ਜਲੰਧਰ/ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖਤਰੇ ਦੇ ਡਰ ਦੇ ਨਾਲ ਹੀ ਪੰਜਾਬ ਦੀ ਸਿਆਸਤ ਭਖ ਗਈ ਹੈ। ਡਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪਿਛਲੀ ਸਰਕਾਰ ਵੇਲੇ ਜਿਸ ਤਰ੍ਹਾਂ ਸੰਤ ਢੱਡਰੀਆਂ ਵਾਲਿਆਂ ਨਾਲ ਸ਼ਰਾਰਤੀ ਅਨਸਰਾਂ ਨੇ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਕਿਤੇ ਉਸੇ ਤਰ੍ਹਾਂ ਸਿੱਧੂ ਨੂੰ ਵੀ ਨਿਸ਼ਾਨੇ 'ਤੇ ਨਾ ਲੈ ਲਿਆ ਜਾਏ। ਸਿੱਧੂ ਦੀ ਸੁਰੱਖਿਆ ਨੂੰ ਅਪਗ੍ਰੇਡ ਕਰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਾਈ (y) ਸੁਰੱਖਿਆ ਨੂੰ ਵਧਾ ਕੇ ਜ਼ੈੱਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਬੁਲੇਟ ਪਰੂਫ ਲੈਂਡ ਕਰੂਜ਼ਰ ਵੀ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿੱਧੂ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਕਵਰ ਦੇਣ ਦੀ ਵੀ ਮੰਗ ਕੀਤੀ ਹੈ। ਹੁਣ ਸਿੱਧੂ ਦੇ ਸਕਿਓਰਿਟੀ ਗਾਰਡਾਂ ਦੀ ਗਿਣਤੀ 12 ਤੋਂ 24 ਕਰ ਦਿੱਤੀ ਗਈ ਹੈ ਅਤੇ ਨਾਲ ਹੀ ਸਿੱਧੂ ਦੇ ਘਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ 3 ਸੂਬਿਆਂ 'ਚ ਕਾਂਗਰਸ ਦੀ ਵੱਡੀ ਜਿੱਤ ਪਿੱਛੋਂ ਪਾਰਟੀ 'ਚ ਹੀਰੋ ਬਣ ਕੇ ਉੱਭਰੇ ਸਿੱਧੂ ਦੀ ਵਧ ਰਹੀ ਲੋਕਪ੍ਰਿਯਤਾ ਪਾਰਟੀ ਦੇ ਅੰਦਰ ਹੀ ਕਈਆਂ ਨੂੰ ਹਜ਼ਮ ਨਹੀਂ ਹੋ ਰਹੀ। ਰਾਹੁਲ ਨਾਲ ਦਿੱਲੀ 'ਚ ਅੱਧੇ ਘੰਟੇ ਦੀ ਮੁਲਾਕਾਤ ਪਿੱਛੋਂ ਵੀ ਸਿੱਧੂ ਦੀ ਸੁਰੱਖਿਆ 'ਤੇ ਸਵਾਲ ਉਠਿਆ ਹੈ। ਨਾਲ ਹੀ ਇਹ ਵੀ ਸਵਾਲ ਉਠਦਾ ਹੈ ਕਿ ਸਿੱਧੂ ਦੀ ਜਾਨ ਨੂੰ ਖਤਰੇ 'ਚ ਦੱਸ ਕੇ ਕਿਤੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ 'ਚੋਂ ਬਾਹਰ ਭੇਜਣ ਦੀ ਤਿਆਰੀ ਤਾਂ ਨਹੀਂ ਹੋ ਰਹੀ? ਪਾਰਟੀ ਅੰਦਰ ਇਕ ਤਬਕਾ ਸਿੱਧੂ ਦੀ ਵਧ ਰਹੀ ਲੋਕਪ੍ਰਿਯਤਾ ਕਾਰਨ ਖੁਦ ਨੂੰ ਅਸਹਿਜ ਮਹਿਸੂਸ ਕਰ ਰਿਹਾ ਹੈ, ਇਸ ਲਈ ਅਜਿਹੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਪਾਰਟੀ ਦੇ ਅੰਦਰੋਂ ਵੀ ਸਿੱਧੂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੀ ਵਧਦੀ ਲੋਕਪ੍ਰਿਯਤਾ ਕਾਰਨ ਸਿੱਧੂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਰਹੇ ਹਨ।
ਜਲੰਧਰ: 'ਹੋਟਲ ਕੰਟਰੀਇਨ' 'ਚ ਸਿਹਤ ਵਿਭਾਗ ਦਾ ਛਾਪਾ
NEXT STORY