ਭਗਤਾ ਭਾਈ(ਪਰਵੀਨ)-ਪਿੰਡ ਕੋਠਾ ਗੁਰੂ ਵਿਖੇ ਪਰਿਵਾਰਕ ਕਲੇਸ਼ ਦੇ ਕਾਰਨ ਇਕ ਵਿਅਕਤੀ ਨੇ ਆਪਣੇ ਬੱਚਿਆਂ ਦੇ ਸਾਹਮਣੇ ਹੀ ਗੋਲੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦਾ ਵਿਆਹ ਗੁਰਸੇਵਕ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੋਠਾ ਗੁਰੂ ਨਾਲ 14 ਸਾਲ ਪਹਿਲਾਂ ਹੋਇਆ ਸੀ। ਦੋਵਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਮ੍ਰਿਤਕਾ ਦੇ ਭਰਾ ਜਗਸੀਰ ਸਿੰਘ ਅਨੁਸਾਰ ਗੁਰਸੇਵਕ ਸਿੰਘ ਕੁੱਟਮਾਰ ਕਰ ਕੇ ਉਸ ਦੀ ਭੈਣ ਨੂੰ ਹਮੇਸ਼ਾ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਦੋ ਦਿਨ ਪਹਿਲਾਂ ਹੀ ਉਸ ਦੇ ਫੋਨ ਕਰਨ 'ਤੇ ਉਹ ਆਪਣੀ ਭੈਣ ਨੂੰ ਉਸ ਦੇ ਸਹੁਰੇ ਘਰ ਛੱਡ ਗਿਆ ਸੀ ਪਰ ਕੱਲ ਹੀ ਦੋਵਾਂ ਵਿਚਕਾਰ ਫਿਰ ਤੋਂ ਝਗੜਾ ਹੋ ਗਿਆ ਅਤੇ ਉਸ ਦੀ ਭੈਣ ਨੇ ਆਪਣੇ ਮਾਪਿਆਂ ਨੂੰ ਇਥੋਂ ਲਿਜਾਣ ਲਈ ਫੋਨ ਕਰ ਦਿੱਤਾ, ਜਿਸ 'ਤੇ ਅੱਜ ਉਹ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਨੂੰ ਲੈਣ ਲਈ ਕੋਠਾ ਗੁਰੂ ਆਏ ਸਨ। ਉਸ ਨੇ ਦੱਸਿਆ ਕਿ ਜਦ ਉਸ ਦੀ ਭੈਣ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਲਿਜਾਣ ਦੀ ਗੱਲ ਕਹੀ ਤਾਂ ਗੁਰਸੇਵਕ ਸਿੰਘ ਉਨ੍ਹਾਂ ਨਾਲ ਝਗੜਾ ਕਰਨ ਲੱਗ ਗਿਆ ਅਤੇ ਤੈਸ਼ ਵਿਚ ਆ ਕੇ ਰਿਵਾਲਵਰ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਗੋਲੀ ਕਰਮਜੀਤ ਕੌਰ ਦੀ ਛਾਤੀ ਵਿਚ ਲੱਗੀ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਦਕਿ ਉਹ ਵਾਲ-ਵਾਲ ਬਚ ਗਿਆ। ਜ਼ਖਮੀ ਹਾਲਤ 'ਚ ਕਰਮਜੀਤ ਕੌਰ ਨੂੰ ਬਠਿੰਡਾ ਵਿਖੇ ਲਿਜਾਇਆ ਜਾ ਰਿਹਾ ਸੀ ਪਰ ਉਸ ਦੀ ਗੋਨਿਆਣਾ ਮੰਡੀ ਤੱਕ ਪਹੁੰਚਦੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਸੂਤਰਾਂ ਅਨੁਸਾਰ ਇਸ ਦੌਰਾਨ ਗੁਰਸੇਵਕ ਸਿੰਘ ਦੇ ਵੀ ਸਿਰ 'ਤੇ ਸੱਟ ਲੱਗ ਗਈ ਸੀ ਅਤੇ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਲੁੱਟਾਂ-ਖੋਹਾਂ ਕਰਨ ਵਾਲੀ ਸੰਨੀ ਤੇ ਵੀਰੂ ਦੀ ਜੋੜੀ ਕਾਬੂ
NEXT STORY