ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇੱਕ ਤਾਜ਼ਾ ਪੋਸਟ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੱਜ ਕੇ ਤਾਰੀਫ਼ਾਂ ਕੀਤੀਆਂ ਹਨ।
ਦਰਅਸਲ, ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਚ ਮਾਈਨਿੰਗ ਅਤੇ ਜੰਗਲਾਤ ਹੇਠ ਘਟ ਰਹੀ ਜ਼ਮੀਨ ਦੇ ਮੁੱਦੇ 'ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਵੀ ਸ਼ਲਾਘਾ ਕੀਤੀ ਹੈ। ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਸੀ। ਇਨ੍ਹਾਂ ਤਾਰੀਫ਼ਾਂ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਜੋੜਾ ਭਾਜਪਾ ਵਿਚ ਵਾਪਸੀ ਦੀ ਤਿਆਰੀ ਕਰ ਰਿਹਾ ਹੋ ਸਕਦਾ ਹੈ।
ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਸਸਪੈਂਡ ਚੱਲ ਰਹੇ ਹਨ ਅਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੂੰ ਵੀ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ। ਹਾਲ ਹੀ ਵਿਚ ਉਨ੍ਹਾਂ ਨੇ 'ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ' ਵਾਲੇ ਬਿਆਨ ਤੋਂ ਸਿਆਸਤ ਕਾਫ਼ੀ ਭਖ ਗਈ ਸੀ ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਿਚਾਲੇ ਹੁਣ ਨਵਜੋਤ ਕੌਰ ਸਿੱਧੂ ਦਾ ਭਾਜਪਾ ਆਗੂਆਂ ਪ੍ਰਤੀ ਝੁਕਾਅ ਨਵੇਂ ਸੰਕੇਤ ਦੇ ਰਿਹਾ ਹੈ।
ਪੰਜਾਬ ਦੇ 100 ਪਿੰਡਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ! 30 ਸਾਲਾਂ ਬਾਅਦ ਹੋਣ ਜਾ ਰਿਹਾ ਇਹ ਕੰਮ
NEXT STORY