਡ
ਇਕ-ਦੂਜੇ ਸਿਰ ਠੀਕਰਾ ਭੰਨ ਰਹੇ ਕਾਂਗਰਸ ਅਤੇ ‘ਆਪ’ ਦੇ ਆਗੂ
ਜਲੰਧਰ ਦੀ ਗੱਲ ਕਰੀਏ ਤਾਂ ਕਦੀ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਮੰਨਿਆ ਜਾਂਦਾ ਜਲੰਧਰ ਅੱਜ ਆਪਣੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਜਲੰਧਰ ਵਿਚ ਕੂੜੇ ਦੀ ਸਮੱਸਿਆ ਭਿਆਨਕ ਰੂਪ ਧਾਰ ਚੁੱਕੀ ਹੈ ਅਤੇ ਮੇਨ ਸੜਕਾਂ ਦੀ ਸਫਾਈ ਤੱਕ ਨਹੀਂ ਹੋ ਪਾ ਰਹੀ। ਸਮਾਰਟ ਸਿਟੀ ਦੇ ਲਗਭਗ 35 ਪ੍ਰਾਜੈਕਟ ਬਿਲਕੁਲ ਬੰਦ ਪਏ ਹਨ ਅਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਵੀ ਟੁੱਟੀਆਂ ਹੋਈਆਂ ਹਨ। ਜਗ੍ਹਾ-ਜਗ੍ਹਾ ਸੀਵਰੇਜ ਜਾਮ ਹੋਣ ਦੇ ਕਾਰਨ ਬੁਰੀ ਹਾਲਤ ਹੈ ਅਤੇ ਦਰਜਨਾਂ ਵਾਰਡ ਅਜਿਹੇ ਹਨ, ਜਿਥੋਂ ਦੇ ਹਜ਼ਾਰਾਂ ਲੋਕਾਂ ਨੂੰ ਪੀਣ ਵਾਲਾ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਇੰਨੀਆਂ ਸਮੱਸਿਆਵਾਂ ਹੋਣ ਦੇ ਬਾਵਜੂਦ ਨਿਗਮ ਦੀ ਸੱਤਾ ’ਤੇ ਕਾਬਜ਼ ਕਾਂਗਰਸੀ ਆਗੂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦਾ ਰੋਣਾ ਰੋ ਕੇ ਕੰਮ ਕਰਨਾ ਬੰਦ ਕਰ ਚੁੱਕੇ ਹਨ। ਦੂਜੇ ਪਾਸੇ ‘ਆਪ’ ਆਗੂ ਵੀ ਇਹ ਕਹਿ ਕੇ ਹੱਥ ਖੜ੍ਹੇ ਕਰ ਦਿੰਦੇ ਹਨ ਕਿ ਨਿਗਮ ’ਤੇ ਅਜੇ ਵੀ ਕਾਂਗਰਸ ਦਾ ਕਬਜ਼ਾ ਹੈ। ਕੁਲ ਮਿਲਾ ਕੇ ਲੋਕ ਇਸ ਸਮੇਂ ਕਾਂਗਰਸ ਅਤੇ ‘ਆਪ’ ਦੋਵਾਂ ਤੋਂ ਦੁਖੀ ਹਨ ਅਤੇ ਆਉਣ ਵਾਲੇ ਕੁਝ ਹੋਰ ਮਹੀਨੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲਿਵ-ਇਨ 'ਚ ਰਹਿਣ ਵਾਲਾ ਪ੍ਰੇਮੀ ਇਸ ਹੱਦ ਤੱਕ ਵੀ ਜਾ ਸਕਦੈ, ਵਿਧਵਾ ਨੇ ਕਦੇ ਨਹੀਂ ਸੀ ਸੋਚਿਆ
NEXT STORY