ਮੋਗਾ (ਅਜ਼ਾਦ) : ਬੀਤੇ ਦਿਨੀਂ ਗੋਧੇਵਾਲਾ ਸਟੇਡੀਅਮ ਦੇ ਕੋਲ ਆਪਣੀ ਪਤਨੀ ਦੀ ਤੇਜ਼ਧਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿਚ ਸ਼ਾਮਲ ਉਸਦੇ ਪਤੀ ਸੰਜੇ ਕੁਮਾਰ ਉਰਫ ਸੰਜੂ ਨਿਵਾਸੀ ਬੇਦੀ ਨਗਰ ਮੋਗਾ ਨੂੰ ਪੁਲਸ ਨੇ ਕਾਬੂ ਕਰ ਲਿਆਹੈ। ਪੁਲਸ ਉਸ ਤੋਂ ਕਤਲ ਸਮੇਂ ਵਰਤਿਆ ਤੇਜ਼ਧਾਰ ਚਾਕੂ ਵੀ ਬਰਾਮਦ ਕਰ ਲਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਬੀਤੀ 12 ਜੁਲਾਈ ਦੀ ਸਵੇਰ ਨੂੰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਕ ਔਰਤ ਦੀ ਲਾਸ਼ ਗੋਧੇਵਾਲਾ ਸਟੇਡੀਅਮ ਦੇ ਕੋਲ ਪਈ ਹੈ, ਜਿਸ 'ਤੇ ਉਹ ਅਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਹੋਰ ਪੁਲਸ ਮੁਲਾਜ਼ਮਾਂ ਸਮੇਤ ਉਥੇ ਪੁੱਜੇ ਅਤੇ ਉਚ ਪੁਲਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕਾ ਦੇ ਪਿਤਾ ਮੰਗਤ ਸਿੰਘ ਉਰਫ ਬਿੱਟੂ ਪੁੱਤਰ ਦਿਲੀਪ ਸਿੰਘ ਨਿਵਾਸੀ ਯੂ.ਪੀ. ਹਾਲ ਆਬਾਦ ਬੇਦੀ ਨਗਰ ਮੋਗਾ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਸੰਜੇ ਕੁਮਾਰ ਉਰਫ ਸੰਜੂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ, ਜਿਸ ਵਿਚ ਮੰਗਤ ਸਿੰਘ ਉਰਫ ਬਿੱਟੂ ਨੇ ਕਿਹਾ ਕਿ ਉਸਦੀ ਬੇਟੀ ਜੋਤੀ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਉਸਦਾ ਪਤੀ ਸ਼ਰਾਬ ਪੀ ਕੇ ਅਕਸਰ ਹੀ ਉਸ ਦੀ ਮਾਰਕੁੱਟ ਕਰਦਾ ਰਹਿੰਦਾ ਸੀ, ਜਿਸ ਕਾਰਨ ਉਹ ਮੇਰੇ ਕੋਲ ਰਹਿੰਦੀ ਸੀ। ਜਦੋਂ ਉਹ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਵਾਪਸ ਆ ਰਹੀ ਸੀ ਤਾਂ ਗੋਧੇਵਾਲਾ ਸਟੇਡੀਅਮ ਦੀ ਬੈਕਸਾਈਡ 'ਤੇ ਉਸਦੇ ਪਤੀ ਨੇ ਤੇਜ਼ਧਾਰ ਚਾਕੂ ਨਾਲ ਕਈ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੇ ਅਸੀਂ ਉਥੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ।
ਪਤਨੀ ਦੇ ਵਾਪਸ ਜਾਣ ਤੋਂ ਇੰਨਕਾਰ ਕਰਨ ਤੇ ਕੀਤੀ ਹੱਤਿਆ
ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਅਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਸੰਜੇ ਕੁਮਾਰ ਉਰਫ ਸੰਜੂ ਨੂੰ ਪੁਲਸ ਵਲੋਂ ਘਟਨਾ ਦੇ ਕੁੱਝ ਘੰਟਿਆਂ ਦੇ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਜਦ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੀ ਪਤਨੀ ਜੋਤੀ ਆਪਣੇ ਪੇਕੇ ਘਰ ਬੱਚਿਆਂ ਸਮੇਤ ਰਹਿ ਰਹੀ ਸੀ, ਮੈਂ ਕਈ ਵਾਰ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਕਿਹਾ ਅਤੇ ਉਸਦੇ ਮਾਤਾ-ਪਿਤਾ ਨਾਲ ਵੀ ਕਈ ਵਾਰ ਗੁਹਾਰ ਲਗਾਈ ਪਰ ਕਿਸੇ ਨੇ ਮੇਰੀ ਕੋਈ ਗੱਲ ਨਾ ਸੁਣੀ। ਅੱਜ ਜਦ ਮੇਰੀ ਪਤਨੀ ਜੋਤੀ ਬੱਚਿਆਂ ਨੂੰ ਸਕੂਲ ਛੱਡ ਕੇ ਜਾ ਰਹੀ ਸੀ ਤਾਂ ਮੈਂ ਉਸ ਨੂੰ ਫਿਰ ਮੇਰੇ ਨਾਲ ਵਾਪਸ ਘਰ ਜਾਣ ਦੇ ਲਈ ਕਿਹਾ ਤਾਂ ਉਸਨੇ ਘਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ 'ਤੇ ਮੈਂ ਗੁੱਸੇ ਵਿਚ ਆ ਕੇ ਆਪਣੀ ਪਤਨੀ ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤੇ ਅਤੇ ਉਸਦੀ ਮੌਤ ਹੋ ਗਈ।ਉਨਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਪੁੱਛਗਿੱਛ ਕਰਕੇ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਹੱਤਿਆ ਮਾਮਲੇ ਵਿਚ ਹੋਰ ਤਾਂ ਕੋਈ ਨਹੀਂ ਜਾਂ ਕਿਸੇ ਦੀ ਸਾਜਿਸ਼ ਤਾਂ ਨਹੀਂ।
ਸੁਖਬੀਰ ਦੀਆਂ ਰੈਲੀਆਂ ਘੇਰਨਗੇ ਸਹੋਲੀ
NEXT STORY