ਜਲੰਧਰ(ਪੁਨੀਤ) – ਦੁਪਹਿਰ 12.30 ਵਜੇ ਤੇ ਸ਼ਾਮ 6 ਵਜੇ ਦੁਬਈ ਤੋਂ 2 ਫਲਾਈਟਾਂ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਹੋਈਆਂ, ਜਿਨ੍ਹਾਂ ਵਿਚ ਆਏ ਐੱਨ. ਆਰ. ਆਈਜ਼ ਨੂੰ ਲੈ ਕੇ ਪੰਜਾਬ ਰੋਡਵੇਜ਼ ਡਿਪੂ-1 ਦੀਆਂ ਬੱਸਾਂ ਮਹਾਨਗਰ ਪਹੁੰਚੀਆਂ ਅਤੇ ਉਕਤ ਐੱਨ. ਆਰ. ਆਈਜ਼ ਦੇ ਕੋਰੋਨਾ ਟੈਸਟ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ।
ਉਥੇ ਹੀ ਮਸਕਟ ਦੀ ਫਲਾਈਟ ਦੇਰ ਰਾਤ ਅੰਮ੍ਰਿਤਸਰ ਏਅਰਪੋਰਟ ਪਹੁੰਚੇਗੀ, ਜਿਸ ਦੇ ਯਾਤਰੀਆਂ ਨੂੰ ਲੈ ਕੇ ਬੱਸਾਂ ਮੰਗਲਵਾਰ ਨੂੰ ਮਹਾਨਗਰ ਵਿਚ ਪਹੁੰਚਣਗੀਆਂ। ਇਨ੍ਹਾਂ ਯਾਤਰੀਆਂ ਨੂੰ ਜ਼ਿਲੇ ਵਿਚ ਪਹੁੰਚਦੇ ਹੀ ਵੱਖ-ਵੱਖ ਸਥਾਨਾਂ ’ਤੇ ਕੁਆਰੰਟਾਈਨ ਕੀਤਾ ਜਾਵੇਗਾ। ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਲੈਣ ਲਈ ਪ੍ਰਸ਼ਾਸਨ ਵਲੋਂ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਜਿਵੇਂ ਹੀ ਯਾਤਰੀ ਪਹੁੰਚ ਰਹੇ ਹਨ, ਉਨ੍ਹਾਂ ਦਾ ਕੋਰੋਨਾ ਟੈਸਟ ਲੈ ਕੇ ਅੱਗੇ ਭਿਜਵਾਇਆ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਜਲਦ ਤੋਂ ਜਲਦ ਰਿਪੋਰਟ ਆ ਸਕੇ।
ਅਧਿਕਾਰੀਆਂ ਨੇ ਦੱਸਿਆ ਕਿ ਜੋ ਐੱਨ. ਆਰ. ਆਈਜ਼ ਆ ਚੁੱਕੇ ਹਨ, ਉਨ੍ਹਾਂ ਵਿਚੋਂ ਕਈਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਸ ਕਾਰਣ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਈ ਐੱਨ. ਆਰ. ਆਈਜ਼ ਕੁਆਰੰਟਾਈਨ ਹੋਣ ਤੋਂ ਇਨਕਾਰ ਕਰਦੇ ਹਨ ਅਤੇ ਬੱਸਾਂ ਦੀ ਥਾਂ ਹੋਰ ਵਾਹਨਾਂ ਰਾਹੀਂ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਉਥੇ ਹੀ ਬੱਸ ਅੱਡੇ ਵਿਚ ਅੱਜ ਯਾਤਰੀ ਨਿਯਮਾਂ ਦੇ ਉਲਟ ਬੈਠੇ ਦਿਖਾਈ ਦਿੱਤੇ। ਕਈ ਯਾਤਰੀਆਂ ਸਮੇਤ ਟਿਕਟਾਂ ਕੱਟਣ ਵਾਲਾ ਸਟਾਫ ਵੀ ਬਿਨਾਂ ਮਾਸਕ ਦੇ ਨਜ਼ਰ ਆਇਆ। ਇਹ ਗਲਤੀ ਮਾਸਕ ਨਾ ਪਾਉਣ ਵਾਲਿਆਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਇਸ ਦੇ ਨਾਲ-ਨਾਲ ਸਮਾਜ ਲਈ ਵੀ ਵੱਡੀ ਪ੍ਰੇਸ਼ਾਨੀ ਲੈ ਕੇ ਆ ਸਕਦੀ ਹੈ। ਉਥੇ ਸਿਹਤ ਵਿਭਾਗ ਵਲੋਂ ਦੂਰੀ ਬਣਾਈ ਰੱਖਣ ਦੀਆਂ ਹਦਾਇਤਾਂ ਦੀ ਵੀ ਜੰਮ ਕੇ ਉਲੰਘਣਾ ਹੋਈ। ਲੋਕ ਇਸ ਤਰ੍ਹਾਂ ਘੁੰਮ ਰਹੇ ਸਨ ਕਿ ਜਿਵੇਂ ਕੋਰੋਨਾ ਖਤਮ ਹੋ ਚੁੱਕਿਆ ਹੋਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋੜ ਹੈ ਕਿ ਲੋਕ ਇਸ ਗੱਲ ਦਾ ਖੁਦ ਹੀ ਧਿਆਨ ਰੱਖਣ।
ਯਾਤਰੀਆਂ ਦੀ ਵਧੀ ਗਿਣਤੀ ਕਾਰਣ ਕੱਲ ਦੇ ਮੁਕਾਬਲੇ 90 ਫੀਸਦੀ ਜ਼ਿਆਦਾ ਚੱਲੀਆਂ ਪ੍ਰਾਈਵੇਟ ਬੱਸਾਂ
ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਬੱਸਾਂ ਉਦੋਂ ਹੀ ਚਲਾਈਆਂ ਜਾ ਰਹੀਆਂ ਹਨ, ਜਦੋਂ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਕੱਲ ਯਾਤਰੀ ਘੱਟ ਹੋਣ ਕਾਰਣ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਸਿਰਫ 5 ਬੱਸਾਂ ਚਲਾਈਆਂ ਗਈਆਂ, ਜਦਕਿ ਇਸ ਦੇ ਮੁਕਾਬਲੇ ਅੱਜ 90 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ 51 ਪ੍ਰਾਈਵੇਟ ਬੱਸਾਂ ਚੱਲੀਆਂ, ਜੋ ਕਿ ਵੱਖ-ਵੱਖ ਰੂਟਾਂ ’ਤੇ ਰਵਾਨਾ ਹੋਈਆਂ। ਹਾਲਾਂਕਿ ਪ੍ਰਾਈਵੇਟ ਬੱਸਾਂ ਦੇ ਚੱਲਣ ਵਿਚ ਦੁਪਹਿਰ ਤੋਂ ਬਾਅਦ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਔਲਾਦਹੀਣ ਨੂੰਹ ਨੂੰ ਸਹੁਰਿਆਂ ਨੇ ਦਿੱਤੀ ਦਰਦਨਾਕ ਸਜ਼ਾ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ
NEXT STORY