ਲੁਧਿਆਣਾ(ਕੁਲਵੰਤ, ਤਰੁਣ)-ਮਾਡਲ ਟਾਊਨ ਵਿਚ ਕਾਰੋਬਾਰੀ ਜਸਮੀਤ ਪਾਲ ਵੱਲੋਂ ਆਪਣੀ ਪਤਨੀ, ਬੇਟੇ ਦੀ ਹੱਤਿਆ ਤੇ ਖੁਦ ਆਤਮਹੱਤਿਆ ਦੇ ਮਾਮਲੇ 'ਚ ਉਸ ਦੀ ਮਾਂ ਮਹਿੰਦਰ ਕੌਰ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 4 ਉਦਯੋਗਪਤੀਆਂ ਖਿਲਾਫ ਉਸ ਦੇ ਬੇਟੇ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਆਪਣੇ ਬੇਟੇ, ਨੂੰਹ ਤੇ ਪੋਤੇ ਦਾ ਅੰਤਿਮ ਸੰਸਕਾਰ ਨਹੀਂ ਕਰੇਗੀ। ਮਹਿੰਦਰ ਕੌਰ ਦੇਰ ਸ਼ਾਮ ਸਿਵਲ ਹਸਪਤਾਲ 'ਚ ਰੋਸ ਪ੍ਰਦਰਸ਼ਨ ਕਰ ਕੇ ਪੁਲਸ ਤੋਂ ਇਨਸਾਫ ਮੰਗ ਰਹੀ ਸੀ। ਮਹਿੰਦਰ ਨੇ ਦੋਸ਼ ਲਾਇਆ ਕਿ ਉਸ ਨੇ ਪੁਲਸ ਨੂੰ ਸ਼ਾਰੂ ਸਟੀਲ ਪ੍ਰਾਈਵੇਟ ਲਿਮ, ਸ਼ਾਰੂ ਰੋਲਿੰਗ ਮਿੱਲ, ਜੀ. ਕੇ. ਆਇਰਨ ਸਟੀਲ ਗਿੱਲ ਚੌਕ ਤੇ ਮਾਲਵਾ ਆਇਰਨ ਸਟੋਰ ਮਿੱਲ ਦੇ ਮਾਲਕਾਂ ਦੇ ਨਾਂ ਲਿਖਤੀ ਤੌਰ 'ਤੇ ਸ਼ਿਕਾਇਤ ਵਿਚ ਦਿੱਤੇ ਸਨ, ਪੁਲਸ ਉਨ੍ਹਾਂ ਦੇ ਗੁਦਾਮਾਂ ਨੂੰ ਸੀਲ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਵੇ, ਤਾਂ ਹੀ ਉਹ ਆਪਣੇ ਪਰਿਵਾਰ ਦਾ ਅੰਤਿਮ ਸੰਸਕਾਰ ਕਰੇਗੀ, ਉਸ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਉਸ ਦਾ ਬੇਟਾ ਹਰ ਰੋਜ਼ ਸਵੇਰੇ 8 ਵਜੇ ਹੇਠਾਂ ਉਸ ਨੂੰ ਮਿਲਣ ਆ ਜਾਂਦਾ ਸੀ ਪਰ ਅੱਜ ਸਵੇਰੇ ਉਹ ਹੇਠਾਂ ਨਹੀਂ ਆਇਆ। ਦਰਵਾਜ਼ਾ ਤੁੜਵਾਉਣ ਦੇ ਬਾਅਦ ਦੇਖਿਆ ਤਾਂ ਪੂਰਾ ਪਰਿਵਾਰ ਖੂਨ ਨਾਲ ਲਥਪਥ ਪਿਆ ਸੀ। ਉਸ ਦਾ ਬੇਟਾ ਇਨ੍ਹਾਂ ਉਦਯੋਗਪਤੀਆਂ ਤੋਂ ਪ੍ਰੇਸ਼ਾਨ ਸੀ, ਜਿਨ੍ਹਾਂ ਨੇ ਜਾਣਬੁੱਝ ਕੇ ਵਪਾਰ ਵਿਚ ਘਾਟਾ ਦਿਖਾਇਆ ਤੇ ਉਸ ਦੇ ਬੇਟੇ ਨੂੰ ਮਰਨ ਲਈ ਮਜਬੂਰ ਕੀਤਾ। ਦੇਰ ਰਾਤ ਤੱਕ ਸਿਵਲ ਹਸਪਤਾਲ ਵਿਚ ਧਰਨਾ-ਪ੍ਰਦਰਸ਼ਨ ਜਾਰੀ ਸੀ ਅਤੇ ਪੁਲਸ ਪੀੜਤਾਂ ਨੂੰ ਕਾਰਵਾਈ ਦਾ ਵਿਸ਼ਵਾਸ ਦੇ ਰਹੀ ਸੀ ਪਰ ਪੀੜਤ ਪਹਿਲਾਂ ਐੱਫ. ਆਈ. ਆਰ. ਦਰਜ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ।
ਮਾਂ ਦੀ ਫਰਿਆਦ, ਪੁਲਸ ਇਨਸਾਫ ਦੇਵੇ
ਜਸਮੀਤ ਦੀ ਮਾਤਾ ਮਹਿੰਦਰ ਕੌਰ ਦਾ ਕਹਿਣਾ ਸੀ ਕਿ ਜਿਸ ਫਰਮ ਵਿਚ ਉਸ ਦਾ ਬੇਟਾ ਪਾਟਰਨਰ ਸੀ, ਉਥੇ ਘਾਟਾ ਦਿਖਾਉਣ ਕਾਰਨ ਉਸ ਦਾ ਆਪਣੇ ਪਾਰਟਨਰ ਨਾਲ ਵਿਵਾਦ ਚੱਲ ਰਿਹਾ ਸੀ। ਇਹੀ ਕਾਰਨ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਅਤੇ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਸੀ। ਇਸੇ ਕਾਰਨ ਉਸ ਨੇ ਆਪਣੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਡੀ. ਸੀ. ਪੀ. ਧਰੁਮਨ ਨਿੰਬਲੇ ਦਾ ਕਹਿਣਾ ਸੀ ਕਿ ਸਵੇਰੇ ਮਹਿੰਦਰ ਕੌਰ ਨੇ ਹੋਰ ਬਿਆਨ ਦਿੱਤਾ ਸੀ ਪਰ ਸ਼ਾਮ ਨੂੰ ਉਸ ਨੇ ਆਪਣੇ ਬੇਟੇ ਤੇ ਪਰਿਵਾਰ ਦੀ ਮੌਤ ਲਈ ਉਸ ਦੇ ਪਾਟਰਨਰਾਂ 'ਤੇ ਦੋਸ਼ ਲਾਉਂਦੇ ਹੋਏ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਗੁਹਾਰ ਲਾਈ। ਡੀ. ਸੀ. ਪੀ. ਨੇ ਦੱਸਿਆ ਕਿ ਮਹਿੰਦਰ ਕੌਰ ਇਸ ਮਾਮਲੇ ਵਿਚ ਧਾਰਾ 306 (ਮਰਨ ਲਈ ਮਜਬੂਰ ਕਰਨ) ਦੇ ਦੋਸ਼ ਵਿਚ ਕੇਸ ਦਰਜ ਕਰਨ ਦੀ ਅਪੀਲ ਕਰ ਰਹੀ ਸੀ। ਪੁਲਸ ਨੇ ਉਸ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਉਸ ਨੂੰ ਇਨਸਾਫ ਦਿਵਾਉਣਗੇ। ਉਥੇ ਮਹਿੰਦਰ ਕੌਰ ਦਾ ਦੋਸ਼ ਸੀ ਕਿ ਸਵੇਰ ਤੋਂ ਲੈ ਕੇ 10 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਪਰ ਅਜੇ ਤੱਕ ਪੁਲਸ ਨੇ ਉਸ ਦੇ ਬੇਟੇ ਦੇ ਕਿਸੇ ਵੀ ਪਾਰਟਨਰ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ, ਜਦ ਕਿ ਉਨ੍ਹਾਂ ਨੇ 4 ਲੋਕਾਂ ਦੇ ਨਾਂ ਆਪਣੀ ਸ਼ਿਕਾਇਤ ਵਿਚ ਦਿੱਤੇ ਸਨ।
ਮਾਂ ਨੂੰ ਬੋਲ ਕੇ ਸੌਣ ਗਿਆ ਸੀ
ਪੁਲਸ ਮੁਤਾਬਕ ਜਾਂਚ ਵਿਚ ਪਾਇਆ ਗਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਗਮੀਤ ਗਰਾਊੁਂਡ ਫਲੌਰ 'ਤੇ ਰਹਿਣ ਵਾਲੀ ਆਪਣੀ ਮਾਂ ਇੰਦਰ ਕੌਰ ਨੂੰ ਸੌਣ ਲਈ ਬੋਲ ਕੇ ਉੱਪਰ ਗਿਆ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਗੋਲੀ ਚੱਲੀ, ਉਸ ਨੇ ਤਾਂ ਗੋਲੀ ਦੀ ਕੋਈ ਆਵਾਜ਼ ਤੱਕ ਨਹੀਂ ਸੁਣੀ, ਉਸ ਨੇ ਆਪਣੇ ਬੇਟੇ, ਨੂੰਹ ਤੇ ਪੋਤੇ ਦੀ ਲਾਸ਼ ਦੇਖੀ ਤਾਂ ਵੀ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦਾ ਬੇਟਾ ਇੰਨਾ ਘਿਨੌਣਾ ਅਪਰਾਧ ਕਰ ਸਕਦਾ ਹੈ। ਇੰਦਰ ਨੇ ਪੁਲਸ ਨੂੰ ਦੱਸਿਆ ਕਿ ਕਾਰੋਬਾਰ ਵਿਚ ਘਾਟਾ ਪੈਣ ਕਾਰਨ ਜਗਮੀਤ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਹਾਲਾਂਕਿ ਉਸ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ ਪਰ ਉਹ ਆਪਣੀ ਪ੍ਰੇਸ਼ਾਨੀ ਤੋਂ ਬਾਹਰ ਨਹੀਂ ਆ ਰਿਹਾ ਸੀ। ਫਰਵਰੀ ਮਹੀਨੇ ਵਿਚ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਵਿਚ ਵੀ ਭਰਤੀ ਕਰਵਾਇਆ ਗਿਆ ਸੀ।
ਸਿਰ ਨੂੰ ਚੀਰ ਕੇ ਜਬਾੜੇ 'ਚ ਪਹੁੰਚੀ ਗੋਲੀ
ਪੁਲਸ ਨੇ ਤਿੰਨਾਂ ਲਾਸ਼ਾਂ ਜਸਮੀਤ, ਜਸਪ੍ਰੀਤ ਤੇ ਜਸ਼ਨਦੀਪ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਗੁਰਸ਼ਰਨ ਸਿੰਘ ਮੋਂਗਾ, ਡਾਕਟਰ ਪਿਲੀਅਮ ਵਰਮਾ ਤੇ ਡਾਕਟਰ ਸਿੱਧੂ 'ਤੇ ਆਧਾਰਿਤ ਬੋਰਡ ਤੋਂ ਕਰਵਾਇਆ। ਮੌਕੇ 'ਤੇ ਤਹਿਸੀਲਦਾਰ ਸੁਖਵਿੰਦਰ ਕੌਰ ਦੀ ਦੇਖ-ਰੇਖ ਵਿਚ ਇਹ ਪੋਸਟਮਾਰਟਮ ਹੋਇਆ। ਡਾਕਟਰਾਂ ਮੁਤਾਬਕ ਜਸਮੀਤ ਦੇ ਸਿਰ ਦੇ ਸੱਜੇ ਪਾਸੇ ਤੋਂ ਗੋਲੀ ਲੱਗਣ ਤੋਂ ਬਾਅਦ ਖੱਬੇ ਪਾਸੇ ਆਰ-ਪਾਰ ਹੋ ਗਈ ਸੀ, ਜਦ ਕਿ ਉਸ ਦੀ ਪਤਨੀ ਦੇ ਸੱਜੇ ਪਾਸੇ ਤੋਂ ਗੋਲੀ ਲੱਗਣ ਦੇ ਬਾਅਦ ਉਸ ਦੇ ਜਬਾੜੇ ਵਿਚ ਫਸ ਗਈ ਸੀ, ਜਿਸ ਨੂੰ ਡਾਕਟਰਾਂ ਨੇ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਜਸਨਪ੍ਰੀਤ ਦੇ ਸਿਰ 'ਤੇ ਗੋਲੀ ਲੱਗਣ ਤੋਂ ਬਾਅਦ ਉਸ ਦੇ ਕੰਨ 'ਚੋਂ ਡਾਕਟਰਾਂ ਨੇ ਗੋਲੀ ਕੱਢੀ।
ਨਹੀਂ ਸੁਣੀ ਗੋਲੀ ਦੀ ਆਵਾਜ਼ ਕਿਸੇ ਨੇ
ਜਿਸ ਤਰ੍ਹਾਂ ਪੁਲਸ ਦਾਅਵਾ ਕਰ ਰਹੀ ਹੈ ਕਿ ਜਸਮੀਤ ਨੇ ਪਤਨੀ ਤੇ ਬੇਟੇ-ਬੇਟੀ ਨੂੰ ਗੋਲੀ ਮਾਰੀ, ਉਥੇ ਉਸ ਦੀ ਮਾਤਾ ਮਹਿੰਦਰ ਕੌਰ ਹੇਠਾਂ ਕਮਰੇ ਵਿਚ ਰਹਿੰਦੀ ਸੀ ਅਤੇ ਉਸ ਦਾ ਦਾਅਵਾ ਸੀ ਕਿ ਉਸ ਨੂੰ ਗੋਲੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਨਾਲ ਹੈਰਾਨੀ ਹੋਰ ਵੀ ਵਧ ਜਾਂਦੀ ਹੈ ਕਿ ਆਖਿਰਕਾਰ 32 ਬੋਰ ਦੀ ਰਿਵਾਲਵਰ ਦੀ ਗੋਲੀ ਚੱਲਣ ਦੀ ਆਵਾਜ਼ ਸੁਣਾਈ ਕਿਉਂ ਨਹੀਂ ਦਿੱਤੀ। ਲੋਕਾਂ 'ਚ ਚਰਚਾ ਸੀ ਕਿ ਸ਼ਾਇਦ ਰਿਵਾਲਵਰ ਦੇ ਉੱਪਰ ਸਾਇਲੈਂਸਰ ਫਿੱਟ ਕੀਤਾ ਗਿਆ ਸੀ ਪਰ ਥਾਣਾ ਮੁਖੀ ਸੁਰਿੰਦਰ ਚੋਪੜਾ ਦਾ ਕਹਿਣਾ ਸੀ ਕਿ ਇਕ ਤਾਂ ਜਿੱਥੇ ਗੋਲੀਬਾਰੀ ਹੋਈ, ਉਥੇ ਉੱਪਰਲੀ ਮੰਜ਼ਿਲ ਦੇ ਬਿਲਕੁੱਲ ਪਿੱਛੇ ਕਮਰੇ ਬਣੇ ਹੋਏ ਸਨ। ਹੋ ਸਕਦਾ ਹੈ ਕਿ ਏ. ਸੀ. ਤੇ ਟੀ. ਵੀ. ਦੀ ਆਵਾਜ਼ ਕਾਰਨ ਗੋਲੀ ਦੀ ਆਵਾਜ਼ ਦੱਬ ਗਈ ਹੋਵੇ, ਜਿਸ ਕਾਰਨ ਮਹਿੰਦਰ ਕੌਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਨਾ ਲੱਗਾ ਹੋਵੇ।
ਬੇਟੀ ਨੇ ਭੱਜਣ ਦੀ ਕੀਤੀ ਸੀ ਕੋਸ਼ਿਸ਼
ਪੁਲਸ ਮੁਤਾਬਕ ਕਾਰੋਬਾਰੀ ਜਗਮੀਤ ਦੀ ਬੇਟੀ ਬਿਸਮਿਨ ਦੇ ਇਕ ਗੋਲੀ ਜਬਾੜੇ ਨੂੰ ਚੀਰ ਕੇ ਦੂਸਰੇ ਪਾਸੇ ਨਿਕਲ ਗਈ, ਜਦੋਂ ਕਿ ਇਕ ਗੋਲੀ ਉਸ ਦੇ ਭੱਜਦੇ ਸਮੇਂ ਪੇਟ ਵਿਚ ਲੱਗੀ। ਉਥੇ ਕੁੱਲ 5 ਗੋਲੀਆਂ ਚੱਲੀਆਂ ਸਨ। ਦੱਸਿਆ ਜਾਂਦਾ ਹੈ ਕਿ ਜਗਮੀਤ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਗੋਲੀ ਸੁੱਤੇ ਸਮੇਂ ਮਾਰੀ ਤੇ ਬਾਅਦ ਵਿਚ ਉਸ ਨੇ ਬੇਟੇ ਨੂੰ ਗੋਲੀ ਮਾਰੀ। ਉਸ ਦੇ ਬਾਅਦ ਉਹ ਦੂਸਰੇ ਕਮਰੇ ਵਿਚ ਗਿਆ ਅਤੇ ਉਸ ਨੇ ਬੇਟੀ ਨੂੰ ਗੋਲੀ ਮਾਰੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੇ ਇਕ ਗੋਲੀ ਹੋਰ ਬੇਟੀ 'ਤੇ ਚਲਾਈ, ਜਦੋਂ ਉਹ ਡਿੱਗ ਗਈ ਤਾਂ ਉਸ ਨੂੰ ਮਰਿਆ ਸਮਝ ਕੇ ਉਸ ਨੇ ਵੀ ਆਪਣੀ ਕਨਪਟੀ 'ਤੇ ਪਿਸਤੌਲ ਲਾ ਕੇ ਗੋਲੀ ਦਾਗ ਲਈ ਅਤੇ ਉਥੇ ਹੀ ਢੇਰ ਹੋ ਗਿਆ। ਪੁਲਸ ਨੂੰ ਮਾਂ-ਬੇਟੇ ਦੀ ਲਾਸ਼ ਇਕ ਕਮਰੇ 'ਚੋਂ ਤੇ ਦੂਸਰੇ ਕਮਰੇ 'ਚੋਂ ਕਾਰੋਬਾਰੀ ਦੀ ਲਾਸ਼ ਬਰਾਮਦ ਹੋਈ। ਕਾਰੋਬਾਰੀ ਦਾ ਬੇਟਾ ਕੇ. ਵੀ. ਐੱਮ. ਸਕੂਲ ਵਿਚ 12ਵੀਂ ਕਲਾਸ ਦਾ ਵਿਦਿਆਰਥੀ ਸੀ, ਜਦੋਂ ਕਿ ਉਸ ਦੀ ਬੇਟੀ 9ਵੀਂ ਕਲਾਸ ਵਿਚ ਪੜ੍ਹਦੀ ਸੀ।
ਅਣਸੁਲਝੇ ਸਵਾਲ ਮੰਗ ਰਹੇ ਨੇ ਜਵਾਬ
ਇਸ ਤੀਹਰੇ ਹੱਤਿਆ ਕਾਂਡ ਵਿਚ ਕੁਝ ਸਵਾਲ ਅਜਿਹੇ ਹਨ, ਜੋ ਅਜੇ ਤੱਕ ਅਣਸੁਲਝੇ ਹਨ, ਜਿਸ ਵਿਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਨਾ ਦੇਣਾ, ਬਜ਼ੁਰਗ ਮਹਿੰਦਰ ਕੌਰ ਤਾਂ ਬੇਸ਼ੱਕ ਸੌਂ ਗਈ ਹੋਵੇਗੀ, ਬਲਕਿ ਪੰਜ ਗੋਲੀਆਂ ਚੱਲਣ ਦੀ ਆਵਾਜ਼ ਆਲੇ-ਦੁਆਲੇ ਕਿਸੇ ਨੂੰ ਵੀ ਨਹੀਂ ਸੁਣੀ, ਇਸ ਗੱਲ ਦਾ ਜਵਾਬ ਨਾ ਤਾਂ ਪੁਲਸ ਹੀ ਦੇ ਸਕੀ ਅਤੇ ਨਾ ਹੀ ਇਲਾਕੇ ਦੇ ਲੋਕ। ਇਸ ਤੋਂ ਇਲਾਵਾ ਕਾਰੋਬਾਰੀ ਦੀ ਕੋਠੀ ਦੇ ਬਾਹਰ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਹੈ, ਜਿਸ ਵਿਚ ਰਾਤ ਨੂੰ ਕਿਸੇ ਵੀ ਬਾਹਰੀ ਵਿਅਕਤੀ ਦੇ ਆਉਣ-ਜਾਣ ਦੀ ਫੁਟੇਜ ਨਹੀਂ ਸੀ। ਇਹੀ ਕਾਰਨ ਹੈ ਕਿ ਪੁਲਸ ਇਸ ਘਟਨਾ ਨੂੰ ਬਾਹਰੀ ਵਿਅਕਤੀਆਂ ਵੱਲੋਂ ਨਾ ਮੰਨ ਕੇ ਇਸ ਨੂੰ ਜਸਮੀਤ ਵੱਲੋਂ ਦੋ ਹੱਤਿਆਵਾਂ ਕਰ ਕੇ ਖੁਦ ਨੂੰ ਗੋਲੀ ਮਾਰਨ ਦੀ ਘਟਨਾ ਮੰਨ ਰਹੀ ਹੈ।
ਇਸ ਤੋਂ ਇਲਾਵਾ ਦੇਰ ਸ਼ਾਮ ਥਾਣਾ ਮੁਖੀ ਦਾ ਕਹਿਣਾ ਸੀ ਕਿ ਬਿਸਮਿਨ ਨੇ ਡਾਕਟਰਾਂ ਨੂੰ ਦੱਸ ਦਿੱਤਾ ਸੀ ਕਿ ਇਹ ਗੋਲੀਆਂ ਉਸ ਦੇ ਪਾਪਾ ਨੇ ਹੀ ਚਲਾਈਆਂ ਸਨ। ਇਸ ਵਿਚ ਵੀ ਸ਼ੱਕ ਹੈ ਕਿ ਪਹਿਲਾਂ ਪੁਲਸ ਦੱਸ ਰਹੀ ਸੀ ਕਿ ਕਾਰੋਬਾਰੀ ਦੀ ਬੇਟੀ ਕੁਝ ਵੀ ਕਹਿਣ ਦੀ ਹਾਲਤ ਵਿਚ ਨਹੀਂ ਹੈ। ਇਹੀ ਕਾਰਨ ਹੈ ਕਿ ਇਸ ਵਾਰਦਾਤ ਵਿਚ ਕਈ ਅਜਿਹੇ ਅਣਸੁਲਝੇ ਸਵਾਲ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਪੁਲਸ ਨੂੰ ਕਾਫੀ ਮਿਹਨਤ ਕਰਨੀ ਪਵੇਗੀ, ਇਸ ਤੋਂ ਇਲਾਵਾ ਪੁਲਸ ਜਸਮੀਤ ਦੇ ਪਾਰਟਨਰਾਂ ਤੋਂ ਵੀ ਇਸ ਕਾਂਡ ਸਬੰਧੀ ਪੁੱਛਗਿੱਛ ਕਰਨ ਜਾ ਰਹੀ ਹੈ ਤਾਂ ਕਿ ਅਸਲ ਸੱਚਾਈ ਸਾਹਮਣੇ ਆ ਸਕੇ ਕਿ ਆਖਿਰਕਾਰ ਜਗਮੀਤ ਵਰਗੇ ਸੁਲਝੇ ਹੋਏ ਕਾਰੋਬਾਰੀ ਨੇ ਇਕਦਮ ਕਿਸ ਤਰ੍ਹਾਂ ਆਪਣੇ ਹੀ ਘਰ ਨੂੰ ਬਰਬਾਦ ਕਰ ਦਿੱਤਾ।
ਸਵਾ ਕਰੋੜ ਦੀ ਹੈਰੋਇਨ ਸਣੇ ਦੋ ਕਾਬੂ
NEXT STORY