ਚੰਡੀਗੜ੍ਹ, (ਸੰਦੀਪ)- ਕਾਰਾਂ 'ਚੋਂ ਸਟੀਰੀਓ, ਐਂਪਲੀਫਾਇਰ, ਸਪੀਕਰ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਮਨੀਮਾਜਰਾ ਥਾਣਾ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਖੁੱਡਾ ਅਲੀਸ਼ੇਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਮੋਹਾਲੀ ਤੇ ਚੰਡੀਗੜ੍ਹ ਤੋਂ ਚੋਰੀ ਕੀਤਾ 4 ਲੱਖ ਰੁਪਏ ਦਾ ਸਾਮਾਨ ਬਰਾਮਦ ਕਰ ਕੇ ਚੋਰੀ ਦੇ 8 ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ । ਮੁਲਜ਼ਮ ਬਾਊਂਸਰ ਦਾ ਕੰਮ ਕਰਦਾ ਹੈ ਤੇ ਉਸ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਨਵਾਂ ਗਰਾਓਂ ਥਾਣੇ ਵਿਚ ਐੱਨ. ਡੀ. ਪੀ. ਐੱਸ. ਤੇ ਚੰਡੀਗੜ੍ਹ 'ਚ ਇਕ ਟਰੈਸਪਾਸਿੰਗ ਦਾ ਕੇਸ ਦਰਜ ਹੈ । ਇਹ ਜਾਣਕਾਰੀ ਡੀ. ਐੱਸ. ਪੀ. ਈਸਟ ਸਤੀਸ਼ ਕੁਮਾਰ ਨੇ ਮਨੀਮਾਜਰਾ ਥਾਣੇ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਦੌਰਾਨ ਮਨੀਮਾਜਰਾ ਥਾਣਾ ਇੰਚਾਰਜ ਰਣਜੀਤ ਸਿੰਘ ਵੀ ਮੌਜੂਦ ਸਨ।
ਇਹ ਸਾਮਾਨ ਕੀਤਾ ਬਰਾਮਦ
1. ਸਟੀਰੀਓ 17
2. ਐਂਪਲੀਫਾਇਰ 21
3. ਵੂਫਰ 16
4. ਸਪੀਕਰ 20
5. ਪੈਨ ਡਰਾਈਵ 20
6. ਟਾਇਰ 2
ਕਮਿਊਨਿਟੀ ਸੈਂਟਰ ਕੋਲੋਂ ਦਬੋਚਿਆ
ਡੀ. ਐੱਸ. ਪੀ. ਈਸਟ ਸਤੀਸ਼ ਕੁਮਾਰ ਨੇ ਦੱਸਿਆ ਦੀ ਮਨੀਮਾਜਰਾ ਨਿਵਾਸੀ ਵਰਿੰਦਰ ਕੁਮਾਰ ਨੇ 24 ਜੂਨ ਨੂੰ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਨੇ ਤੜਕੇ 4 ਵਜੇ ਆਪਣੀ ਕਾਰ ਘਰ ਦੇ ਕੋਲ ਪਾਰਕ ਕੀਤੀ ਸੀ । ਸਵੇਰੇ 7.30 ਵਜੇ ਵੇਖਿਆ ਤਾਂ ਕਾਰ ਦਾ ਲਾਕ ਖੁੱਲ੍ਹਾ ਸੀ ਤੇ ਮਿਊਜ਼ਕ ਸਿਸਟਮ ਤੇ ਹੋਰ ਸਾਮਾਨ ਗਾਇਬ ਸੀ । ਇਸ ਤੋਂ ਪਹਿਲਾਂ ਵੀ ਪੁਲਸ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ। ਇਸ 'ਤੇ ਮਨੀਮਾਜਰਾ ਥਾਣਾ ਇੰਚਾਰਜ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਨੂੰ ਮਨੀਮਾਜਰਾ ਸਥਿਤ ਕਮਿਊਨਿਟੀ ਸੈਂਟਰ ਦੀ ਮੁੱਖ ਸੜਕ 'ਤੇ ਨਾਕਾ ਲਾ ਕੇ ਮੁਲਜ਼ਮ ਨੂੰ ਕਾਬੂ ਕੀਤਾ। ਉਹ ਇਕ ਕਾਰ ਵਿਚ ਇੱਥੇ ਆਇਆ ਹੋਇਆ ਸੀ। ਪੁਲਸ ਨੇ ਜਦੋਂ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਪੁਲਸ ਨੇ ਉਸ ਕੋਲੋਂ ਚੋਰੀ ਕੀਤਾ ਸਾਰਾ ਸਾਮਾਨ ਬਰਾਮਦ ਕਰ ਲਿਆ। ਪੁਲਸ ਨੇ ਮਨੀਮਾਜਰਾ, ਮਲੋਆ, ਸਾਰੰਗਪੁਰ, ਸੈਕਟਰ-26 ਤੇ 34 ਥਾਣਾ ਤੇ ਮੋਹਾਲੀ ਵਿਚ ਦਰਜ ਕੁਲ 8 ਚੋਰੀ ਦੇ ਮਾਮਲੇ ਸੁਲਝਾ ਲਏ।
ਸਕੇਲ ਤੇ ਕਟਰ ਦੀ ਮਦਦ ਨਾਲ ਦਿੰਦਾ ਸੀ ਵਾਰਦਾਤ ਨੂੰ ਅੰਜਾਮ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ਵਿਚ ਆਉਂਦਾ ਸੀ। ਕਾਰ ਦੀ ਅਗਲੀ ਨੰਬਰ ਪਲੇਟ ਨੂੰ ਉਹ ਟੇਪ ਨਾਲ ਢਕ ਲੈਂਦਾ ਸੀ ਤਾਂ ਕਿ ਕੋਈ ਨੰਬਰ ਨਾ ਨੋਟ ਕਰ ਸਕੇ। ਇਸ ਤੋਂ ਬਾਅਦ ਉਹ ਸਕੇਲ ਦੀ ਮਦਦ ਨਾਲ ਕਾਰ ਦੇ ਦਰਵਾਜ਼ੇ ਦਾ ਲਾਕ ਖੋਲ੍ਹ ਕੇ ਮਿਊਜ਼ਿਕ ਸਿਸਟਮ ਦੀਆਂ ਤਾਰਾਂ ਕਟਰ ਨਾਲ ਕੱਟ ਕੇ ਉਸ ਨੂੰ ਚੋਰੀ ਕਰ ਲੈਂਦਾ ਸੀ । ਕਾਰ ਦੀ ਡਿੱਗੀ ਵਿਚ ਲੱਗੇ ਵੂਫਰ ਨੂੰ ਚੋਰੀ ਕਰਨ ਲਈ ਉਹ ਸਕੇਲ ਦੀ ਮਦਦ ਨਾਲ ਕਾਰ ਦੇ ਪਿਛਲੇ ਸ਼ੀਸ਼ੇ ਵਿਚ ਲੱਗੀ ਪੂਰੀ ਰਬੜ ਨੂੰ ਕੱਢ ਕੇ ਸ਼ੀਸ਼ਾ ਹੀ ਕੱਢ ਲੈਂਦਾ ਸੀ ।
2 ਜੁਲਾਈ ਨੂੰ 'ਆਪ' ਆਗੂ ਮੁੱਖ ਮੰਤਰੀ ਦੇ ਨਿਵਾਸ ਵੱਲ ਕਰਨਗੇ ਰੋਸ ਮਾਰਚ
NEXT STORY