ਲੁਧਿਆਣਾ(ਅਨਿਲ)-ਥਾਣਾ ਲਾਡੋਵਾਲ ਦੀ ਪੁਲਸ ਅਤੇ ਐੱਸ. ਟੀ. ਐੱਫ. ਨੇ ਸਾਂਝੀ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਸਵਾ ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਚਾਹੜਾਂ ਦੇ ਟੀ-ਪੁਆਇੰਟ 'ਤੇ ਥਾਣੇਦਾਰ ਦਲਜੀਤ ਸਿੰਘ ਸਪੈਸ਼ਲ ਟਾਸਕ ਫੋਰਸ ਦੇ ਥਾਣੇਦਾਰ ਦਵਿੰਦਰ ਸਿੰਘ ਦੀ ਪੁਲਸ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੰਬੜਾਂ ਵੱਲੋਂ ਆਏ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰੀ ਕੀਮਤ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਗੁਰਚਰਨ ਸਿੰਘ ਲਾਲ ਪੁੱਤਰ ਜਗਤਾਰ ਸਿੰਘ ਨਿਵਾਸੀ ਪਿੰਡ ਬੁਰਜ ਲਾਂਬੜਾ ਤੇ ਕੁਲਬੀਰ ਸਿੰਘ ਪੁੱਤਰ ਦੋਨਾ ਸਿੰਘ ਨਿਵਾਸੀ ਨਵਾਂ ਰਜ਼ਾਪੁਰ ਦੇ ਰੂਪ ਵਿਚ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰ ਰਹੇ ਹਨ। ਗੁਰਚਰਨ ਸਿੰਘ ਖਿਲਾਫ ਜਿਥੇ ਵੱਖ-ਵੱਖ ਥਾਣਿਆਂ ਵਿਚ 10 ਦੇ ਕਰੀਬ ਕੇਸ ਦਰਜ ਹਨ, ਉਥੇ ਕੁਲਬੀਰ ਸਿੰਘ 'ਤੇ ਵੀ 5 ਦੇ ਕਰੀਬ ਕੇਸ ਦਰਜ ਹਨ। ਪੁਲਸ ਨੇ ਦੋਵਾਂ ਖਿਲਾਫ ਥਾਣਾ ਲਾਡੋਵਾਲ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਦੋਸ਼ੀ ਦੀ ਪਤਨੀ ਵੀ ਨਸ਼ਾ ਸਮੱਗਲਰ: ਥਾਣਾ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਹੈਰੋਇਨ ਦੀ ਖੇਪ ਸਮੇਤ ਫੜੇ ਗਏ ਦੋਸ਼ੀ ਗੁਰਚਰਨ ਸਿੰਘ ਦੀ ਪਤਨੀ ਗੁਲਸ਼ਨ ਕੌਰ 'ਤੇ ਵੀ ਨਸ਼ਾ ਸਮੱਗਲਿੰਗ ਦੇ ਕਰੀਬ 4-5 ਕੇਸ ਦਰਜ ਹਨ, ਜੋ ਅਜੇ ਤੱਕ ਜੇਲ ਵਿਚ ਹੈ।
ਦੋਸਤ ਨੇ ਨਸ਼ੀਲੀ ਕੋਲਡ ਡ੍ਰਿੰਕ ਪਿਲਾ ਕੇ ਇੱਜ਼ਤ ਲੁੱਟੀ
NEXT STORY