ਸੰਗਰੂਰ (ਕੋਹਲੀ, ਵੈੱਬ ਡੈਸਕ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਚਰਚਾ 'ਤੇ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸਿੱਧੂ ਕਾਂਗਰਸੀ ਹਨ ਅਤੇ ਕਾਂਗਰਸ ਦਾ ਹੀ ਹਿੱਸਾ ਰਹਿਣਗੇ। ਬੀਬੀ ਭੱਠਲ ਨੇ ਕਿਹਾ ਕਿ ਚਰਚਾ ਅਤੇ ਅਸਲੀਅਤ ਵਿਚ ਬਹੁਤ ਫਰਕ ਹੁੰਦਾ ਹੈ। ਭੱਠਲ ਨੇ ਕਿਹਾ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਪੱਕੇ ਕਾਂਗਰਸੀ ਹਨ ਅਤੇ ਕਾਂਗਰਸ ਪਾਰਟੀ ਦਾ ਹੀ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸੋਚਾਂ ਦੇ ਵਖਰੇਵੇਂ ਕਿਤੇ ਵੀ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਕਿਹੜੇ ਲੀਡਰ ਨੂੰ ਕਿੱਥੇ ਲਗਾਉਣਾ ਹੈ, ਇਸ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ।

ਦਿੱਲੀ ਹਿੰਸਾ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਬੀਬੀ ਭੱਠਲ ਨੇ ਆਖਿਆ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਧਰਮਾਂ 'ਚ ਪਾੜਾ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਦਿੱਲੀ ਸੜ ਰਹੀ ਸੀ, ਉਸ ਸਮੇਂ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਘੁੰਮ ਰਹੇ ਸਨ। ਦਿੱਲੀ ਹਿੰਸਾ ਲਈ ਪੂਰੀ ਤਰ੍ਹਾਂ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰੀ ਸਿਰਫ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਨਹੀਂ ਸਗੋਂ ਪੂਰੀ ਮੋਦੀ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਗੜ੍ਹ ਵਿਚ ਅਜਿਹੀ ਘਟਨਾ ਵਾਪਰਨੀ ਸ਼ਰਮਨਾਕ ਹੈ।

2022 ਵਿਚ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਬਣਾਉਣ ਦੇ ਦਾਅਵੇ 'ਤੇ ਬੀਬੀ ਭੱਠਲ ਨੇ ਕਿਹਾ ਕਿ 'ਆਪ' ਵਲੋਂ ਪਹਿਲਾਂ ਵੀ ਪੰਜਾਬ 'ਚ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ। ਜਦਕਿ ਹੁਣ ਤਾਂ ਪੰਜਾਬ ਵਿਚ 'ਆਪ' ਦੇ ਕਈ ਧੜੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ 10-10 ਧੜੇ ਬਣ ਚੁੱਕੇ ਹਨ ਸਿਰਫ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਹੜੀ ਇੱਕ ਪ੍ਰਧਾਨ ਅਤੇ ਇੱਕੋ ਝੰਡੇ ਹੇਠ ਖੜੀ ਹੈ।
ਜਾਣੋ ਨਵਜੋਤ ਸਿੱਧੂ ਦੇ 'ਆਪ' 'ਚ ਜਾਣ ਬਾਰੇ ਕੀ ਬੋਲੇ ਸੁਖਪਾਲ ਖਹਿਰਾ
ਬੋਲੇ ਬੱਬੂ ਮਾਨ, 'ਜਿਹੜੀ ਪਾਰਟੀ ਕਿਸਾਨਾਂ ਦੇ ਹੱਕ 'ਚ ਮੈਂ ਉਹਦੇ ਨਾਲ'
NEXT STORY