ਲੁਧਿਆਣਾ (ਗੌਤਮ) : ਜਲਦੀ ਅਮੀਰ ਬਣਨ ਦੇ ਚੱਕਰ 'ਚ ਨੈਸ਼ਨਲ ਪੱਧਰ 'ਤੇ ਫੁੱਟਬਾਲ ਖੇਡਣ ਵਾਲੇ ਖਿਡਾਰੀ ਨੇ ਆਪਣੇ 2 ਰਿਸ਼ਤੇਦਾਰਾਂ ਨਾਲ ਮਿਲ ਕੇ ਹੈਰੋਇਨ ਦੀ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੂੰ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਹੇ ਸਨ। ਪੁਲਸ ਨੇ ਮੁਲਜ਼ਮਾਂ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ਮੁੱਲਾਂਪੁਰ ਦਾ ਰਹਿਣ ਵਾਲਾ ਖਿਡਾਰੀ ਸ਼ਿੰਦਰ, ਉਸ ਦੇ ਮਾਮੇ ਦਾ ਬੇਟਾ, ਅਹਿਮਦਗੜ੍ਹ ਦਾ ਰਹਿਣ ਵਾਲਾ ਪਵਨ ਦਾ ਸਾਲਾ ਸੰਨੀ ਸ਼ਾਮਿਲ ਹੈ। ਪੁਲਸ ਨੇ ਮੁਲਜ਼ਮਾਂ ਤੋਂ ਸਵਿਫਟ ਕਾਰ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਹੈ।
ਏ. ਸੀ. ਪੀ. ਅਨਿਲ ਕੋਹਲੀ ਨੇ ਦੱਸਿਆ ਕਿ ਥਾਣਾ ਸਲੇਮ ਟਾਬਰੀ ਦੇ ਇੰਸਪੈਕਟਰ ਕੰਵਲਜੀਤ ਸਿੰਘ ਅਤੇ ਸਬ-ਇੰਸਪੈਕਟਰ ਮਨਜਿੰਦਰ ਕੌਰ ਨੇ ਜਲੰਧਰ ਬਾਈਪਾਸ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ 3 ਮੁਲਜ਼ਮ ਪੀਰੂ ਬੰਦਰਾ ਵੱਲੋਂ ਨਸ਼ਾ ਸਪਲਾਈ ਕਰਨ ਲਈ ਜਾ ਰਹੇ ਹਨ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂਆਤੀ ਪੁਛਗਿੱਛ ਦੌਰਾਨ ਮੁਲਜ਼ਮ ਸ਼ਿੰਦਰ ਨੇ ਦੱਸਿਆ ਕਿ ਉਹ ਇੰਜੀਨੀਰਿੰਗ ਕਾਲਜ 'ਚ ਇਲੈਕਟ੍ਰਾਨਿਕ 'ਚ ਡਿਪਲੋਮਾ ਕਰ ਰਿਹਾ ਹੈ ਅਤੇ ਨੈਸ਼ਨਲ ਪੱਧਰ 'ਤੇ ਫੁੱਟਬਾਲ ਦਾ ਖਿਡਾਰੀ ਹੈ ਅਤੇ ਕਈ ਟੂਰਨਾਮੈਂਟ ਖੇਡ ਚੁੱਕਾ ਹੈ, ਜਦੋਂਕਿ ਸੰਨੀ ਦਸਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪਵਨ ਖੇਤੀਬਾੜੀ ਦਾ ਕੰਮ ਕਰਦਾ ਹੈ।
ਮੁਲਜ਼ਮਾਂ ਨੇ ਦੱਸਿਆ ਕਿ ਉਹ ਖੁਦ ਨਸ਼ਾ ਨਹੀਂ ਕਰਦੇ, ਬਲਕਿ ਨਸ਼ਾ ਕਰਨ ਵਾਲਿਆਂ ਨੂੰ ਹੋਲਸੇਲ 'ਚ ਹੈਰੋਇਨ ਲਿਆ ਕੇ ਪ੍ਰਚੂਨ 'ਚ ਸਪਲਾਈ ਕਰਦੇ ਹਨ। ਉਹ ਲੁਧਿਆਣਾ ਦੇ ਅੰਦਰੂਨੀ ਇਲਾਕਿਆਂ ਤੋਂ ਇਲਾਵਾ ਬਾਹਰੀ ਸਥਾਨਾਂ 'ਤੇ ਹੈਰੋਇਨ ਸਪਲਾਈ ਕਰਦੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ 'ਚ ਹਨ ਅਤੇ ਬਾਰਡਰ ਇਲਾਕੇ ਤੋਂ ਲੈ ਕੇ ਸਪਲਾਈ ਕਰਦੇ ਹਨ। ਮੁਲਜ਼ਮਾਂ ਤੋਂ ਉਨ੍ਹਾਂ ਦੇ ਸਾਥੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ ਕਿ ਦੋਸ਼ੀ ਕਿਨ੍ਹਾਂ-ਕਿਨ੍ਹਾਂ ਇਲਾਕਿਆਂ 'ਚ ਨਸ਼ਾ ਸਪਲਾਈ ਕਰਦੇ ਹਨ ਅਤੇ ਕਿੱਥੋਂ ਨਸ਼ਾ ਲੈ ਕੇ ਆਉਂਦੇ ਹਨ। ਮੁਲਜ਼ਮਾਂ ਤੋਂ ਬਰਾਮਦ ਕੀਤੇ ਮੋਬਾਇਲ ਫੋਨਾਂ ਦੀ ਡਿਟੇਲ ਖੰਗਾਲੀ ਜਾ ਰਹੀ ਹੈ ਅਤੇ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਕਾਰ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।
ਬੈਂਸ ਦੀ ਅਪੀਲ, ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਸਰਕਾਰ
NEXT STORY