ਪਟਿਆਲਾ(ਰਾਜੇਸ਼ ਪੰਜੌਲਾ)- ਐਤਵਾਰ ਨੂੰ ਪੰਜਾਬ ਦੇ ਨਵੇਂ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਦੇ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਟਵੀਟ ਕਰ ਕੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਦੀਮਾਗ ਸਮਝੇ ਜਾਂਦੇ ਅਤੇ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਲਾਲ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚੇ। ਉਹ ਲੰਮਾ ਸਮਾਂ ਲਾਲ ਸਿੰਘ ਦੇ ਨਿਵਾਸ ’ਤੇ ਰਹੇ। ਇਸ ਦੌਰਾਨ ਸ. ਲਾਲ ਸਿੰਘ ਦੇ ਸਪੁੱਤਰ ਅਤੇ ਸਮਾਣਾ ਤੋਂ ਵਿਧਾਇਕ ਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਦੀ ਪੰਜਾਬ ਦੇ ਮੁੱਦਿਆਂ ’ਤੇ ਲੰਬੀ ਚਰਚਾ ਹੋਈ। ਲਾਲ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਐਡਵੋਕੇਟ ਭਗਵੰਤ ਸਿੰਘ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ- ਛੱਪੜ ’ਚ ਨਹਾਉਣ ਗਏ 2 ਸਕੇ ਭਰਾਵਾਂ ਸਣੇ ਤਿੰਨ ਬੱਚੇ ਡੁੱਬੇ, ਮੌਤ
ਇਸ ਦੌਰਾਨ ਲਾਲ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਉਨ੍ਹਾਂ ਨੂੰ ਦਿਖਾਈਆਂ, ਜਿਨ੍ਹਾਂ ਨੂੰ ਦੇਖ ਕੇ ਸਿੱਧੂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਆਪਣੇ ਫੋਨ ਤੋਂ ਇਨ੍ਹਾਂ ਪੁਰਾਣੀਆਂ ਯਾਦਾਂ ਦੀਆਂ ਫੋਟੋਆਂ ਖਿੱਚੀਆਂ। ਦੋਨਾਂ ਨੇ ਲੰਬਾ ਸਮਾਂ ਕਾਂਗਰਸ ’ਚ ਇਕੱਠੇ ਕੰਮ ਕੀਤਾ ਅਤੇ ਐਮਰਜੈਂਸੀ ਦੌਰਾਨ ਦੋਨਾਂ ਨੇ ਇਕੱਠੇ ਹੀ ਜੇਲ ਕੱਟੀ। ਸੂਤਰਾਂ ਅਨੁਸਾਰ ਇਸ ਲੰਮੀ ਮੀਟਿੰਗ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਲਾਲ ਸਿੰਘ ਤੋਂ ਕਾਂਗਰਸ ਬਾਰੇ ਕਾਫੀ ਜਾਣਕਾਰੀ ਹਾਸਲ ਕੀਤੀ। ਲਾਲ ਸਿੰਘ ਪੰਜਾਬ ਕਾਂਗਰਸ ਦੀ ਰਾਜਨੀਤੀ ਵਿਚ ਸਭ ਤੋਂ ਸੀਨੀਅਰ ਆਗੂ ਹਨ। ਉਹ ਪੰਜਾਬ ਕਾਂਗਰਸ ਦੇ ਇਕਮਾਤਰ ਅਜਿਹੇ ਲੀਡਰ ਹਨ, ਜਿਨ੍ਹਾਂ ਨੇ 8 ਚੋਣਾਂ ਇੱਕੋ ਹਲਕੇ ਤੋਂ ਲਗਾਤਾਰ ਲਡ਼ੀਆਂ। 6 ਵਾਰ ਉਹ ਚੋਣ ਜਿੱਤੇ ਅਤੇ ਪੰਜਾਬ ਦੀ ਹਰ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ। ਲਗਭਗ 15 ਵਿਭਾਗਾਂ ਦੇ ਉਹ ਕੈਬਨਿਟ ਮੰਤਰੀ ਰਹੇ। ਕਾਂਗਰਸ ਵਿਚ ਬੂਥ ਲੈਵਲ ਵਰਕਰ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੱਕ ਦੇ ਉਚ ਅਹੁਦਿਆਂ ’ਤੇ ਉਹ ਰਹੇ।
ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅਕਸਰ ਲਾਲ ਸਿੰਘ ਤੋਂ ਰਾਜਨੀਤਕ ਸਲਾਹ ਲੈਂਦੇ ਰਹਿੰਦੇ ਹਨ। ਇਸ ਮਾਹੌਲ ’ਚ ਦੋਨੋਂ ਲੀਡਰਾਂ ਦੀ ਮਿਲਣੀ ਕਾਫੀ ਅਹਿਮ ਹੈ। ਲਾਲ ਸਿੰਘ ਕੋਲ ਲੰਬਾ ਤਜ਼ਰਬਾ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਜੋਸ਼ੀਲੇ ਸੂਬਾ ਪ੍ਰਧਾਨ ਹਨ, ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਆਉਣ ਵਾਲੇ ਸਮੇਂ ’ਚ ਸਿੱਧੂ ਦੀ ਲੀਡਰਸ਼ਿਪ ਦਾ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਇਹੀ ਕਾਰਨ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਵੀ ਸਿੱਧੂ ਦਾ ਅਜੇ ਤੱਕ ਹਾਈਕਮਾਂਡ ਨੇ ਅਸਤੀਫਾ ਸਵਿਕਾਰ ਨਹੀਂ ਕੀਤਾ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਲਾਲ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਪੰਜਾਬ ਦੇ ਇਸ ਮਸਲੇ ਦਾ ਹੱਲ ਕਰਨ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਲੱਗ ਕੇ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਕੱਲ DC ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ
ਲਾਲ ਸਿੰਘ ਦਾ ਕਾਂਗਰਸ ’ਚ 50 ਸਾਲ ਦਾ ਇਤਿਹਾਸ ਦੱਸਦਾ ਹੈ ਕਿ ਹਾਈਕਮਾਂਡ ਨੇ ਜਿਸ ਨੂੰ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਉਹ ਉਸ ਦੇ ਨਾਲ ਖਡ਼੍ਹ ਗਏ। ਲਾਲ ਸਿੰਘ ਲਈ ਪੰਜਾਬ ਅਤੇ ਪਾਰਟੀ ਦੇ ਹਿੱਤ ਹਮੇਸ਼ਾ ਸਭ ਤੋਂ ਉੱਪਰ ਹੁੰਦੇ ਹਨ। ਪਾਰਟੀ ਲਈ ਉਨ੍ਹਾਂ ਹਮੇਸ਼ਾ ਕੁਰਬਾਨੀਆਂ ਦਿੱਤੀਆਂ। ਲਾਲ ਸਿੰਘ ਦੀ ਇੱਛਾ ਹੈ ਕਿ 2022 ਵਿਚ ਫਿਰ ਤੋਂ ਕਾਂਗਰਸ ਦੀ ਸਰਕਾਰ ਰਿਪੀਟ ਹੋਵੇ। ਇਸ ਲਈ ਇਹ ਜ਼ਰੂਰੀ ਹੈ ਕਿ ਸੂਬਾ ਕਾਂਗਰਸ ਅਤੇ ਪੰਜਾਬ ਸਰਕਾਰ ’ਚ ਤਾਲਮੇਲ ਵਧੀਆ ਹੋਣਾ ਚਾਹੀਦਾ ਹੈ। ਲਾਲ ਸਿੰਘ ਇਹ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਅ ਸਕਦੇ ਹਨ, ਜਿਸ ਕਰ ਕੇ ਹੀ ਹਾਈਕਮਾਂਡ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।
ਛੱਪੜ ’ਚ ਨਹਾਉਣ ਗਏ 2 ਸਕੇ ਭਰਾਵਾਂ ਸਣੇ ਤਿੰਨ ਬੱਚੇ ਡੁੱਬੇ, ਮੌਤ
NEXT STORY