ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਮੋਦੀ ਸਰਕਾਰ ਅਤੇ ਅਕਾਲੀ ਦਲ 'ਤੇ ਖੂਬ ਤੰਜ ਕੱਸੇ। ਇਸ ਮੌਕੇ ਮੀਡੀਆ ਅੱਗੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ-ਵੱਡੇ ਇੰਡਸਟਰੀਅਲਾਂ ਨੂੰ ਹੀ ਫਾਇਦਾ ਪਹੁੰਚਾਇਆ ਹੈ, ਜਦੋਂ ਕਿ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਸਿੱਧੂ ਨੇ ਅਕਾਲੀ ਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਬਾਦਲਾਂ ਨੇ 100 ਕਰੋੜ ਰੁਪਏ ਆਪਣੇ ਨਿਜੀ ਖਰਚਿਆਂ ਲਈ ਹੀ ਉਡਾ ਦਿੱਤੇ ਹਨ, ਜਦੋਂ ਕਿ ਪੰਜਾਬ ਦੀ ਗਰੀਬ ਜਨਤਾ ਬਾਰੇ ਕੁਝ ਨਹੀਂ ਸੋਚਿਆ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਸਰਕਾਰੀ ਖਜ਼ਾਨੇ ਨੂੰ ਘਾਟੇ ਤੇ ਘਾਟਾ ਪੈ ਰਿਹਾ ਹੈ, ਜਦੋਂ ਕਿ ਪ੍ਰਾਈਵੇਟ ਕੰਪਨੀਆਂ ਲਗਾਤਾਰ ਲਾਭ ਕਮਾ ਰਹੀਆਂ ਹਨ ਅਤੇ ਇਹ ਸਭ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨ ਹੋ ਰਿਹਾ ਹੈ। ਉਨ੍ਹਾਂ ਬਾਦਲਾਂ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਸਿਰਫ ਆਪਣੇ ਹਵਾਈ ਦੌਰਿਆਂ 'ਤੇ ਹੀ ਇਕ ਅਰਬ, 30 ਕਰੋੜ ਰੁਪਏ ਖਰਚ ਦਿੱਤੇ ਹਨ, ਜਦੋਂ ਕਿ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਸਿੱਧੂ ਨੇ ਮੋਦੀ 'ਤੇ ਤੰਜ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਨੇ 278 ਟਨ ਸੋਨਾ ਗਹਿਣੇ ਰੱਖਿਆ ਹੋਇਆ ਹੈ ਅਤੇ ਸਿਰਫ ਅਮੀਰ ਪੂੰਜੀਪਤੀਆਂ ਦੇ ਕਰਜ਼ੇ ਹੀ ਮੁਆਫ ਕੀਤੇ ਗਏ ਹਨ।
ਸੋਨਾ ਸਮੱਗਲਰਾਂ ਦਾ ਨਵਾਂ ਪੈਂਤੜਾ, ਗੁੱਟ ਵਾਲੀ ਘੜੀ 'ਚੋਂ ਸੋਨਾ ਬਰਾਮਦ
NEXT STORY