ਨਾਭਾ (ਜੈਨ) : ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀਆਂ ਪਾਸੋਂ 5 ਮੋਬਾਇਲ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਹੈ। ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੀ ਇਸ ਜੇਲ੍ਹ ਦੀ ਚੱਕੀ ਨੰਬਰ-15 'ਚ ਬੰਦ ਖ਼ਤਰਨਾਕ ਹਵਾਲਾਤੀ ਪੁਨੀਤ ਕੁਮਾਰ ਪੁੱਤਰ ਅੰਮ੍ਰਿਤ ਲਾਲ ਵਾਸੀ ਮੁਬਾਰਕ ਕਾਲੋਨੀ ਸੰਗਰੂਰ ਦੇ ਸਿਰਹਾਣੇ ’ਚੋਂ ਟੱਚ ਸਕਰੀਨ ਦਾ ਇਕ ਮੋਬਾਇਲ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਵਾਲਾਤੀ ਰਜਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭਵਾਨੀਗੜ੍ਹ ਪਾਸੋਂ ਵੀ ਵੀਵੋ ਕੰਪਨੀ ਦਾ ਟੱਚ ਸਕਰੀਨ ਮੋਬਾਇਲ ਸਮੇਤ ਜੀ. ਓ. ਕੰਪਨੀ ਦਾ ਸਿਮ ਕਾਰਡ ਅਤੇ ਹਵਾਲਾਤੀ ਭਗਵਾਨ ਸਿੰਘ ਪੁੱਤਰ ਜਸਬੀਰ ਸਿੰਘ ਦੇ ਬਿਸਤਰ ’ਚੋਂ ਟੱਚ ਸਕਰੀਨ ਦਾ ਵੀਵੋ ਕੰਪਨੀ ਦਾ ਮੋਬਾਇਲ ਸਮੇਤ ਏਅਰਟੈੱਲ ਦਾ ਸਿੰਮ ਬਰਾਮਦ ਕੀਤਾ ਗਿਆ।
ਸਹਾਇਕ ਜੇਲ੍ਹ ਸੁਪਰੀਡੈਂਟ ਪ੍ਰਭਜੋਤ ਸਿੰਘ ਅਨੁਸਾਰ ਚੱਕੀ ਨੰਬਰ-5 ’ਚੋਂ ਇਕ ਲਾਵਾਰਿਸ ਮੋਬਾਇਲ ਮਾਰਕਾ ਓਪੋ ਅਤੇ ਸੈੱਲ ਬਲਾਕ ਨੰਬਰ 2 ਅਤੇ 1 ਦੀ ਛੱਤ ਤੋਂ ਵੀਵੋ ਕੰਪਨੀ ਦਾ ਮੋਬਾਇਲ ਸਮੇਤ ਜੀ. ਓ. ਕੰਪਨੀ ਦਾ ਸਿਮ ਬਰਾਮਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੇਲ੍ਹ ਦੀਆਂ ਚੱਕੀਆਂ ’ਚ ਖ਼ਤਰਨਾਕ ਗੈਂਗਸਟਰ ਹੀ ਬੰਦ ਕੀਤੇ ਜਾਂਦੇ ਹਨ, ਜਿਨ੍ਹਾਂ ਲਾਗੇ ਪੱਤਾ ਵੀ ਨਹੀਂ ਹਿੱਲ ਸਕਦਾ ਪਰ ਵਾਰ-ਵਾਰ ਮੋਬਾਇਲ ਬਰਾਮਦ ਹੋਣ ਨਾਲ ਪ੍ਰਸ਼ਾਸਨ ਸੁਰਖੀਆਂ ’ਚ ਹੈ ਕਿ 3 ਵਾਰ ਚੈਕਿੰਗ ਤੋਂ ਬਾਅਦ ਮੋਬਾਇਲ ਕੀ ਆਸਮਾਨ ਤੋਂ ਡਿੱਗ ਰਹੇ ਹਨ। ਡੀ. ਐੱਸ. ਪੀ. ਰਾਜੇਸ਼ ਛਿੱਬੜ ਅਨੁਸਾਰ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਮੋਬਾਇਲ ਕਿਸ ਨੇ ਸਪਲਾਈ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਇਕ ਸਹਾਇਕ ਥਾਣੇਦਾਰ ਨੂੰ ਸਕਿਓਰਿਟੀ ਜੇਲ੍ਹ ’ਚੋਂ ਪੁਲਸ ਨੇ ਮੋਬਾਇਲ ਸਪਲਾਈ ਕਰਨ ਦੇ ਦੋਸ਼ ’ਚ ਕੁੱਝ ਸਮਾਂ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ, ਜੋ 10-10 ਹਜ਼ਾਰ ਰੁਪਏ ਲੈ ਕੇ ਮੋਬਾਇਲ ਸਪਲਾਈ ਕਰਦਾ ਸੀ। ਸਟਾਫ਼ ਦੀ ਮਿਲੀਭੁਗਤ ਕਾਰਨ ਹੀ ਜੇਲ੍ਹ ’ਚ ਮੋਬਾਇਲ ਸਪਲਾਈ ਹੁੰਦੇ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਕਾਂਗਰਸ ਦਾ ਸਰਵੇ ਚੱਲ ਰਿਹਾ, ਕਿਸਨੂੰ ਦੇਣੀ ਹੈ ਟਿਕਟ ਇਸਦਾ ਫ਼ੈਸਲਾ ਹਾਈਕਮਾਨ ਦੇ ਹੱਥ : ਵੜਿੰਗ
NEXT STORY