ਤਰਨਤਾਰਨ, (ਰਮਨ ਚਾਵਲਾ, ਰਾਜੂ)- ਕਿਰਗਿਸਤਾਨ ਦੇ ਬਿਸ਼ਕੇਕ 'ਚ ਚੱਲ ਰਹੀ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਜ਼ਿਲਾ ਤਰਨਤਾਰਨ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਕੌਰ ਨੇ ਜਿਥੇ ਗੋਲਡ ਮੈਡਲ ਜਿੱਤ ਕੇ ਪੂਰੇ ਵਿਸ਼ਵ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਗੋਲਡ ਮੈਡਲ ਜਿੱਤਣ ਵਾਲੀ ਨਵਜੋਤ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਜਿੱਤ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਛਾ ਗਿਆ।
27 ਸਾਲਾ ਨਵਜੋਤ ਕੌਰ ਦੀ ਵੱਡੀ ਭੈਣ ਨਵਜੀਤ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਵਜੋਤ ਕੌਰ ਬਚਪਨ ਤੋਂ ਹੀ ਸਕੂਲ ਪੱਧਰ ਦੀਆਂ ਜੂਨੀਅਰ ਖੇਡਾਂ 'ਚੋਂ ਮੈਡਲ ਜਿੱਤਦੀ ਹੋਈ ਅੱਜ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ ਵਿਚ ਕਾਮਯਾਬ ਹੋਈ ਹੈ। ਨਵਜੀਤ ਕੌਰ ਨੇ ਦੱਸਿਆ ਕਿ ਨਵਜੋਤ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ 'ਚੋਂ ਕਰ ਕੇ 12ਵੀਂ ਕਲਾਸ ਤਰਨਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿਖੇ ਆਰਟਸ ਵਿਸ਼ੇ ਨਾਲ ਕੀਤੀ। ਬਾਅਦ 'ਚ ਗ੍ਰੈਜੂਏਸ਼ਨ ਦੀ ਡਿਗਰੀ ਆਪਣੀ ਰੋਜ਼ਾਨਾ ਦੀ ਪ੍ਰੈਕਟਿਸ ਦੇ ਨਾਲ-ਨਾਲ ਪੂਰੀ ਕੀਤੀ। ਖੇਤੀਬਾੜੀ ਨਾਲ ਸਬੰਧ ਰੱਖਣ ਵਾਲੇ ਮਿਹਨਤੀ ਕਿਸਾਨ ਸੁਖਚੈਨ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁਖੋਂ ਜਨਮ ਲੈਣ ਵਾਲੀ ਨਵਜੋਤ ਕੌਰ ਦੇ ਤਿੰਨ ਭੈਣ-ਭਰਾ ਹਨ, ਜਿਨ੍ਹਾਂ 'ਚ ਵੱਡੀ ਭੈਣ ਨਵਜੀਤ ਕੌਰ ਜੋ ਕਿ ਸ਼ਾਦੀਸ਼ੁਦਾ ਹੈ ਤੇ ਛੋਟਾ ਭਰਾ ਯੁਵਰਾਜ ਸਿੰਘ ਜੋ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਸੰਭਾਲਦਾ ਹੈ।
ਨਵਜੀਤ ਕੌਰ ਨੇ ਦੱਸਿਆ ਕਿ ਉਸਦੀ ਭੈਣ ਨਵਜੋਤ ਕੌਰ ਆਸਟਰੇਲੀਆ ਵਿਚ ਹੋਈ ਚੈਂਪੀਅਨਸ਼ਿਪ 'ਚ ਸੋਨ, ਭਾਰਤ 'ਚ ਹੋਈ ਚੈਂਪੀਅਨਸ਼ਿਪ 'ਚ ਚਾਂਦੀ ਤੇ ਕਾਮਨਵੈਲਥ ਗੇਮਾਂ 'ਚੋਂ ਕਾਂਸੀ ਤਮਗਾ ਜਿੱਤ ਚੁੱਕੀ ਹੈ। ਕਾਂਸੀ ਤਮਗਾ ਜਿੱਤਣ ਤੋਂ ਬਾਅਦ ਨਵਜੋਤ ਕੌਰ ਨੂੰ ਰੇਲਵੇ ਵਿਭਾਗ ਵੱਲੋਂ ਸੀਨੀਅਰ ਕਲਰਕ ਦੀ ਨੌਕਰੀ ਅੰਮ੍ਰਿਤਸਰ ਵਿਖੇ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਕਿਰਗਿਸਤਾਨ ਦੇ ਬਿਸ਼ਕੇਕ 'ਚ ਹੋਈ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਜਾਪਾਨ ਦੀ ਮੀਯੂ ਇਮਾਈ ਨੂੰ 9-1 ਨਾਲ ਕਰਾਰੀ ਹਾਰ ਦਿੱਤੀ ਹੈ, ਜਿਸ ਨਾਲ ਉਸ ਨੇ ਪੂਰੇ ਵਿਸ਼ਵ 'ਚ ਭਾਰਤ ਦਾ ਨਾਂ ਚਮਕਾਇਆ ਹੈ। ਇਸ ਸਬੰਧੀ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਨੇ ਖੁਸ਼ੀ ਜਾਹਿਰ ਕਰਦੇ ਹੋਏ ਪੂਰੇ ਪਰਿਵਾਰ ਸਮੇਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਬੇਟੀ ਨੇ ਸੋਨ ਤਮਗਾ ਜਿੱਤ ਕੇ ਭਾਰਤ ਦੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਚਾਰ ਚੰਨ ਲਾ ਦਿੱਤੇ ਹਨ। ਉਸ ਨੂੰ ਆਪਣੀ ਬੇਟੀ 'ਤੇ ਬਹੁਤ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵਜੋਤ ਕੌਰ ਐਤਵਾਰ ਨੂੰ ਦਿੱਲੀ ਏਅਰਪੋਰਟ 'ਤੇ ਪਹੁੰਚ ਰਹੀ, ਜਿਥੇ ਉਸਦਾ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਜਿਨ੍ਹਾਂ 'ਚ ਸੁਖਵੰਤ ਸਿੰਘ ਸਿੱਧੂ, ਤਰਲੋਚਨ ਸਿੰਘ, ਗੁਰਮੁਖ ਸਿੰਘ, ਪ੍ਰਗਟ ਸਿੰਘ, ਪੁਸ਼ਪਿੰਦਰ ਸਿੰਘ, ਦਿਲਾਵਰ ਸਿੰਘ, ਦਲੇਰ ਸਿੰਘ, ਮਹਿੰਦਰ ਸਿੰਘ, ਜਗਮੋਹਨ ਸਿੰਘ, ਮਨਬੀਰ ਸਿੰਘ, ਰਜਵੰਤ ਕੌਰ, ਵੀਰਾ ਸ਼ਰਮਾ, ਰਜਵੰਤ ਸਿੰਘ ਤੇ ਗੋਪੀ ਆਦਿ ਨੇ ਖੁਸ਼ੀ ਦੇ ਇਸ ਪਲ ਨੂੰ ਮਠਿਆਈਆਂ ਵੰਡ ਅਤੇ ਢੋਲ ਦੀ ਤਾਲ 'ਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY